ਅੰਮ੍ਰਿਤਸਰ (ਵੜੈਚ) : ਨਗਰ ਨਿਗਮ ਆਟੋ ਵਰਕਸ਼ਾਪ 'ਚ ਤੇਲ ਦੀ ਖੇਡ ਨਾਲ ਸਰਕਾਰੀ ਖਜ਼ਾਨੇ ਦੀ ਹਰ ਸਾਲ ਕਰੋੜਾਂ ਰੁਪਏ ਦੀ ਲੁੱਟ ਹੋ ਰਹੀ ਹੈ। ਇਸ ਨੂੰ ਲੈ ਕੇ ਬੀਤੇ ਦਿਨੀਂ ਪੰਜਾਬ ਏਕਤਾ ਪਾਰਟੀ ਵਲੋਂ ਤੱਥਾਂ ਨਾਲ ਖੁਲਾਸਾ ਕੀਤਾ ਗਿਆ ਸੀ। ਉਥੇ ਹੀ ਸਾਬਕਾ ਕਮਿਸ਼ਨਰ ਸੋਨਾਲੀ ਗਿਰੀ ਵਲੋਂ ਵੀ 2 ਵਾਰ ਅਚਾਨਕ ਨਿਰੀਖਣ ਕਰ ਕੇ ਵਰਕਸ਼ਾਪ ਅੰਦਰੋਂ ਤੇਲ ਦੇ ਖਾਲੀ ਕੈਨ ਬਰਾਮਦ ਕੀਤੇ ਗਏ ਸਨ। ਉਸ ਸਮੇਂ ਤੋਂ ਉਨ੍ਹਾਂ ਵਲੋਂ ਹਰ ਰੋਜ਼ ਆਪਣੇ ਟੇਬਲ 'ਤੇ ਸਾਰੇ ਦਿਨ ਦੀਆਂ ਗੱਡੀਆਂ 'ਚ ਪਾਏ ਜਾਣ ਵਾਲੇ ਤੇਲ ਦੀ ਰਿਪੋਰਟ ਮੰਗਵਾਈ ਜਾਂਦੀ ਸੀ। ਗਿਰੀ ਵਲੋਂ ਡੰਪ 'ਤੇ ਜਾ ਕੇ ਇਕ ਯੂਨੀਅਨ ਨੇਤਾ ਜੋ ਕਿ ਨਿਗਮ ਦਾ ਕਰਮਚਾਰੀ ਹੈ, ਨੂੰ ਅਲਾਟ ਹੋਈ ਗੱਡੀ 'ਤੇ ਪ੍ਰਾਈਵੇਟ ਕਰਿੰਦਾ ਫੜਿਆ ਗਿਆ ਸੀ, ਜਿਸ ਦੇ ਨਾਲ ਉਨ੍ਹਾਂ ਨੇ ਉਕਤ ਯੂਨੀਅਨ ਨੇਤਾ ਨੂੰ ਸਸਪੈਂਡ ਕਰ ਦਿੱਤਾ ਸੀ। ਸਾਲ 2018 ਵਿਚ ਸਥਾਨਕ ਵਿਜੀਲੈਂਸ ਵਿਭਾਗ ਵਲੋਂ ਅਚਾਨਕ ਨਿਰੀਖਣ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੇ ਮੌਕੇ 'ਤੇ ਪੰਪ 'ਤੇ ਤੇਲ ਘੱਟ ਪਾਇਆ ਸੀ। ਉਥੇ ਹੀ ਲਾਗ ਰਜਿਸਟਰ ਵਿਚ ਵੀ ਖਾਮੀਆਂ ਪਾਈਆਂ ਸਨ ਪਰ ਅਜੇ ਤੱਕ ਉਥੇ ਸੁਧਾਰ ਨਹੀਂ ਹੋ ਸਕਿਆ।
ਸ਼ਹਿਰ 'ਚ ਰੋਜ਼ਾਨਾ ਨਿਗਮ ਦੀਆਂ ਸਰਕਾਰੀ ਗੱਡੀਆਂ ਕੰਮ ਕਰਨ ਨਿਕਲਦੀਆਂ ਹਨ, ਜਿਨ੍ਹਾਂ ਨੂੰ ਕਈ ਵਾਰ ਤਾਂ 15 ਤੋਂ 20 ਘੰਟੇ ਕੰਮ ਕਰਦਿਆਂ ਦਿਖਾਇਆ ਗਿਆ ਹੈ। ਉਥੇ ਹੀ ਡਿਸਪੋਜ਼ਲ 'ਤੇ ਬਿਜਲੀ ਤੋਂ ਚਲਾਇਆ ਜਾਂਦਾ ਹੈ, ਜਿਸ ਦਾ ਨਿਗਮ ਬਿਜਲੀ ਬਿੱਲ ਵੀ ਭਰਦਾ ਹੈ। ਜੇਕਰ ਵਰਕਸ਼ਾਪ ਪੰਪ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅਜਿਹਾ ਲੱਗਦਾ ਹੈ ਕਿ ਡਿਸਪੋਜ਼ਲ ਸਿਰਫ ਜਨਰੇਟਰ ਦੇ ਸਹਾਰੇ ਹੀ ਚੱਲਦਾ ਹੈ, ਜਿਸ ਦੇ ਨਾਲ ਤੇਲ ਦੇ ਨਾਂ 'ਤੇ ਸਾਲਾਨਾ ਹਿਸਾਬ ਲਾਈਏ ਤਾਂ ਕਰੋੜਾਂ ਰੁਪਏ ਦੀ ਲੁੱਟ ਹੋ ਰਹੀ ਹੈ ਪਰ ਅਧਿਕਾਰੀ ਚੁੱਪ ਸਾਧ ਕੇ ਬੈਠੇ ਹੋਏ ਹਨ।
ਸਰਕਾਰੀ ਦੇ ਮੁਕਾਬਲੇ ਪ੍ਰਾਈਵੇਟ ਗੱਡੀਆਂ ਦੀ ਮਾਈਲੇਜ ਜ਼ਿਆਦਾ
