ਅੰਮ੍ਰਿਤਸਰ (ਜ. ਬ.) : ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਲਾਰੈਂਸ ਰੋਡ 'ਤੇ ਸਥਿਤ ਪੁਲਸ ਚੌਕੀ ਨਾਲ ਲੱਗਦੀ ਗਲੀ ਤੋਂ ਕਰੀਬ 200 ਮੀਟਰ ਦੂਰ ਕੋਠੀ ਨੰਬਰ 22 'ਚ ਬੀਤੀ 19-20 ਸਤੰਬਰ ਦੀ ਸਵੇਰ 2 ਵਜ ਕੇ 8 ਮਿੰਟ ਤੋਂ ਲੈ ਕੇ 2 ਵਜ ਕੇ 40 ਮਿੰਟ ਵਿਚਕਾਰ ਸਿਰਫ 32 ਮਿੰਟ ਨੇ ਪੂਰੇ ਪਰਿਵਾਰ ਦੀ ਸਾਰੀ ਜ਼ਿੰਦਗੀ ਦੀ ਕਮਾਈ ਖੋਹ ਲਈ, ਜੋ 55 ਲੱਖ ਤੋਂ ਵੱਧ ਬਣਦੀ ਹੈ। ਖਾਸ ਗੱਲ ਇਹ ਹੈ ਕਿ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਚੋਰਾਂ ਦੇ ਧੁੰਦਲੇ ਚਿਹਰਿਆਂ ਤੋਂ ਵੀ ਪੁਲਸ ਬੀਤੇ 14 ਦਿਨਾਂ 'ਚ ਸੁਰਾਗ ਤੱਕ ਨਹੀਂ ਲਾ ਸਕੀ। ਚੋਰ 2 ਦਰਵਾਜ਼ੇ, 3 ਅਲਮਾਰੀਆਂ ਤੇ ਲਾਕਰ ਤੋੜ ਕੇ ਘਟਨਾ ਨੂੰ ਅੰਜਾਮ ਦਿੰਦੇ ਚੱਲਦੇ ਬਣੇ ਸਨ।
ਹੈਰਾਨੀ ਦੀ ਗੱਲ ਹੈ ਕਿ ਸਾਲ 2019 ਦੀਆਂ ਸਭ ਤੋਂ ਵੱਡੀਆਂ ਚੋਰੀਆਂ ਥਾਣਾ ਸਿਵਲ ਲਾਈਨ 'ਚ ਹੋਈਆਂ। ਇਸ ਤੋਂ ਪਹਿਲਾਂ ਕੋਰਟ ਰੋਡ 'ਤੇ ਸਕੂਲ ਦੇ ਇੰਚਾਰਜ ਦੀ ਕੋਠੀ 'ਚੋਂ ਸੋਨੇ ਦੀਆਂ ਇੱਟਾਂ ਦੇ ਨਾਲ-ਨਾਲ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣਿਆਂ ਸਮੇਤ ਲੱਖਾਂ ਦੀ ਨਕਦੀ ਚੋਰੀ ਹੋਣ ਦੇ ਮਾਮਲੇ 'ਚ ਪੁਲਸ ਚੋਰੀ ਦਾ ਵੱਡਾ ਹਿੱਸਾ ਬਰਾਮਦ ਕਰ ਚੁੱਕੀ ਹੈ। ਕੁਝ ਚੋਰ ਬਾਹਰ ਹਨ, ਬਾਕੀ ਜੇਲ ਜਾ ਚੁੱਕੇ ਹਨ। ਹੁਣ ਲਾਰੈਂਸ ਰੋਡ ਦੀ ਇਹ ਚੋਰੀ ਪੁਲਸ ਲਈ ਗਲੇ ਦੀ ਹੱਡੀ ਬਣੀ ਹੋਈ ਹੈ।
