ਅੰਮ੍ਰਿਤਸਰ (ਸੰਜੀਵ, ਸੂਰੀ, ਟੋਡਰਮੱਲ): ਸ੍ਰੀ ਰਾਮ ਤੀਰਥ ਸਥਿਤ ਡੇਰਾ ਗਿਆਨ ਨਾਥ 'ਚ ਦੋ ਔਰਤਾਂ ਨਾਲ ਜਬਰ-ਜ਼ਨਾਹ ਕਰਨ ਅਤੇ ਉਨ੍ਹਾ ਨੂੰ ਬੰਧਕ ਬਣਾ ਕੇ ਰੱਖਣ ਦੇ ਮਾਮਲੇ 'ਚ ਅੱਜ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਡੇਰੇ ਦੇ ਤਿੰਨ ਪੁਜਾਰੀਆਂ ਅਤੇ ਇਕ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਹੈ, ਜਿਸ 'ਚ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਡਿਊਟੀ ਮੈਜਿਸਟ੍ਰੇਟ ਜਗਸੀਰ ਸਿੰਘ ਅਤੇ ਐੱਸ. ਸੀ. ਕਮਿਸ਼ਨ ਦੇ ਮੈਂਬਰ ਨਾਲ ਡੇਰੇ 'ਤੇ ਜਾ ਕੇ ਜਿੱਥੇ ਪੀੜਤ ਔਰਤਾਂ ਨੂੰ ਰੈਸਕਿਊ ਕੀਤਾ, ਉਥੇ ਹੀ ਜਬਰ-ਜ਼ਨਾਹ 'ਚ ਨਾਮਜਦ ਕੀਤੇ ਗਏ ਨਛੱਤਰ ਨਾਥ ਅਤੇ ਸੂਰਜ ਨਾਥ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਫਿਲਹਾਲ ਪੁਲਸ ਨੇ ਪੀੜਤ ਔਰਤਾਂ ਦੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਫਰਾਰ ਚੱਲ ਰਹੇ ਹੋਰ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਔਰਤਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਚਾਰਾਂ ਮੁਲਜ਼ਮਾਂ ਵਿਰੁੱਧ ਥਾਣਾ ਲੋਪੋਕੇ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ 2 ਔਰਤਾਂ ਐਤਵਾਰ ਨੂੰ ਮੱਥਾ ਟੇਕਣ ਲਈ ਰਾਮ ਤੀਰਥ ਆਈਆਂ ਸੀ, ਜਿਸ ਤੋਂ ਬਾਅਦ ਉਹ ਡੇਰਾ ਗਿਆਨ ਨਾਥ 'ਚ ਮੱਥਾ ਟੇਕਣ ਲਈ ਗਈਆਂ, ਜਿੱਥੇ ਨਛੱਤਰ ਨਾਥ, ਵਰਿੰਦਰ ਨਾਥ ਅਤੇ ਗਿਰਧਾਰੀ ਨਾਥ ਇੰਨ੍ਹਾਂ ਦੋਵਾਂ ਔਰਤਾਂ ਨੂੰ ਆਪਣੇ ਕਮਰੇ 'ਚ ਲੈ ਗਏ, ਜਿੱਥੇ ਮੁਲਜ਼ਮਾਂ ਨੇ ਇੰਨ੍ਹਾਂ ਦੋਵਾਂ ਔਰਤਾਂ ਦੇ ਨਾਲ ਜਬਰ-ਜ਼ਨਾਹ ਕੀਤਾ, ਜਿਸ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਉੱਥੇ ਹੀ ਬੰਧਕ ਬਣਾ ਕੇ ਰੱਖ ਲਿਆ ਗਿਆ। ਜਦੋਂ ਇਸ ਗੱਲ ਦੀ ਭਿਣਕ ਪੰਜਾਬ ਰਾਜ ਐੱਸ. ਸੀ. ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੂੰ ਲੱਗੀ ਤਾਂ ਉਨ੍ਹਾ ਨੇ ਤੁਰੰਤ ਐੱਸ. ਐੱਸ. ਪੀ. ਦਿਹਾਤੀ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਐੱਸ. ਐੱਸ. ਪੀ. ਦਿਹਾਤੀ ਵਲੋਂ ਆਪਣੇ ਨਾਲ ਐੱਸ. ਪੀ. ਅਮਨਦੀਪ ਕੌਰ, ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ, ਐੱਸ. ਆਈ. ਹਰਪਾਲ ਸਿੰਘ ਅਤੇ ਭਾਰੀ ਪੁਲਸ ਫੋਰਸ ਦੇ ਨਾਲ ਡਿਊਟੀ ਮੈਜਿਸਟ੍ਰੇਟ ਜਗਜੀਤ ਸਿੰਘ ਨੂੰ ਨਾਲ ਲੈ ਕੇ ਡੇਰੇ ਨੂੰ ਘੇਰਿਆ ਗਿਆ, ਜਿੱਥੇ ਪਹਿਲਾਂ ਪੀੜਤ ਔਰਤਾਂ ਨੂੰ ਐੱਸ. ਸੀ. ਕਮਿਸ਼ਨ ਦੇ ਮੈਂਬਰ ਸਾਹਮਣੇ ਰੈਸਕਿਊ ਕੀਤਾ ਗਿਆ ਅਤੇ ਉਸ ਦੇ ਬਾਅਦ ਦੋ ਮੁਲਜਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ 2 ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ।ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਦਾ ਕਹਿਣਾ ਹੈ ਕਿ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤ ਔਰਤਾਂ ਨੂੰ ਡੇਰੇ ਤੋਂ ਰੈਸਕਿਊ ਕਰਨ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਮੌਕੇ ਤੋਂ ਫਰਾਰ ਹੋਏ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਪੈਸ਼ਲ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਸੁਖਾਲੀ : ਖੇਤੀਬਾੜੀ ਮਾਹਿਰ
NEXT STORY