ਅੰਮ੍ਰਿਤਸਰ (ਜ. ਬ.) : ਜੌੜਾ ਫਾਟਕ ਰੇਲ ਹਾਦਸੇ ਦੀ ਤਰੀਕ ਚਾਹੇ 19 ਅਕਤੂਬਰ ਰਹੀ ਹੋਵੇ ਪਰ ਇਸ ਵਾਰ 11 ਦਿਨ ਪਹਿਲਾਂ ਆਏ ਦੁਸਹਿਰੇ ਨੇ ਜੌੜਾ ਫਾਟਕ ਦੇ ਕਈ ਘਰਾਂ ਨੂੰ ਸੋਗ 'ਚ ਡੁਬੋ ਦਿੱਤਾ ਹੈ। ਹਰ ਘਰ 'ਚ ਪਿਛਲੇ ਦੁਸਹਿਰੇ ਦਾ ਸੋਗ ਦਿਸ ਰਿਹਾ ਹੈ। ਹਾਦਸੇ 'ਚ 60 ਤੋਂ ਵੱਧ ਮੌਤਾਂ 'ਤੇ ਸਿਆਸਤ ਅੱਜ ਵੀ ਹੋ ਰਹੀ ਹੈ, ਉਦੋਂ ਵੀ ਹੋਈ ਸੀ। ਕਈ ਪੀੜਤ ਪਰਿਵਾਰ ਅਜਿਹੇ ਹਨ, ਜੋ ਉਜੜ ਕੇ ਪਿੰਡ ਜਾ ਚੁੱਕੇ ਹਨ। ਕਈ ਕਹਾਣੀਆਂ ਨੇ ਜਨਮ ਲੈ ਲਿਆ ਹੈ। ਕਈ ਖੁਸ਼ਹਾਲ ਪਰਿਵਾਰ ਅੱਜ ਦਰ-ਦਰ ਠੋਕਰਾਂ ਖਾ ਰਹੇ ਹਨ। ਕਿਸੇ ਦਾ ਪੁੱਤ ਚਲਾ ਗਿਆ ਤਾਂ ਕਿਸੇ ਦਾ ਸੁਹਾਗ, ਕਿਸੇ ਦੇ ਰੱਖੜੀ ਵਾਲੇ ਹੱਥ ਨਹੀਂ ਰਹੇ ਤਾਂ ਕਿਸੇ ਘਰ ਦਾ ਚਿਰਾਗ ਬੁਝ ਗਿਆ।
'ਜਗ ਬਾਣੀ' ਨੇ 2018 ਨੂੰ ਰਾਵਣ ਸਾੜਨ 'ਤੇ ਜਿਨ੍ਹਾਂ ਘਰਾਂ 'ਚ ਸੋਗ ਛਾਇਆ ਸੀ, ਦੀ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ। ਕਈ ਚੀਜ਼ਾਂ ਅਜਿਹੀਆਂ ਸਨ, ਜੋ ਸ਼ਾਇਦ ਹੁਣ ਤੱਕ ਸਾਹਮਣੇ ਹੀ ਨਹੀਂ ਆਈਆਂ ਸਨ। ਕੁਝ ਪਰਿਵਾਰ ਮੌਤ ਤੋਂ ਬਾਅਦ ਮਿਲੀ ਮੁਆਵਜ਼ੇ ਦੀ ਰਕਮ ਨੂੰ ਲੈ ਕੇ ਆਪਸ 'ਚ ਭਿੜ ਗਏ। ਉਥੇ ਹੀ ਕਈ ਮਾਮਲਿਆਂ 'ਚ ਆਪਣਿਆਂ ਨੇ ਹੀ ਪੈਸਿਆਂ ਖਾਤਿਰ ਆਪਣਿਆਂ ਨਾਲ ਧੋਖਾ ਕੀਤਾ। ਅਜਿਹੇ 'ਚ ਹਾਦਸੇ ਦੇ 1 ਸਾਲ ਬਾਅਦ ਹਕੀਕਤ ਕੁਝ ਹੋਰ ਹੀ ਹੈ। ਗੱਲ ਕਰਦੇ ਹਾਂ ਕਿ ਰਾਵਣ ਸਾੜਨ ਦੇ ਦਿਨ ਹੋਈ ਘਟਨਾ ਤੋਂ ਬਾਅਦ ਕਿਵੇਂ ਲੋਕਾਂ ਦੇ ਘਰ ਉਜੜ ਗਏ। ਸਭ ਕੁਝ ਬਰਬਾਦ ਹੋ ਗਿਆ। ਸਿਰਫ 5 ਲੱਖ ਦੀ ਰਕਮ ਦੇ ਕੇ ਸਰਕਾਰ ਨੇ ਲੋਕਾਂ ਦੇ ਮੂੰਹ ਬੰਦ ਕਰਵਾ ਦਿੱਤੇ ਅਤੇ ਹੌਲੀ-ਹੌਲੀ ਦਿਨ ਬੀਤਦੇ ਗਏ ਤੇ ਮਾਮਲਾ ਠੰਡੇ ਬਸਤੇ ਵਿਚ ਚਲਾ ਗਿਆ।
ਰਾਵਣ ਦਾ ਰੋਲ ਨਿਭਾਉਣ ਵਾਲਾ ਦਲਬੀਰ ਸਿੰਘ ਵੀ ਰੇਲ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਦੀ ਪਤਨੀ ਨਵਪ੍ਰੀਤ ਕੌਰ ਹੁਣ ਸੱਸ ਨਾਲ ਨਹੀਂ ਰਹਿੰਦੀ, ਪਿਤਾ ਦੇ ਘਰ ਚਲੀ ਗਈ ਹੈ। 5 ਲੱਖ ਦੀ ਰਕਮ 'ਚੋਂ ਕੁਝ ਪੈਸੇ ਦਲਬੀਰ ਦੀ ਮਾਂ ਨੂੰ ਤੇ ਬਾਕੀ ਉਸ ਦੀ ਪਤਨੀ ਨੂੰ ਮਿਲੇ ਸਨ। ਇਸੇ ਤਰ੍ਹਾਂ ਬੌਬੀ ਪਾਂਡੇ ਦਾ ਪਰਿਵਾਰ ਵੀ ਸਦਮੇ ਤੋਂ ਉਭਰ ਨਹੀਂ ਸਕਿਆ। ਕਹਿੰਦੇ ਹਨ ਕਿ ਬੌਬੀ ਦੀਆਂ ਯਾਦਾਂ ਉਨ੍ਹਾਂ ਨੂੰ ਚੈਨ ਨਾਲ ਸੌਣ ਨਹੀਂ ਦਿੰਦੀਆਂ। ਬੇਟੇ ਦੇ ਨਾਲ ਹੀ ਘਰ ਦੀ ਰੌਣਕ ਖਤਮ ਹੋ ਗਈ ਹੈ।ਰੇਲ ਹਾਦਸੇ ਦਾ ਸ਼ਿਕਾਰ ਹੋਏ ਵਾਸੂ ਦੀ ਮਾਂ ਅੱਜ ਵੀ ਬੇਟੇ ਦੀ ਫੋਟੋ ਦੇਖ ਕੇ ਰੋਂਦੀ ਹੈ, ਕਹਿੰਦੀ ਹੈ ਕਿ ਪਤਾ ਨਹੀਂ ਕਿਸ ਜੁਰਮ ਦਾ ਬਦਲਾ ਲਿਆ ਕਿ ਮੇਰੇ ਅੱਖਾਂ ਦੇ ਸਾਹਮਣੇ ਰਾਵਣ ਸਾੜਨ ਦੇਖਣ ਗਿਆ ਵਿਸ਼ਨੂੰ ਵਾਪਸ ਨਹੀਂ ਆਇਆ।
ਇਲਾਕੇ ਦੇ ਲੋਕ ਅੱਜ ਕੱਢਣਗੇ ਕੈਂਡਲ ਮਾਰਚ