ਕੋਠੀ ਦੇ ਮਾਲਕ ਗੁਲਜਾਰੀ ਲਾਲ ਕਟਾਰੀਆ ਨੇ ਕਿਹਾ ਕਿ ਇਹ ਸ਼ਹਿਰ ਦਾ ਪਾਸ਼ ਇਲਾਕਾ ਹੈ, ਜਿਥੇ ਪਿਛਲੇ 14 ਸਾਲਾਂ ਤੋਂ ਰਹਿ ਰਿਹਾ ਹਾਂ। ਕੁਝ ਮਹੀਨੇ ਪਹਿਲਾਂ ਵੀ ਪਰਿਵਾਰ 7 ਦਿਨ ਬਾਹਰ ਰਿਹਾ, ਕੋਠੀ ਲਾਕ ਸੀ, ਪੁਲਸ ਨੇ ਸ਼ੱਕ ਦੇ ਆਧਾਰ 'ਤੇ ਨੌਕਰਾਣੀ, ਡਰਾਈਵਰ ਤੇ ਕੂੜਾ ਚੁੱਕਣ ਵਾਲੇ ਤੋਂ ਪੁੱਛਗਿੱਛ ਕੀਤੀ, ਕੁਝ ਨਹੀਂ ਮਿਲਿਆ। ਸੀ. ਸੀ. ਟੀ. ਵੀ. ਕੈਮਰੇ 'ਚ ਦਿਸ ਰਿਹਾ ਹੈ ਕਿ ਚੋਰੀ ਦਾ ਸਾਮਾਨ 2 ਲੋਕ ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਬਾਈਕ 'ਤੇ 2 ਲੋਕ ਰੇਕੀ ਕਰਦੇ ਹਨ। ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਮੌਕੇ 'ਤੇ ਪੁਲਸ ਆਉਂਦੀ ਹੈ, ਮਾਮਲਾ ਦਰਜ ਕਰ ਲੈਂਦੀ ਹੈ। 14 ਦਿਨਾਂ ਬਾਅਦ ਵੀ ਪੁਲਸ ਦੇ ਹੱਥ ਖਾਲੀ। ਸਾਡੀ ਤਾਂ ਦੀਵਾਲੀ ਹੀ ਕਾਲੀ ਕਰ ਦਿੱਤੀ। ਗੁਲਜਾਰੀ ਲਾਲ ਨੇ ਕਿਹਾ ਕਿ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਮਿਲੇ ਸੀ, ਉਨ੍ਹਾਂ ਭਰੋਸਾ ਦਿੱਤਾ ਹੈ ਕਿ ਜਲਦ ਹੀ ਚੋਰੀ ਦਾ ਖੁਲਾਸਾ ਹੋ ਜਾਵੇਗਾ।
ਜਲਦ ਖੁਲਾਸਾ ਹੋਵੇਗਾ : ਏ. ਸੀ. ਪੀ. ਨਾਰਥ
ਇਸ ਸਬੰਧੀ ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਨੇ ਕਿਹਾ ਕਿ ਇਸ ਮਾਮਲੇ 'ਚ ਪੁਲਸ ਕਾਫੀ ਦੂਰ ਤੱਕ ਪਹੁੰਚ ਗਈ ਹੈ, ਜਲਦ ਹੀ ਖੁਲਾਸਾ ਹੋਵੇਗਾ। ਇਲਾਕੇ 'ਚ ਜਿੰਨੇ ਵੀ ਸੀ. ਸੀ. ਟੀ. ਵੀ. ਕੈਮਰੇ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਅਜਿਹੇ ਹਨ, ਜੋ ਖਾਨਾਪੂਰਤੀ ਤੱਕ ਸੀਮਤ ਹਨ। ਇਸ ਚੋਰੀ 'ਚ ਸੀ. ਸੀ. ਟੀ. ਵੀ. ਕੈਮਰਿਆਂ ਦਾ ਰਿਜ਼ਲਟ ਇੰਨਾ ਖ਼ਰਾਬ ਸੀ ਕਿ ਤਸਵੀਰਾਂ ਹੀ ਨਹੀਂ ਰਹੀਆਂ।
ਕਾਲਜ ਦੇ ਮੁੰਡਿਆਂ ਨੇ ਕੁੜੀ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਿਸ਼
NEXT STORY