ਅੰਮ੍ਰਿਤਸਰ (ਦੀਪਕ) : ਦਿੱਲੀ ਅੰਦਰ ਹਿੰਸਕ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਜਿਥੇ ਸਰਕਾਰਾਂ ਨੂੰ ਸੰਜੀਦਾ ਭੂਮਿਕਾ ਨਿਭਾਉਣੀ ਚਾਹੀਦੀ ਹੈ, ਉਥੇ ਹੀ ਦਿੱਲੀ ਵਾਸੀਆਂ ਨੂੰ ਵੀ ਸ਼ਾਂਤੀ ਦੇ ਰਾਹ 'ਤੇ ਅੱਗੇ ਵਧਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੇਸ਼ ਅੰਦਰ ਘਟਗਿਣਤੀਆਂ ਦੀ ਸੁਰੱਖਿਆ ਦੀ ਵਕਾਲਤ ਕਰਦਿਆਂ ਕਿਹਾ ਕਿ ਦੇਸ਼ ਅੰਦਰ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ 'ਚ ਭਾਈ ਲੌਂਗੋਵਾਲ ਨੇ ਆਖਿਆ ਕਿ ਦੇਸ਼ ਦੀ ਰਾਜਧਾਨੀ ਅੰਦਰ ਹਿੰਸਕ ਮਾਹੌਲ ਬੇਹੱਦ ਚਿੰਤਾਜਨਕ ਹੈ। ਇਸ ਦੌਰਾਨ ਦੋ ਦਰਜਨ ਤੋਂ ਵੱਧ ਮਨੁੱਖੀ ਜਾਨਾਂ ਦਾ ਚਲੇ ਜਾਣਾ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ। ਇਸ ਵਰਤਾਰੇ ਨੂੰ ਰੋਕਣਾ ਸਰਕਾਰਾਂ ਦੇ ਨਾਲ-ਨਾਲ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਮਨੁੱਖਤਾ ਦੀ ਪਰਿਭਾਸ਼ਾ ਅਤੇ ਧਰਮ ਦੀਆਂ ਕਦਰਾਂ-ਕੀਮਤਾਂ ਅਜਿਹੀਆਂ ਹਿੰਸਕ ਕਾਰਵਾਈਆਂ ਰੋਕਣ ਲਈ ਸਹਾਈ ਹੋ ਸਕਦੀਆਂ ਹਨ। ਸਮੱਸਿਆਵਾਂ ਦਾ ਹੱਲ ਕਦੇ ਵੀ ਹਿੰਸਾ ਨਹੀਂ ਹੋ ਸਕਦਾ। ਇਹ ਸਦਾ ਹੀ ਖਤਰਨਾਕ ਰਹੀ ਹੈ ਅਤੇ ਇਸ ਦੇ ਨਤੀਜੇ ਵੀ ਭਿਆਨਕ ਹੀ ਨਿਕਲਦੇ ਹਨ। ਉਨ੍ਹਾਂ ਆਖਿਆ ਕਿ ਸਿੱਖਾਂ ਨਾਲ 1984 ਵਿਚ ਸਮੇਂ ਦੀ ਕਾਂਗਰਸ ਸਰਕਾਰ ਨੇ ਨਫਰਤੀ ਹਿੰਸਾ ਅਤੇ ਜ਼ੁਲਮੀ ਕਹਿਰ ਕੀਤਾ ਸੀ, ਜਿਸ ਨੂੰ ਅਸੀਂ ਅਜੇ ਤੱਕ ਭੁੱਲ ਨਹੀਂ ਸਕੇ। ਪੀੜਾ ਦਾ ਉਨ੍ਹਾਂ ਨੂੰ ਹੀ ਅਹਿਸਾਸ ਹੁੰਦਾ ਹੈ ਜਿਨ੍ਹਾਂ 'ਤੇ ਬੀਤਦੀ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਕਿਸੇ ਵੀ ਖਾਸ ਫਿਰਕੇ ਨਾਲ ਵਧੀਕੀ ਨਹੀਂ ਹੋਣੀ ਚਾਹੀਦੀ। ਇਸ ਦੇਸ਼ ਵਿਚ ਵੱਸਣ ਵਾਲਾ ਹਰ ਬਾਸ਼ਿੰਦਾ ਮਨੁੱਖੀ ਅਧਿਕਾਰਾਂ ਦਾ ਹੱਕ ਰੱਖਦਾ ਹੈ। ਦਿੱਲੀ ਵਿਚ ਵਾਪਰੀਆਂ ਇਨ੍ਹਾਂ ਹਿੰਸਕ ਘਟਨਾਵਾਂ ਨੇ ਹਰ ਸੰਜੀਦਾ ਮਨੁੱਖ ਨੂੰ ਹਲੂਣਿਆ ਹੈ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਹਰ ਨਾਗਰਿਕ ਨੂੰ ਨਿਆਂ ਮਿਲੇ ਅਤੇ ਉਸ ਦੇ ਹੱਕ ਸੁਰੱਖਿਅਤ ਰਹਿਣ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦੀ ਆੜ ਵਿਚ ਅਜਿਹਾ ਖੂਨ-ਖਰਾਬਾ ਦੇਸ਼ ਲਈ ਨੁਕਸਾਨਦਾਇਕ ਹੈ। ਭਾਈ ਲੌਂਗੋਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਦੀ ਵਿਵਸਥਾ ਬਣਾਈ ਰੱਖਣ ਲਈ ਭਾਈਚਾਰਕ ਕਦਰਾਂ-ਕੀਮਤਾਂ ਅਤੇ ਆਪਸੀ ਸਾਂਝਾ ਨਾ ਟੁੱਟਣ ਦੇਣ। ਉਨ੍ਹਾਂ ਦਿੱਲੀ ਸਥਿਤ ਗੁਰਦੁਆਰਾ ਕਮੇਟੀਆਂ ਨੂੰ ਅੱਗੇ ਹੋ ਕੇ ਸ਼ਾਂਤੀ ਭਰਪੂਰ ਮਾਹੌਲ ਬਣਾਉਣ ਅਤੇ ਪੀੜਤਾਂ ਦੀ ਮੱਦਦ ਕਰਨ ਦੀ ਵੀ ਅਪੀਲ ਕੀਤੀ।
ਕੋਰਕਪੂਰਾ ’ਚ ਟ੍ਰੈਵਲ ਏਜੰਟ ਨੇ 52 ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ
NEXT STORY