ਅੰਮ੍ਰਿਤਸਰ (ਨੀਰਜ) : ਜਲਿਆਂਵਾਲਾ ਬਾਗ 'ਚ ਨਿਹੱਥੇ ਅਣਗਿਣਤ ਦੇਸ਼ਵਾਸੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਜਨਰਲ ਡਾਇਰ ਦੀ ਕਾਇਰਾਨਾ ਹਰਕਤ ਦੀ ਪੂਰੇ ਸੰਸਾਰ 'ਚ ਆਲੋਚਨਾ ਹੋਈ ਤੇ ਆਪਣੀ ਭੁੱਲ ਸੁਧਾਰਨ ਕਰਨ ਲਈ ਤਤਕਾਲੀਨ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਲਾਸ਼ਾਂ ਦੇ ਵਾਰਿਸਾਂ ਨੂੰ 50 ਰੁਪਏ ਤੋਂ ਲੈ ਕੇ 1.20 ਲੱਖ ਰੁਪਏ ਤੱਕ ਦਾ ਮੁਆਵਜ਼ਾ ਵੀ ਦਿੱਤਾ ਗਿਆ ਸੀ। ਜੋ ਅੱਜ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰੀ ਰਿਕਾਰਡ 'ਚ ਮੌਜੂਦ ਹੈ, ਹਾਲਾਂਕਿ ਉਸ ਸਮੇਂ ਦਹਿਸ਼ਤ ਦਾ ਦੂਜਾ ਨਾਂ ਡੀ. ਸੀ ਦਫਤਰ ਹੀ ਸੀ ਅਤੇ ਅਪਰਾਧਿਕ ਸਜ਼ਾਵਾਂ ਦੇਣ ਦਾ ਕੰਮ ਕਿਲਾ ਗੋਬਿੰਦਗੜ੍ਹ 'ਚ ਕੀਤਾ ਜਾਂਦਾ ਸੀ। ਤਤਕਾਲੀਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮਾਇਲਸ ਇਰਵਿੰਗ (24 ਫਰਵਰੀ ਤੋਂ 5 ਅਗਸਤ 1919 ਤੱਕ) ਨੂੰ ਜਨਰਲ ਡਾਇਰ ਦੀ ਯੋਜਨਾ ਤੇ ਉਸ ਵੱਲੋਂ ਕੀਤੇ ਗਏ ਹੱਤਿਆਕਾਂਡ ਦਾ ਵੀ ਪੂਰਾ ਗਿਆਨ ਸੀ।
ਕਿਲਾ ਗੋਬਿੰਦਗੜ੍ਹ ਤੋਂ ਨਿਕਲੀ ਸੀ ਜਨਰਲ ਡਾਇਰ ਦੀ ਫੌਜ
ਮਹਾਰਾਜਾ ਰਣਜੀਤ ਸਿੰਘ ਨੂੰ ਹਰਾਉਣ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਜਦੋਂ ਪੰਜਾਬ 'ਤੇ ਕਬਜ਼ਾ ਕਰ ਲਿਆ ਤਾਂ ਉਸ ਤੋਂ ਬਾਅਦ ਕਿਲਾ ਗੋਬਿੰਦਗੜ੍ਹ 'ਚ ਬ੍ਰਿਟਿਸ਼ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ। ਜਿਸ ਸਮੇਂ ਜਲਿਆਂਵਾਲਾ ਬਾਗ ਕਾਂਡ ਹੋਇਆ ਉਸ ਸਮੇਂ ਜਨਰਲ ਡਾਇਰ ਕੋਲ ਗੋਰਖਾ ਰੈਜੀਮੈਂਟ ਸੀ, ਜਿਸ ਨੂੰ ਆਦੇਸ਼ ਮਿਲਦੇ ਹੀ ਕਿਲਾ ਗੋਬਿੰਦਗੜ੍ਹ ਤੋਂ ਜਲਿਆਂਵਾਲਾ ਬਾਗ ਵੱਲ ਕੂਚ ਕਰਵਾ ਦਿੱਤਾ ਗਿਆ। ਇਨ੍ਹਾਂ ਬ੍ਰਿਟਿਸ਼ ਸੈਨਿਕਾਂ ਨੇ 1650 ਦੇ ਲਗਭਗ ਗੋਲੀਆਂ ਚਲਾਈਆਂ ਤੇ ਤਦ ਤੱਕ ਚਲਾਉਂਦੇ ਰਹੇ ਜਦੋਂ ਤੱਕ ਗੋਲੀਆਂ ਖਤਮ ਨਹੀਂ ਹੋ ਗਈਆਂ। ਸੰਤਾਪ ਮਚਾਉਣ ਲਈ ਜਨਰਲ ਡਾਇਰ ਆਪਣੇ ਨਾਲ 2 ਤੋਪਾਂ ਵੀ ਲੈ ਕੇ ਆਇਆ ਸੀ ਪਰ ਜਲਿਆਂਵਾਲਾ ਬਾਗ ਦੀਆਂ ਤੰਗ ਗਲੀਆਂ ਕਾਰਨ ਤੋਪਾਂ ਉਥੋਂ ਤੱਕ ਨਹੀਂ ਪਹੁੰਚ ਸਕੀਆਂ। ਅੱਜ ਇਹੀ ਕਿਲਾ ਗੋਬਿੰਦਗੜ੍ਹ ਸੈਰ ਥਾਂ ਬਣ ਚੁੱਕਾ ਹੈ, ਜਿਸ ਨੂੰ ਪੰਜਾਬ ਸਰਕਾਰ ਦੇ ਟੂਰਿਜ਼ਮ ਵਿਭਾਗ ਵੱਲੋਂ ਪ੍ਰਮੋਟ ਕੀਤਾ ਜਾ ਰਿਹਾ ਹੈ।