ਨਿਗਮ ਦੀਆਂ ਸਰਕਾਰੀ ਗੱਡੀਆਂ ਦੇ ਮੁਕਾਬਲੇ ਪ੍ਰਾਈਵੇਟ ਗੱਡੀਆਂ ਦੀ ਮਾਈਲੇਜ ਜ਼ਿਆਦਾ ਅਤੇ ਮੁਰੰਮਤ ਦਾ ਖਰਚਾ ਵੀ ਘੱਟ ਹੈ। ਨਿਗਮ 'ਚ ਸ਼ਹਿਰ ਦੇ ਅੰਦਰ ਸਫਾਈ ਨੂੰ ਲੈ ਕੇ ਨਿਗਮ ਦੇ ਨਾਲ-ਨਾਲ 2 ਕੰਪਨੀਆਂ ਕੰਮ ਕਰ ਰਹੀਆਂ ਹਨ, ਉਥੇ ਹੀ ਮਕੈਨੀਕਲ ਸਵੀਪਿੰਗ ਕੰਪਨੀ ਵੱਲੋਂ ਤਾਂ ਹਰ ਗੱਡੀ ਵਿਚ ਜੀ. ਪੀ. ਐੱਸ. ਲਾਇਆ ਗਿਆ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਕਿਹੜੀ ਗੱਡੀ ਕਿਥੇ ਕੰਮ ਕਰ ਰਹੀ ਹੈ ਪਰ ਨਿਗਮ ਵਿਚ ਸਰਕਾਰੀ ਗੱਡੀਆਂ ਨੂੰ ਲੈ ਕੇ ਕੋਈ ਜੀ. ਪੀ. ਐੱਸ. ਨਹੀਂ ਲੱਗਾ ਹੋਇਆ ਅਤੇ ਕਿਹੜੀ ਗੱਡੀ ਕਿਥੇ ਗਈ, ਇਹ ਵੀ ਨਹੀਂ ਪਤਾ ਹੈ।
ਵਿਜੀਲੈਂਸ ਦੇ ਆਦੇਸ਼ ਠੇਂਗੇ 'ਤੇ
ਆਟੋ ਵਰਕਸ਼ਾਪ ਨੂੰ ਲੈ ਕੇ ਵਿਜੀਲੈਂਸ ਨੇ ਸਬੰਧਤ ਅਧਿਕਾਰੀ ਨੂੰ 7 ਮਹੀਨੇ ਪਹਿਲਾਂ 3 ਦਿਨਾਂ 'ਚ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ ਪਰ 7 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਵਿਜੀਲੈਂਸ ਨੂੰ ਰਿਪੋਰਟ ਨਹੀਂ ਪਹੁੰਚੀ, ਜਿਸ ਦੇ ਨਾਲ ਅਜਿਹਾ ਮੰਨਿਆ ਜਾਂਦਾ ਹੈ ਕਿ ਵਿਜੀਲੈਂਸ ਦੇ ਆਦੇਸ਼ਾਂ ਨੂੰ ਠੇਂਗੇ 'ਤੇ ਰੱਖਿਆ ਹੋਇਆ ਹੈ, ਬਲਕਿ ਇਕ ਅਧਿਕਾਰੀ ਵੱਲੋਂ ਸਾਫ਼ ਤੌਰ 'ਤੇ ਕਮਿਸ਼ਨਰ ਨੂੰ ਲਿਖਤੀ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਇਸ ਜਾਂਚ ਨੂੰ ਲੈ ਕੇ ਕੋਈ ਵੀ ਸਰਕਾਰੀ ਅਧਿਕਾਰੀ, ਕਰਮਚਾਰੀ ਸਹਿਯੋਗ ਨਹੀਂ ਦੇ ਰਿਹਾ ਪਰ ਇਸ ਸਬੰਧੀ ਫਿਰ ਵੀ ਕਮਿਸ਼ਨਰ ਨੇ ਕੋਈ ਐਕਸ਼ਨ ਨਹੀਂ ਲਿਆ ਅਤੇ ਵਿਜੀਲੈਂਸ ਵੱਲੋਂ ਮੰਗੀ ਗਈ ਰਿਪੋਰਟ ਅਜੇ ਵੀ ਲਟਕੀ ਹੋਈ ਹੈ।
ਮੈਨੂੰ ਅਖਬਾਰਾਂ ਰਾਹੀਂ ਹੀ ਇਸ ਬਾਰੇ ਪਤਾ ਲੱਗਾ ਹੈ। ਇਸ ਸਬੰਧੀ ਅਧਿਕਾਰੀਆਂ ਤੋਂ ਪੁੱਛਿਆ ਜਾਵੇਗਾ। ਵਿਜੀਲੈਂਸ ਨੂੰ ਸਾਰੀ ਰਿਪੋਰਟ ਪੇਸ਼ ਕੀਤੀ ਜਾਵੇਗੀ।
–ਮਹੇਸ਼ ਖੰਨਾ, ਚੇਅਰਮੈਨ ਆਟੋ ਵਰਕਸ਼ਾਪ
ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ, 3 'ਤੇ ਪਰਚਾ
NEXT STORY