ਅੰਮ੍ਰਿਤਸਰ (ਨੀਰਜ) - ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਨੇ ਪ੍ਰਾਈਵੇਟ ਏਅਰਲਾਈਨ ਕੰਪਨੀ ਸਪਾਈਸਜੈੱਟ ਦੇ 2 ਕਰਮਚਾਰੀਆਂ ਨੂੰ 50 ਲੱਖ ਦੇ ਸੋਨੇ ਸਮੇਤ ਕਾਬੂ ਤਾਂ ਜ਼ਰੂਰ ਕਰ ਲਿਆ ਹੈ ਪਰ ਸੋਨੇ ਦੀ ਸਮੱਗਲਿੰਗ ਕਰਨ ਵਾਲਾ ਗਿਰੋਹ ਪੁਰਾਣਾ ਹੈ ਅਤੇ ਚਿਹਰੇ ਨਵੇਂ ਹਨ। ਹਰ ਵਾਰ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਵੱਲੋਂ ਨਵੇਂ ਕਰਿੰਦਿਆਂ ਰਾਹੀਂ ਸੋਨੇ ਦੀ ਸਮੱਗਲਿੰਗ ਕੀਤੀ ਜਾਂਦੀ ਹੈ। ਚਾਹੇ ਇਸ ’ਚ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਹੋਣ ਜਾਂ ਕਿਸੇ ਸਰਕਾਰੀ ਵਿਭਾਗ ਦੇ ਕਰਮਚਾਰੀ ਸ਼ਾਮਲ ਕੀਤੇ ਗਏ ਹੋਣ। ਇਸ ਗਿਰੋਹ ਦਾ ਨਿਸ਼ਾਨਾ ਦੁਬਈ ਅਤੇ ਹੋਰ ਅਰਬ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਰਾਹੀਂ ਸੋਨੇ ਦੀ ਸਮੱਗਲਿੰਗ ਕਰਵਾਉਣਾ ਹੈ।
ਜਾਣਕਾਰੀ ਅਨੁਸਾਰ ਜਿਨ੍ਹਾਂ ਕਰਮਚਾਰੀਆਂ ਨੂੰ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਵਿਭਾਗ ਵੱਲੋਂ ਰਿਮਾਂਡ ਲਿਆ ਜਾਵੇਗਾ ਤਾਂ ਕਿ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ। ਦੱਸ ਦੇਈਏ ਕਿ ਅਰਬ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਰਾਹੀਂ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸਪਾਈਸਜੈੱਟ ਦੇ ਕਰਮਚਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਸੋਨੇ ਦੀ ਸਮੱਗਲਿੰਗ ਕਰ ਰਹੇ ਸਨ। ਜਾਣਕਾਰੀ ਅਨੁਸਾਰ ਫੜੇ ਗਏ ਸਮੱਗਲਰ ਜਹਾਜ਼ ਵਿਚ ਕੈਟਰਿੰਗ ਅਤੇ ਸਫ਼ਾਈ ਦਾ ਕੰਮ ਕਰਦੇ ਸਨ ਅਤੇ ਏਅਰੋਬ੍ਰਿਜ ਰਾਹੀਂ ਫਲਾਈਟ ਵਿਚ ਦਾਖਲ ਹੁੰਦੇ ਸਨ। ਇਸ ਸਟਾਫ਼ ਦੀ ਏਅਰਪੋਰਟ ਦੇ ਰਨਵੇ ’ਤੇ ਤਾਇਨਾਤ ਕਿਸੇ ਹੋਰ ਏਜੰਸੀ ਵੱਲੋਂ ਚੈਕਿੰਗ ਨਹੀਂ ਕੀਤੀ ਜਾਂਦੀ ਸੀ, ਜਿਸ ਕਾਰਨ ਇਹ ਸਮੱਗਲਰ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਦੇ ਹੋਏ ਕਸਟਮ ਵਿਭਾਗ ਨੂੰ ਚਕਮਾ ਦੇ ਰਹੇ ਸਨ।
ਪਹਿਲਾਂ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ 3 ਏਅਰੋਬ੍ਰਿਜ ਆਪ੍ਰੇਟਰ
ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ ’ਚ ਪਹਿਲਾਂ ਵੀ 3 ਏਅਰੋਬ੍ਰਿਜ ਆਪ੍ਰੇਟਰ ਗ੍ਰਿਫ਼ਤਾਰ ਕੀਤੇ ਗਏ ਸਨ, ਜੋ ਅਰਬ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਰਾਹੀਂ ਸੋਨੇ ਦੀ ਸਮੱਗਲਿੰਗ ਕਰ ਰਹੇ ਸਨ। ਇਨ੍ਹਾਂ ਆਪ੍ਰੇਰਟਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਨੇ ਨਵੇਂ ਕਰਿੰਦੇ ਭਰਤੀ ਕਰ ਲਏ ਪਰ ਸਟਾਈਲ ਉਹੀ ਪੁਰਾਣਾ ਰੱਖਿਆ ਅਤੇ ਕਈ ਮਹੀਨਿਆਂ ਤੱਕ ਕਸਟਮ ਵਿਭਾਗ ਨੂੰ ਚਕਮਾ ਦੇਣ ’ਚ ਸਫਲ ਰਹੇ।
