ਅੰਮ੍ਰਿਤਸਰ (ਨੀਰਜ) : ਆਰ. ਟੀ. ਏ. ਦਫਤਰ ਅੰਮ੍ਰਿਤਸਰ 'ਚ ਘਪਲੇਬਾਜ਼ੀ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ, ਕਦੇ ਇੰਟਰ-ਸਟੇਟ ਲਗਜ਼ਰੀ ਕਾਰ ਚੋਰੀ ਦਾ ਅਰਬਾਂ ਦਾ ਘਪਲਾ ਤਾਂ ਕਦੇ ਡਰਾਈਵਿੰਗ ਲਾਇਸੈਂਸਾਂ ਦਾ ਰਿਕਾਰਡ ਗਾਇਬ ਹੋਣ ਜਿਹੇ ਘਪਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਵਿਭਾਗ ਵਿਚ ਸਰਕਾਰੀ ਟੈਕਸ ਚੋਰੀ ਦਾ ਇਕ ਵੱਡਾ ਘਪਲਾ ਸਾਹਮਣੇ ਆਇਆ ਹੈ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਜੀਲੈਂਸ ਬਿਊਰੋ ਪੰਜਾਬ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਤ ਇਹ ਹਨ ਕਿ ਆਰ. ਟੀ. ਏ. ਦਫਤਰ ਦੀ ਆਰ. ਸੀ. ਸੀਟ 'ਤੇ ਬੈਠੇ ਕਰਮਚਾਰੀਆਂ ਜਿਨ੍ਹਾਂ 'ਚ ਆਰ. ਸੀ. ਸੀਟ 'ਤੇ ਤਾਇਨਾਤ ਸਟੈਨੋ ਨੇ ਤਤਕਾਲੀਨ ਅਧਿਕਾਰੀਆਂ ਅਤੇ ਕੁਝ ਪ੍ਰਾਈਵੇਟ ਏਜੰਸੀਆਂ ਨਾਲ ਮਿਲ ਕੇ ਮਾਰਕੀਟ ਵਿਚ 13 ਲੱਖ ਰੁਪਏ ਤੋਂ ਵੱਧ ਦੀ ਕੀਮਤ 'ਚ ਵਿਕਣ ਵਾਲੀ ਕਰੇਟਾ ਗੱਡੀ ਦਾ ਸਰਕਾਰ ਨੂੰ ਬਿੱਲ 6 ਲੱਖ ਦਿਖਾਇਆ ਹੈ, ਯਾਨੀ ਆਰ. ਟੀ. ਏ. ਦਫਤਰ ਦੇ ਰਿਕਾਰਡ 'ਚ 13 ਲੱਖ ਰੁਪਏ ਦੀ ਗੱਡੀ 6 ਲੱਖ 'ਚ ਵਿਕ ਰਹੀ ਹੈ। ਈਓਨ ਮੈਗਨਾ ਕਾਰ ਜੋ 5 ਲੱਖ ਰੁਪਏ ਤੋਂ ਵੱਧ ਆਉਂਦੀ ਹੈ, ਦਾ ਬਿੱਲ 2.30 ਲੱਖ ਰੁਪਏ ਬਣਾਇਆ ਹੈ, ਯਾਨੀ ਆਰ. ਟੀ. ਏ. ਦਫਤਰ 'ਚ ਈਓਨ ਮੈਗਨਾ 6 ਲੱਖ ਰੁਪਏ ਦੀ ਬਜਾਏ 2.30 ਲੱਖ ਰੁਪਏ 'ਚ ਵੇਚੀ ਜਾ ਰਹੀ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਸਰਕਾਰ ਨੂੰ ਘੱਟ ਬਿੱਲ ਦਿਖਾ ਕੇ ਘੱਟ ਟੈਕਸ ਜਮ੍ਹਾ ਕਰਵਾਇਆ ਜਾਵੇ। ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਪੰਜਾਬ ਨੇ ਜਨਵਰੀ 2019 ਤੋਂ ਲੈ ਕੇ ਫਰਵਰੀ 2019 ਤੱਕ ਦਾ ਸਾਰਾ ਰਿਕਾਰਡ ਆਰ. ਟੀ. ਏ. ਦਫਤਰ ਦੀ ਆਰ. ਸੀ. ਬ੍ਰਾਂਚ ਤੋਂ ਮੰਗਵਾ ਲਿਆ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਸ਼ਿਕੰਜੇ 'ਚ ਆਉਂਦਾ ਦੇਖ ਕੇ ਹੁਣ ਹਾਲਾਤ ਇਹ ਹਨ ਕਿ ਮਿਲੀਭੁਗਤ ਕਰ ਕੇ ਸਰਕਾਰੀ ਟੈਕਸ ਚੋਰੀ ਕਰਨ ਵਾਲੇ ਕਰਮਚਾਰੀਆਂ ਨੇ ਮਈ 2019 ਦੇ ਮਹੀਨੇ 'ਚ ਉਹ ਟੈਕਸ ਜਮ੍ਹਾ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਜਮ੍ਹਾ ਕਰਵਾਇਆ ਜਾਣਾ ਸੀ।