ਇਲਾਕੇ ਦੇ ਲੋਕ 7 ਅਕਤੂਬਰ ਨੂੰ ਕੈਂਡਲ ਮਾਰਚ ਕੱਢਣਗੇ। ਪਤਾ ਲੱਗਾ ਹੈ ਕਿ ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਹੁੰਚ ਰਹੇ ਹਨ। ਅਕਾਲੀ ਅਤੇ ਭਾਜਪਾ ਆਗੂ ਮਿਲ ਕੇ ਕੈਂਡਲ ਮਾਰਚ ਕੱਢ ਕੇ ਰੇਲ ਹਾਦਸਾ ਪੀੜਤਾਂ ਨੂੰ ਜਿਥੇ ਨਮਨ ਕਰਨਗੇ, ਉਥੇ ਹੀ ਸਰਕਾਰ ਵੱਲੋਂ ਕੀਤੇ ਗਏ ਐਲਾਨ ਨੂੰ ਪੂਰਾ ਨਾ ਹੋਣ 'ਤੇ ਕਾਂਗਰਸ ਖਿਲਾਫ ਮੋਰਚਾ ਖੋਲ੍ਹਣਗੇ। ਨਿਸ਼ਾਨੇ 'ਤੇ 'ਸਿੱਧੂ ਐਂਡ ਕੰਪਨੀ' ਹੋਵੇਗੀ।
ਮੰਗਲਵਾਰ ਸਵੇਰੇ ਟਰੇਨਾਂ ਰੋਕਣ ਦੀ ਤਿਆਰੀ
ਜੌੜਾ ਫਾਟਕ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਕੁਝ ਸਿਆਸੀ ਚਿਹਰਿਆਂ ਨੇ ਟਰੇਨ ਰੋਕਣ ਲਈ ਮੰਗਲਵਾਰ ਸਵੇਰੇ ਜੌੜਾ ਫਾਟਕ ਰੇਲ ਪਟੜੀ 'ਤੇ ਬੈਠਣ ਦੀ ਪਲਾਨਿੰਗ ਕੀਤੀ ਹੈ। ਕਰੀਬ 300 ਤੋਂ 400 ਲੋਕਾਂ ਦਾ ਸਮੂਹ ਟਰੇਨਾਂ ਰੋਕਣ ਲਈ ਰੇਲਵੇ ਟ੍ਰੈਕ 'ਤੇ ਉੱਤਰਨ ਦੀ ਤਿਆਰੀ 'ਚ ਹੈ। ਉੱਧਰ, ਹਾਦਸਾ ਪੀੜਤ ਪਰਿਵਾਰਾਂ ਵੱਲੋਂ ਰੇਲਵੇ ਦੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਰੇਲ ਆਵਾਜਾਈ 'ਚ ਅੜਚਨ ਪੈਦਾ ਨਾ ਹੋਵੇ, ਦੇ ਲਈ ਫਿਰੋਜ਼ਪੁਰ ਰੇਲ ਡਵੀਜ਼ਨ ਤੋਂ ਲੈ ਕੇ ਬੜੌਦਾ ਹਾਊਸ (ਰੇਲਵੇ ਦਫਤਰ) ਤੱਕ ਤਿਆਰੀਆਂ ਕੱਸ ਲਈਆਂ ਗਈਆਂ ਹਨ।
ਬਰਨਾਲਾ: ਲੜਕੀ ਨੇ ਭਗਵਾਨ ਸ਼ਿਵ ਨਾਲ ਰਚਾਇਆ ਵਿਆਹ, ਬਣਿਆ ਚਰਚਾ ਦਾ ਵਿਸ਼ਾ (ਵੀਡੀਓ)
NEXT STORY