ਫਲਾਈਟ ਵਿਚ ਵੇਸਟ ਖਾਣਾ ਇਕੱਠਾ ਕਰਨ ਵਾਲਾ ਫੜਿਆ ਗਿਆ ਸੀ ਸਮੱਗਲਰ
ਕੁਝ ਸਾਲ ਪਹਿਲਾਂ ਅਰਬ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਦੇ ਅੰਦਰੋਂ ਵੇਸਟ ਖਾਣਾ ਇਕੱਠਾ ਕਰਨ ਵਾਲਾ ਗਿਰੋਹ ਵੀ ਫੜਿਆ ਗਿਆ ਸੀ, ਜੋ ਖਾਣਾ ਇਕੱਠਾ ਕਰਨ ਦੀ ਆੜ ਵਿਚ ਸੋਨੇ ਦੀ ਸਮੱਗਲਿੰਗ ਕਰਦਾ ਸੀ। ਇਸ ਗਿਰੋਹ ਦਾ ਸਰਗਣਾ ਟੈਕਸੀ ਸਟੈਂਡ ਏਅਰਪੋਰਟ ’ਤੇ ਠੇਕੇ ਤੇ ਟੈਕਸੀਆਂ ਵੀ ਚਲਾਉਂਦਾ ਸੀ ਅਤੇ ਖਾਣਾ ਇਕੱਠਾ ਕਰਨ ਦਾ ਵੀ ਠੇਕਾ ਲੈ ਕੇ ਸੋਨੇ ਦੀ ਸਮੱਗਲਿੰਗ ਵੀ ਕਰਦਾ ਸੀ।
ਸਰਕਾਰੀ ਵਿਭਾਗ ਦੇ ਅਧਿਕਾਰੀ ਤੇ ਡਾਗ ਹੈਲਡਰ ਸਮੱਗਲਿੰਗ ’ਚ ਰਹੇ ਹਨ ਸ਼ਾਮਲ
ਸੋਨੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਨੇ ਨਾ ਸਿਰਫ਼ ਏਅਰਪੋਰਟ ’ਤੇ ਕੰਮ ਕਰਨ ਵਾਲੀ ਕਿਸੇ ਨਾ ਕਿਸੇ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਨੂੰ ਆਪਣੇ ਗਿਰੋਹ ’ਚ ਸ਼ਾਮਲ ਕੀਤਾ, ਸਗੋਂ ਸਰਕਾਰੀ ਅਧਿਕਾਰੀ ਅਤੇ ਛੋਟੇ ਮੁਲਾਜ਼ਮਾਂ ਨੂੰ ਗਿਰੋਹ ਵਿਚ ਸ਼ਾਮਲ ਕਰਦੇ ਰਹੇ ਹਨ। ਕਸਟਮ ਵਿਭਾਗ ਤੋਂ ਲੈ ਕੇ ਹੋਰ ਸਰਕਾਰੀ ਵਿਭਾਗਾਂ ਤੱਕ ਦੇ ਵੱਡੇ-ਵੱਡੇ ਅਧਿਕਾਰੀ ਸੋਨੇ ਦੀ ਖੇਪ ਸਮੇਤ ਫੜੇ ਗਏ ਹਨ, ਇੱਥੋਂ ਤੱਕ ਕਿ ਪਾਲ ਨਾਂ ਦਾ ਡਾਗ ਹੈਂਡਲਰ ਵੀ ਸੋਨੇ ਦੀ ਖੇਪ ਸਮੇਤ ਕਾਬੂ ਕੀਤਾ ਗਿਆ ਹੈ ਪਰ ਫਿਰ ਵੀ ਸੋਨੇ ਦੀ ਸਮੱਗਲਿੰਗ ਕਿਸੇ ਨਾ ਕਿਸੇ ਰੂਪ ’ਚ ਜਾਰੀ ਹੈ ਅਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
ਕੋਫੇ ਪੂਸਾ ਲੱਗਣ ਤੋਂ ਬਾਅਦ ਵੀ ਗ੍ਰਿਫ਼ਤਾਰ ਨਹੀਂ ਹੋ ਸਕਿਆ ਰਾਕੇਸ਼ ਰਾਏ
ਇਕ ਵੱਡੇ ਅਧਿਕਾਰੀ ਨੂੰ ਸੋਨੇ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਵਿਚ ਕਸਟਮ ਵਿਭਾਗ ਨੇ ਕੋਫੇ ਪੂਸਾ ਐਕਟ ਦੀ ਵਰਤੋਂ ਕੀਤੀ ਅਤੇ ਮਾਸਟਰਮਾਈਂਡ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਦਿੱਲੀ ਨਿਵਾਸੀ ਰਾਕੇਸ਼ ਰਾਏ ’ਤੇ ਕੋਫੇ ਪੂਸਾ ਐਕਟ ਲਾਇਆ ਪਰ ਰਾਕੇਸ਼ ਰਾਏ ਅੱਜ ਤੱਕ ਕਸਟਮ ਵਿਭਾਗ ਦੇ ਸ਼ਿਕੰਜੇ ਵਿਚ ਨਹੀਂ ਆ ਸਕਿਆ ਹੈ।
ਕਿਸਾਨਾਂ ਦੇ ਪੈਸੇ ਦੀ ਅਦਾਇਗੀ ਲਈ ਕਪੂਰਥਲਾ ਪ੍ਰਸ਼ਾਸਨ ਵੱਲੋਂ ਫਗਵਾੜਾ ਸ਼ੂਗਰ ਮਿੱਲ ਖ਼ਿਲਾਫ਼ ਵੱਡੀ ਕਾਰਵਾਈ
NEXT STORY