ਅੰਮ੍ਰਿਤਸਰ (ਮਹਿੰਦਰ) : ਗੁਆਂਢ 'ਚ ਰਹਿਣ ਵਾਲੀ 15 ਸਾਲਾ ਸਕੂਲੀ ਵਿਦਿਆਰਥਣ ਨਾਲ ਗੈਂਗਰੇਪ ਕੀਤੇ ਜਾਣ ਦੇ ਇਕ ਮਾਮਲੇ 'ਚ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਐੱਸ. ਧਾਲੀਵਾਲ ਦੀ ਅਦਾਲਤ ਨੇ ਇਕ ਮੁਲਜ਼ਮ ਨੂੰ 2 ਵੱਖ-ਵੱਖ ਜੁਰਮਾਂ 'ਚ 7 ਤੋਂ 20 ਸਾਲ ਤੱਕ ਦੀ ਕੈਦ ਅਤੇ ਕੁਲ 30 ਹਜ਼ਾਰ ਰੁਪਏ ਜੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ, ਜਦਕਿ ਇਸ ਮਾਮਲੇ 'ਚ ਜਗਜੀਤ ਸਿੰਘ ਨਾਂ ਦੇ ਦੂਜੇ ਮੁਲਜ਼ਮ ਦੀ ਮੌਤ ਹੋ ਚੁੱਕੀ ਸੀ।
ਥਾਣਾ ਸੁਲਤਾਨਵਿੰਡ ਦੇ ਭਾਈ ਮੰਝ ਸਾਹਿਬ ਰੋਡ ਖੇਤਰ ਨਿਵਾਸੀ ਇਕ ਔਰਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ 15 ਸਾਲਾ ਲੜਕੀ, ਜੋ ਕਿ 9ਵੀਂ ਕਲਾਸ 'ਚ ਪੜ੍ਹਦੀ ਹੈ, 29-8-2017 ਨੂੰ ਘਰੋਂ ਸਕੂਲ ਗਈ ਪਰ ਵਾਪਸ ਨਹੀਂ ਆਈ। ਉਸ ਦੀ ਤਲਾਸ਼ ਦੌਰਾਨ ਪਤਾ ਲੱਗਾ ਕਿ ਅਜਨਾਲਾ ਦੇ ਪਿੰਡ ਭਿੰਡੀ ਸੈਦਾਂ ਵਾਸੀ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੁਖਦੇਵ ਸਿੰਘ ਉਰਫ ਜਗਦੇਵ ਸਿੰਘ ਜੋ ਕਿ ਇਸ ਸਮੇਂ ਉਨ੍ਹਾਂ ਦੇ ਗੁਆਂਢ 'ਚ ਹੀ ਰਹਿ ਰਿਹਾ ਹੈ, ਉਸ ਦੀ ਧੀ ਨੂੰ ਵਰਗਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਹੈ। ਪੁਲਸ ਨੇ ਮੁਲਜ਼ਮ ਖਿਲਾਫ 31-8-2017 ਨੂੰ ਭਾਦੰਸ ਦੀ ਧਾਰਾ 363, 366 ਤਹਿਤ ਮੁਕੱਦਮਾ ਨੰਬਰ 179/2017 ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਮੁਲਜ਼ਮ ਨੂੰ 13-11-2017 ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਪੀੜਤ ਲੜਕੀ ਨੂੰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਜਾਂਚ ਦੌਰਾਨ ਗੈਂਗਰੇਪ ਦਾ ਮਾਮਲਾ ਆਇਆ ਸੀ ਸਾਹਮਣੇ
ਪੀੜਤ ਨਾਬਾਲਗਾ ਦੇ ਮੈਡੀਕਲ 'ਚ ਉਸ ਨਾਲ ਯੌਨ ਸ਼ੋਸ਼ਣ ਦੀ ਪੁਸ਼ਟੀ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ 'ਚ ਇਹ ਮਾਮਲਾ ਗੈਂਗਰੇਪ ਦੇ ਤੌਰ 'ਤੇ ਸਾਹਮਣੇ ਆਇਆ ਸੀ। ਪੁਲਸ ਨੇ ਦਰਜ ਮਾਮਲੇ ਵਿਚ ਧਾਰਾ 376 ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਹਰਾਸਮੈਂਟ ਐਕਟ 2012 ਦੀ ਧਾਰਾ 4 ਤਹਿਤ ਵੀ ਜੁਰਮ ਸ਼ਾਮਿਲ ਕੀਤਾ ਸੀ। ਇਸ ਮਾਮਲੇ 'ਚ ਪੁਲਸ ਨੇ ਭਾਈ ਮੰਝ ਸਾਹਿਬ ਰੋਡ ਵਾਸੀ ਜਗਜੀਤ ਸਿੰਘ ਉਰਫ ਸੰਦੀਪ ਸਿੰਘ ਪੁੱਤਰ ਧਰਮ ਸਿੰਘ ਨੂੰ ਵੀ ਨਾਮਜ਼ਦ ਕੀਤਾ ਸੀ ਪਰ ਸੁਣਵਾਈ ਦੌਰਾਨ ਉਸ ਦੀ ਮੌਤ ਹੋ ਗਈ ਸੀ।
2 ਵੱਖ-ਵੱਖ ਜੁਰਮਾਂ 'ਚ ਹੋਈ ਸਜ਼ਾ
ਇਸ ਮਾਮਲੇ 'ਚ ਅਦਾਲਤ ਨੇ ਲਵਪ੍ਰੀਤ ਸਿੰਘ ਉਰਫ ਲਵ ਨੂੰ ਧਾਰਾ 366 ਵਿਚ 7 ਸਾਲ ਦੀ ਕੈਦ, 10 ਹਜ਼ਾਰ ਰੁਪਏ ਜੁਰਮਾਨਾ ਅਤੇ 376-ਡੀ (ਗੈਂਗਰੇਪ) ਵਿਚ 20 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ। ਕੋਈ ਵੀ ਜੁਰਮਾਨਾ ਰਾਸ਼ੀ ਅਦਾ ਨਾ ਕਰਨ 'ਤੇ ਉਸ ਨੂੰ ਕ੍ਰਮਵਾਰ 6 ਮਹੀਨੇ ਅਤੇ 1 ਸਾਲ ਦੀ ਵਾਧੂ ਕੈਦ ਵੀ ਹੋਵੇਗੀ।
ਜੁਰਮਾਨਾ ਰਾਸ਼ੀ 'ਚੋਂ 25 ਹਜ਼ਾਰ ਦਾ ਮੁਆਵਜ਼ਾ ਪੀੜਤਾ ਨੂੰ ਦੇਣ ਦੇ ਆਦੇਸ਼
ਅਦਾਲਤ ਨੇ ਸਜ਼ਾ ਪ੍ਰਾਪਤ ਮੁਲਜ਼ਮ ਨੂੰ ਜੋ ਕੁਲ 30 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ, ਉਸ ਵਿਚੋਂ 25,000 ਰੁਪਏ ਦੀ ਰਾਸ਼ੀ ਪੀੜਤ ਲੜਕੀ ਨੂੰ ਮੁਆਵਜ਼ੇ ਦੇ ਤੌਰ 'ਤੇ ਵੀ ਦੇਣ ਦੇ ਆਦੇਸ਼ ਦਿੱਤੇ ਹਨ।
ਅਕਾਲੀ ਦਲ ਸਾਰੇ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਦੇ ਹੱਕ 'ਚ : ਸੁਖਬੀਰ
NEXT STORY