ਡੀ. ਸੀ. ਦਫਤਰ ਤੋਂ ਜਾਰੀ ਕੀਤੇ ਜਾਂਦੇ ਸਨ ਖਤਰਨਾਕ ਆਦੇਸ਼
ਅੰਗਰੇਜ਼ਾਂ ਦੇ ਰਾਜ 'ਚ ਡਿਪਟੀ ਕਮਿਸ਼ਨਰ ਦਫਤਰ ਤੋਂ ਹੀ ਖਤਰਨਾਕ ਆਦੇਸ਼ ਜਾਰੀ ਕੀਤੇ ਜਾਂਦੇ ਸਨ। ਮੌਜੂਦਾ ਸਮੇਂ 'ਚ ਅੰਗਰੇਜ਼ਾਂ ਦੇ ਜ਼ਮਾਨੇ ਦੇ ਡਿਪਟੀ ਕਮਿਸ਼ਨਰ ਦਫਤਰ ਦੀ ਕਾਇਆਕਲਪ ਕੀਤੀ ਜਾ ਰਹੀ ਹੈ ਕਿਉਂਕਿ 7 ਸਾਲ ਪਹਿਲਾਂ ਡਿਪਟੀ ਕਮਿਸ਼ਨਰ ਰਵੀ ਭਗਤ ਦੇ ਕਾਰਜਕਾਲ ਦੌਰਾਨ ਡੀ. ਸੀ. ਦਫਤਰ ਦੀ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿਚ ਸਾਰੀ ਇਮਾਰਤ ਸੜ ਗਈ ਸੀ, ਅੱਜ ਅੰਗਰੇਜ਼ਾਂ ਦੇ ਜ਼ਮਾਨੇ ਦੇ ਡੀ. ਸੀ. ਦਫਤਰ ਨੂੰ ਵਿਰਾਸਤੀ ਇਮਾਰਤ ਦੇ ਰੂਪ 'ਚ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਡੀ. ਸੀ. ਦੀ ਅਦਾਲਤ ਜੋ ਅੱਗਜ਼ਨੀ ਦੀ ਲਪੇਟ ਵਿਚ ਆ ਕੇ ਸੜ ਗਈ ਸੀ, ਨੂੰ ਦੇਖ ਕੇ ਕੋਈ ਭਰੋਸਾ ਹੀ ਨਹੀਂ ਕਰ ਸਕਦਾ ਕਿ ਕਦੇ ਇਸ ਅਦਾਲਤ 'ਚੋਂ ਵੱਡੇ-ਵੱਡੇ ਆਦੇਸ਼ ਜਾਰੀ ਕੀਤੇ ਜਾਂਦੇ ਸਨ, ਜਿਨ੍ਹਾਂ ਦੀ ਨਾ ਤਾਂ ਕੋਈ ਅਪੀਲ ਹੁੰਦੀ ਸੀ ਤੇ ਨਾ ਹੀ ਕੋਈ ਦਲੀਲ ਸੁਣੀ ਜਾਂਦੀ ਸੀ। ਹਿਰਦੇ ਪ੍ਰਾਜੈਕਟ ਤਹਿਤ ਡੀ. ਸੀ. ਦਫਤਰ ਦੀ ਇਮਾਰਤ ਨੂੰ ਫਿਰ ਤੋਂ ਪੁਨਰਜੀਵਤ ਕੀਤਾ ਜਾ ਰਿਹਾ ਹੈ। ਡੀ. ਸੀ. ਦੇ ਬੈਠਣ ਲਈ ਫਿਲਹਾਲ ਜ਼ਿਲਾ ਪ੍ਰੀਸ਼ਦ ਦਫਤਰ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮਿੰਨੀ ਸਕੱਤਰੇਤ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ, ਜਿਸ ਵਿਚ ਡੀ. ਸੀ. ਦਫਤਰ ਤੋਂ ਇਲਾਵਾ ਹੋਰ ਸਰਕਾਰੀ ਵਿਭਾਗਾਂ ਦੇ ਵੀ ਦਫਤਰ ਬਣਾਏ ਜਾ ਰਹੇ ਹਨ।
ਜਲਿਆਂਵਾਲਾ ਬਾਗ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
NEXT STORY