ਲੁਧਿਆਣਾ (ਰਾਜ): ਸ਼ਹਿਰ ਵਿਚ ਨਿੱਜੀ ਫਾਈਨਾਂਸ ਕੰਪਨੀਆਂ ਦੀ ਬਦਮਾਸ਼ੀ ਦਾ ਇਕ ਖੌਫਨਾਕ ਚਿਹਰਾ ਸਾਹਮਣੇ ਆਇਆ ਹੈ, ਜਿੱਥੇ ਕਰਜ਼ੇ ਦੀ ਕਿਸ਼ਤ ਨਾ ਚੁਕਾ ਪਾਉਣ 'ਤੇ ਇਕ ਵਿਅਕਤੀ ਦੇ ਅਗਵਾ ਅਤੇ ਕੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਹਾਇਬੋਵਾਲ ਦੀ ਪੁਲਸ ਨੇ ਨਿਖਿਲ ਜੈਨ ਦੀ ਸ਼ਿਕਾਇਤ 'ਤੇ ਇਕਬਾਲ ਸਿੰਘ, ਸੁਰਿੰਦਰ ਸਿੰਘ ਅਤੇ ਰਮਨਜੋਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੀੜਤ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਨੇ ਮਹਾਵੀਰ ਫਾਈਨਾਂਸ ਤੋਂ ਕਰੀਬ 1.50 ਲੱਖ ਰੁਪਏ ਵਿਆਜ 'ਤੇ ਲਏ ਸਨ, ਪਰ ਘਰ ਦੇ ਹਾਲਾਤ ਖ਼ਰਾਬ ਹੋਣ ਕਰਕੇ ਉਹ ਸਮੇਂ ਸਿਰ ਕਿਸ਼ਤਾਂ ਜਮ੍ਹਾਂ ਨਹੀਂ ਕਰ ਸਕਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਕੰਪਨੀ ਦਾ ਮੈਨੇਜਰ ਰਮਨਜੋਤ ਉਸ ਨੂੰ ਲਗਾਤਾਰ ਫ਼ੋਨ 'ਤੇ ਜਾਨੋਂ ਮਾਰਨ ਅਤੇ ਅੰਜਾਮ ਭੁਗਤਣ ਦੀਆਂ ਧਮਕੀਆਂ ਦੇਣ ਲੱਗਾ। 18 ਫਰਵਰੀ ਜਦੋਂ ਉਹ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਏਕਤਾ ਵਿਹਾਰ ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਕਲੋਨੀ ਦੇ ਮੁੱਖ ਗੇਟ ਦੇ ਕੋਲ ਪਹੁੰਚਿਆ, ਮੁਲਜ਼ਮ ਇਕਬਾਲ ਸਿੰਘ ਅਤੇ ਕੁਲਵੰਤ ਸਿੰਘ ਨੇ ਉਸ ਨੂੰ ਘੇਰ ਲਿਆ।
ਇਕਬਾਲ ਸਿੰਘ ਜ਼ਬਰਦਸਤੀ ਪੀੜਤ ਦੀ ਐਕਟਿਵਾ 'ਤੇ ਪਿੱਛੇ ਬੈਠ ਗਿਆ ਅਤੇ ਡਰਾ-ਧਮਕਾ ਕੇ ਉਸ ਨੂੰ ਚੌੜਾ ਬਾਜ਼ਾਰ ਸਥਿਤ ਮਿਨਰਵਾ ਮਾਰਕੀਟ ਵਿਚ ਕੰਪਨੀ ਦੇ ਦਫਤਰ ਲੈ ਗਿਆ। ਦਫਤਰ ਪਹੁੰਚਦੇ ਹੀ ਉੱਥੇ ਮੌਜੂਦ ਮੁਲਜ਼ਮਾਂ ਨੇ ਤਾਲਿਬਾਨੀ ਰਵੱਈਆ ਅਪਣਾਇਆ। ਦੋਸ਼ ਹੈ ਕਿ ਉੱਥੇ ਇਕਬਾਲ ਸਿੰਘ ਅਤੇ ਸੁਰਿੰਦਰ ਸਿੰਘ ਨੇ ਪੀੜਤ ਨੂੰ ਇਕ ਕਮਰੇ ਵਿਚ ਬੰਧਕ ਬਣਾ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ। ਪੀੜਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਕਈ ਘੰਟੇ ਨਾਜਾਇਜ਼ ਹਿਰਾਸਤ ਅਤੇ ਬੰਧਕ ਬਣਾ ਕੇ ਰੱਖਿਆ ਅਤੇ ਕੁੱਟਮਾਰ ਦੇ ਨਾਲ-ਨਾਲ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ। ਫਿਲਹਾਲ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਇੰਡਸਟਰੀਅਲ ਏਰੀਆ 'ਚ ਚੋਰੀ: ਦਰਵਾਜ਼ਾ ਤੋੜ ਕੇ 5 ਕੁਇੰਟਲ ਤਾਂਬਾ ਲੈ ਉੱਡੇ ਚੋਰ; ਦਰਾਜ਼ ਵਿਚੋਂ ਨਕਦੀ ਵੀ ਗਾਇਬ
NEXT STORY