ਅੰਮ੍ਰਿਤਸਰ (ਸੰਜੀਵ, ਸੁਮਿਤ) : ਸੀ. ਆਈ. ਏ. ਸਟਾਫ ਨੇ ਅੱਜ ਇਕ ਆਪ੍ਰੇਸ਼ਨ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਕਿੰਗਪਿਨ ਰਾਹੁਲ ਉਰਫ ਮੁਰਗੀ ਵਾਸੀ ਇੰਦਰਾ ਕਾਲੋਨੀ ਨੂੰ ਉਸ ਦੇ 6 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ 'ਚ ਲਵਪ੍ਰੀਤ ਸਿੰਘ ਕਲਕੱਤਾ ਵਾਸੀ ਆਨੰਦ ਵਿਹਾਰ, ਗੋਬਿੰਦ ਸਿੰਘ ਬੁੱਧਾ ਵਾਸੀ 88 ਫੁੱਟ ਰੋਡ, ਸਾਜਨ ਉਰਫ ਰਵੀ ਔਲਖ ਵਾਸੀ ਇੰਦਰਾ ਕਾਲੋਨੀ, ਈਸ਼ੂ ਵਾਸੀ ਮੁਸਤਫਾਬਾਦ, ਹਰਮਨ ਉਰਫ ਡੌਲੀ ਵਾਸੀ ਬਟਾਲਾ ਰੋਡ ਅਤੇ ਜਗਪ੍ਰੀਤ ਸਿੰਘ ਕਿਸ਼ਨ ਵਾਸੀ ਇੰਦਰਾ ਕਾਲੋਨੀ 88 ਫੁੱਟ ਰੋਡ ਸ਼ਾਮਿਲ ਹਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਲੁੱਟੇ ਗਏ 20 ਮੋਬਾਇਲ, 3 ਮੋਟਰਸਾਈਕਲ ਅਤੇ 550 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।
ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਇਹ ਖੁਲਾਸਾ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਕਤ ਗਿਰੋਹ ਪੂਰੀ ਸਰਗਰਮੀ ਨਾਲ ਜਨਤਕ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਔਰਤਾਂ ਦੇ ਨਾਲ-ਨਾਲ ਹੋਰ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਿਹਾ ਸੀ। ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਅੱਜ ਉਕਤ ਗਿਰੋਹ ਲੁੱਟ ਦਾ ਮਾਲ ਵੇਚਣ ਜਾ ਰਿਹਾ ਹੈ, ਜਿਸ 'ਤੇ ਭਾਰੀ ਪੁਲਸ ਫੋਰਸ ਨਾਲ 88 ਫੁੱਟ ਰੋਡ 'ਤੇ ਘੇਰਾਬੰਦੀ ਕਰ ਕੇ ਗਿਰੋਹ ਦੇ ਸਰਗਣੇ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਆਰੰਭ ਕੀਤੀ ਜਾਂਚ 'ਚ ਹੋਏ ਖੁਲਾਸੇ
ਜਾਂਚ 'ਚ ਇਹ ਖੁਲਾਸਾ ਹੋਇਆ ਹੈ ਕਿ ਉਕਤ ਗਿਰੋਹ 3 ਦਰਜਨ ਦੇ ਕਰੀਬ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਜ਼ਿਆਦਾਤਰ ਵਾਰਦਾਤਾਂ ਨੂੰ ਗਿਰੋਹ ਦਾ ਸਰਗਣਾ ਰਾਹੁਲ ਉਰਫ ਮੁਰਗੀ ਆਪਣੀ ਦੇਖ-ਰੇਖ 'ਚ ਅੰਜਾਮ ਦਿੰਦਾ ਸੀ। ਥਾਣਾ ਸਦਰ ਤੋਂ ਇਲਾਵਾ ਗਿਰੋਹ ਦੇ ਮੈਂਬਰਾਂ 'ਤੇ ਕਈ ਹੋਰ ਵੀ ਮਾਮਲੇ ਦਰਜ ਹਨ, ਜਿਨ੍ਹਾਂ 'ਤੇ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁੱਛਗਿੱਛ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਰੇ ਮੈਂਬਰ ਰੇਲਵੇ ਸਟੇਸ਼ਨ, ਬੱਸ ਸਟੈਂਡ, ਬਟਾਲਾ ਰੋਡ, ਹਾਲ ਬਾਜ਼ਾਰ, ਸ੍ਰੀ ਹਰਿਮੰਦਰ ਸਾਹਿਬ ਤੇ ਮਹਿਤਾ ਰੋਡ ਤੋਂ ਇਲਾਵਾ ਸ਼ਹਿਰ ਦੇ ਕੁਝ ਹੋਰ ਵੀ ਖੇਤਰ ਹਨ, ਜਿਥੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਸਾਈਬਰ ਕ੍ਰਾਈਮ ਸੈੱਲ ਕੱਢ ਰਿਹਾ ਸੁਰਾਗ
ਗਿਰੋਹ ਦੇ ਕਬਜ਼ੇ 'ਚੋਂ ਬਰਾਮਦ 20 ਮੋਬਾਇਲਾਂ ਨਾਲ ਸਾਈਬਰ ਕ੍ਰਾਈਮ ਸੈੱਲ ਮਾਲਕਾਂ ਦਾ ਸੁਰਾਗ ਕੱਢ ਰਿਹਾ ਹੈ। ਇਨ੍ਹਾਂ 'ਚੋਂ 14 ਲੋਕਾਂ ਨਾਲ ਪੁਲਸ ਵਲੋਂ ਸੰਪਰਕ ਕਰ ਲਿਆ ਗਿਆ ਹੈ, ਜਿਨ੍ਹਾਂ ਦੇ ਬਿਆਨਾਂ 'ਤੇ ਮੁਲਜ਼ਮਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਹੁਤ ਛੇਤੀ ਬਰਾਮਦ ਕੀਤੇ ਗਏ ਲੁੱਟ ਦੇ ਹੋਰ ਸਾਮਾਨ ਦੇ ਮਾਲਕਾਂ ਨਾਲ ਵੀ ਸੰਪਰਕ ਕਰ ਕੇ ਉਨ੍ਹਾਂ ਨੂੰ ਜਾਂਚ ਲਈ ਸੀ. ਆਈ. ਏ. ਸਟਾਫ ਬੁਲਾਇਆ ਜਾਵੇਗਾ।
ਪਸ਼ੂ ਮਰਨ ਦੀ ਘਟਨਾ 'ਤੇ ਬਾਜਵਾ ਦੁਖੀ, ਪਸ਼ੂ ਪਾਲਕਾਂ ਨੂੰ ਦਿੱਤੀ ਸਲਾਹ
NEXT STORY