ਵੀਡੀਓ ਕੋਚ ਬੱਸਾਂ 'ਚ ਵੀ 55 ਕਰੋੜ ਦੀ ਟੈਕਸ ਚੋਰੀ ਦਾ ਘਪਲਾ- ਨਵੇਂ ਵਾਹਨਾਂ ਦੀ ਆਰ. ਸੀ. ਬਣਾਉਣ ਅਤੇ ਟੈਕਸ ਜਮ੍ਹਾ ਕਰਵਾਉਣ 'ਚ ਹੋਏ ਘਪਲੇ ਦੇ ਨਾਲ-ਨਾਲ ਅੰਮ੍ਰਿਤਸਰ ਤੋਂ ਦਿੱਲੀ, ਜੰਮੂ-ਕੱਟੜਾ, ਚੰਡੀਗੜ੍ਹ, ਗੰਗਾਨਗਰ ਆਦਿ ਦੇ ਰੂਟਸ 'ਤੇ ਚੱਲਣ ਵਾਲੀਆਂ ਵੀਡੀਓ ਕੋਚ ਬੱਸਾਂ ਦੇ ਟੈਕਸ ਵਿਚ ਵੀ ਲਗਭਗ 55 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ, ਜਿਸ ਦੀ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਨੂੰ ਪਤਾ ਲੱਗਾ ਹੈ ਕਿ ਹਰ ਰੋਜ਼ ਅੰਮ੍ਰਿਤਸਰ ਤੋਂ ਦੂਜੇ ਸੂਬਿਆਂ ਵੱਲ 60 ਤੋਂ ਵੱਧ ਵੀਡੀਓ ਕੋਚ ਬੱਸਾਂ ਚੱਲ ਰਹੀਆਂ ਹਨ, ਜਿਸ ਵਿਚ ਇਕ ਬੱਸ ਦਾ ਟੈਕਸ 60 ਹਜ਼ਾਰ ਰੁਪਏ ਤੋਂ ਵੱਧ ਹੈ। ਇਕ ਬੱਸ ਦਾ ਰੋਜ਼ਾਨਾ ਦਾ ਟੈਕਸ ਅਤੇ ਬੱਸਾਂ ਦੀ ਗਿਣਤੀ ਨੂੰ ਦੇਖਿਆ ਜਾਵੇ ਤਾਂ ਸਰਕਾਰ ਨੂੰ ਇਸ ਵਿਚ ਕਰੋੜਾਂ ਦਾ ਚੂਨਾ ਲੱਗ ਚੁੱਕਾ ਹੈ।
ਸਟੈਨੋ ਕਰ ਰਿਹੈ ਆਰ. ਸੀ. ਦੀ ਸੀਟ 'ਤੇ ਕੰਮ- ਆਰ. ਟੀ. ਏ. ਦਫਤਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਨਵੇਂ ਵਾਹਨਾਂ ਦੀ ਆਰ. ਸੀ. ਬਣਾਉਣ ਵਾਲੀ ਸੀਟ 'ਤੇ ਸਾਬਕਾ ਆਰ. ਟੀ. ਏ. ਰਜਨੀਸ਼ ਅਰੋੜਾ ਵੱਲੋਂ ਇਕ ਸਟੈਨੋ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਨਿਯਮਾਂ ਦੀ ਉਲੰਘਣਾ ਕਰਦਿਆਂ ਕੰਮ ਕਰ ਰਿਹਾ ਹੈ, ਜਦੋਂ ਕਿ ਵਿਭਾਗ 'ਚ ਹੀ ਤਾਇਨਾਤ ਸਾਬਕਾ ਸਟੈਨੋ ਪਵਨ ਕੁਮਾਰ ਨੂੰ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ਤੋਂ ਇਸ ਲਈ ਹਟਾ ਦਿੱਤਾ ਗਿਆ ਕਿਉਂਕਿ ਉਹ ਇਕ ਕਲਰਕ ਨਹੀਂ ਸਗੋਂ ਇਕ ਸਟੈਨੋ ਸੀ। ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੀ ਆਰ. ਟੀ. ਏ. ਵਿਭਾਗ ਦੇ ਐੱਸ. ਟੀ. ਸੀ. (ਸਟੇਟ ਟਰਾਂਸਪੋਰਟ ਕਮਿਸ਼ਨਰ) ਜਾਂ ਫਿਰ ਵਿਜੀਲੈਂਸ ਬਿਊਰੋ ਪੰਜਾਬ ਅਤੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਸ ਵੱਡੀ ਲਾਪ੍ਰਵਾਹੀ ਨੂੰ ਅਣਡਿੱਠ ਕਿਉਂ ਕੀਤਾ ਜਾ ਰਿਹਾ ਹੈ। ਵਿਜੀਲੈਂਸ ਬਿਊਰੋ ਦੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ਵਿਚ ਛੇਤੀ ਹੀ ਐੱਫ. ਆਈ. ਆਰ. ਦਰਜ ਕੀਤੀ ਜਾ ਰਹੀ ਹੈ, ਜਿਸ ਵਿਚ ਆਰ. ਟੀ. ਏ. ਦਫਤਰ ਦੇ ਅਧਿਕਾਰੀਆਂ ਸਮੇਤ ਆਰ. ਸੀ. ਵਾਲੀ ਸੀਟ ਦੇ ਕਰਮਚਾਰੀ ਵੀ ਸ਼ਾਮਿਲ ਕੀਤੇ ਜਾਣਗੇ।
ਪੂਰੇ ਪੰਜਾਬ 'ਚ ਡੀਲਰਾਂ ਦੀ ਕਰਵਾਈ ਜਾ ਰਹੀ ਹੈ ਜਾਂਚ : ਡੀ. ਐੱਸ. ਸੰਧਾਵਾਲੀਆ, ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ
ਨਵੇਂ ਵਾਹਨਾਂ ਦੀ ਆਰ. ਸੀ. ਅਤੇ ਵੀਡੀਓ ਕੋਚ ਬੱਸਾਂ ਦੇ ਮਾਮਲੇ 'ਚ ਕਰੋੜਾਂ ਦੀ ਟੈਕਸ ਚੋਰੀ ਰੋਕਣ ਲਈ ਵਿਭਾਗ ਪੂਰੇ ਪੰਜਾਬ 'ਚ ਡੀਲਰਾਂ ਦੀ ਜਾਂਚ ਕਰਵਾ ਰਿਹਾ ਹੈ। ਇਸ ਮਾਮਲੇ ਵਿਚ ਸਰਕਾਰ ਨਾਲ ਪੱਤਰ-ਵਿਹਾਰ ਵੀ ਕੀਤਾ ਜਾ ਰਿਹਾ ਹੈ। ਨਿਯਮਾਂ ਦੀ ਉਲੰਘਣਾ ਕਰ ਕੇ ਆਰ. ਸੀ. ਦੀ ਸੀਟ 'ਤੇ ਤਾਇਨਾਤ ਕਰਮਚਾਰੀਆਂ ਖਿਲਾਫ ਵੀ ਵਿਭਾਗ ਵੱਲੋਂ ਛੇਤੀ ਐਕਸ਼ਨ ਲਿਆ ਜਾਵੇਗਾ।
ਮਾਮਲਾ ਮੇਰੇ ਧਿਆਨ 'ਚ ਹੈ, ਵਿਜੀਲੈਂਸ ਜਾਂਚ ਈਮਾਨਦਾਰੀ ਨਾਲ ਹੋਵੇਗੀ : ਅਰੁਣਾ ਚੌਧਰੀ, ਟਰਾਂਸਪੋਰਟ ਮੰਤਰੀ ਪੰਜਾਬ
ਅੰਮ੍ਰਿਤਸਰ ਆਰ. ਟੀ. ਏ. ਦਫਤਰ 'ਚ ਕਰੋੜਾਂ ਦੀ ਟੈਕਸ ਚੋਰੀ ਦਾ ਮਾਮਲਾ ਮੇਰੇ ਧਿਆਨ ਵਿਚ ਹੈ। ਵਿਜੀਲੈਂਸ ਜਾਂਚ ਦਾ ਵੀ ਪਤਾ ਹੈ, ਇਸ ਜਾਂਚ ਨੂੰ ਈਮਾਨਦਾਰੀ ਨਾਲ ਪੂਰਾ ਹੋਣ ਦਿੱਤਾ ਜਾਵੇਗਾ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਂ ਹੀ ਆਰ. ਟੀ. ਏ. ਦਫਤਰਾਂ 'ਚ ਸਾਲਾਂ ਤੋਂ ਤਾਇਨਾਤ ਡਰਾਈਵਰਾਂ ਅਤੇ ਗੰਨਮੈਨਾਂ ਬਾਰੇ ਵਿਜੀਲੈਂਸ ਵਿਭਾਗ ਨੂੰ ਲਿਖਿਆ ਸੀ।
ਹੱਦ ਹੋ ਗਈ! ਚੋਰ ਕ੍ਰੇਨ ਨਾਲ ਏ. ਟੀ. ਐੱਮ. ਹੀ ਪੁੱਟ ਕੇ ਲੈ ਗਏ (ਵੀਡੀਓ)
NEXT STORY