ਰਾਜਾਸਾਂਸੀ : ਦੇਸ਼ ਵਿਦੇਸ਼ ਵਿਚ ਹਾਹਾਕਾਰ ਮਚਾਉਣ ਤੋਂ ਬਾਅਦ ਹੁਣ ਭਾਰਤ ਵਿਚ ਵੀ ਕੋਰੋਨਾ ਵਾਇਰਸ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਆਏ ਦਿਨ ਇਸ ਦੇ ਸ਼ੱਕੀ ਮਰੀਜ਼ ਮਿਲਣ ਮਾਮਲੇ ਵੱਧ ਰਹੇ ਹਨ। ਹੁਣ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮਿਲਿਆ ਹੈ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅੱਜ ਸਵੇਰੇ ਦੁਬਈ ਤੋਂ ਸਪਾਈਸ ਜੈੱਟ ਹਵਾਈ ਕੰਪਨੀ ਦੀ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਇਕ ਯਾਤਰੂ ਜੋ ਕਿ ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ, ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।
ਪਹਿਲਾਂ ਵੀ ਏਅਕਪੋਰਟ ਤੋਂ ਮਿਲਿਆ ਸੀ ਸ਼ੱਕੀ ਮਰੀਜ਼
ਇਕ ਦਿਨ ਪਹਿਲਾਂ ਵੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਦਾਖਲ ਹੋਇਆ ਹੈ। ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ 'ਤੇ ਇਸ ਵਿਅਕਤੀ 'ਚ ਵਾਇਰਸ ਦੇ ਲੱਛਣ ਪਾਏ ਗਏ ਸਨ, ਜਿਸ ਦਾ ਬਲੱਡ ਸੈਂਪਲ ਲੈ ਕੇ ਸਿਹਤ ਵਿਭਾਗ ਵੱਲੋਂ ਟੈਸਟਿੰਗ ਲਈ ਪੁਣੇ 'ਚ ਭੇਜ ਦਿੱਤਾ ਗਿਆ। ਵਿਭਾਗ ਅਨੁਸਾਰ ਜਗਰੂਪ ਸਿੰਘ ਬ੍ਰਿਜ (30) 'ਚ ਖੰਘ, ਜ਼ੁਕਾਮ, ਬੁਖਾਰ ਦੇ ਲੱਛਣ ਪਾਏ ਗਏ ਹਨ।
ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੀ ਸਤਰਕ
ਦੁਨੀਆ ਭਰ 'ਚ ਜਿਥੇ ਕੋਰੋਨਾਵਾਇਰਸ ਨਾਲ ਨਿਪਟਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਵਲੋਂ ਵੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਲੋਂ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਿਪਟਣ ਲਈ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਆਲਮੀ ਪੱਧਰ 'ਤੇ ਫੈਲੇ ਇਸ ਵਾਇਰਸ ਨਾਲ ਪੈਦਾ ਹੋਈ ਸਥਿਤੀ 'ਤੇ ਨੇੜਿਓਂ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਅਹਿਤਿਆਤ ਵਜੋਂ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੇ ਰੋਜ਼ਾਨਾ ਆਧਾਰ 'ਤੇ ਸਥਿਤੀ ਦੀ ਨਿਗਰਾਨੀ ਕਰਨ ਦਾ ਵੀ ਫੈਸਲਾ ਲਿਆ। ਹਰੇਕ ਜ਼ਿਲੇ 'ਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਜ਼ਿਲਾ ਪੱਧਰੀ ਰਿਸਪਾਂਸ ਟੀਮਾਂ 24 ਘੰਟੇ ਚੌਕਸ ਰਹਿਣਗੀਆਂ। ਇਸ ਤੋਂ ਇਲਾਵਾ ਹੈੱਡਕੁਆਰਟਰ ਵਿਖੇ ਸੂਬਾ ਪੱਧਰੀ ਕੰਟਰੋਲ ਰੂਮ (ਫੋਨ ਨੰਬਰ 88720-90029/0172-2920074) ਵੀ ਸਥਾਪਤ ਕੀਤਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਸ਼ਿਕਾਇਤ/ਸੰਕਟ ਆਉਣ 'ਤੇ ਫੌਰੀ ਕਾਰਵਾਈ ਕੀਤੀ ਜਾ ਸਕੇ।
ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਵਿਭਾਗ ਵਲੋਂ ਸੂਬਾਈ ਨੋਡਲ ਅਫ਼ਸਰ ਨੂੰ ਨਿਗਰਾਨ ਅਫ਼ਸਰ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਸਥਿਤੀ ਨੂੰ ਸੰਭਾਲਣ ਲਈ ਜ਼ਿਲਾ ਨੋਡਲ ਅਫ਼ਸਰ ਵੀ ਲਾਏ ਗਏ ਹਨ। ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ 22 ਜ਼ਿਲਾ ਹਸਪਤਾਲਾਂ ਅਤੇ 3 ਸਰਕਾਰੀ ਮੈਡੀਕਲ ਕਾਲਜਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਨ੍ਹਾਂ ਹਸਪਤਾਲਾਂ 'ਚ 649 ਬਿਸਤਰਿਆਂ ਦੇ ਵੱਖਰੇ ਵਾਰਡ (ਆਈਸੋਲੇਟਿਡ ਵਾਰਡ) ਬਣਾਏ ਗਏ ਹਨ ਅਤੇ 24 ਵੈਂਟੀਲੇਟਰਾਂ ਦਾ ਵੀ ਬੰਦੋਬਸਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚ ਜ਼ਿਲਾ ਹਸਪਤਾਲਾਂ 'ਚ 14 ਅਤੇ ਸਰਕਾਰੀ ਮੈਡੀਕਲ ਕਾਲਜਾਂ 'ਚ 10 ਵੈਂਟੀਲੇਟਰ ਸ਼ਾਮਲ ਹਨ। ਹਵਾਈ ਅੱਡਿਆਂ 'ਤੇ ਥਰਮਲ ਸਕੈਨਰ ਲਾਏ ਜਾ ਚੁੱਕੇ ਹਨ ਅਤੇ ਇੱਥੇ ਆਉਣ-ਜਾਣ ਵਾਲੇ ਮੁਸਾਫਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਇਟਲੀ ਬਣਿਆ ਕੋਰੋਨਾ ਦਾ ਨਵਾਂ ਕੇਂਦਰ, ਇਕ ਦਿਨ 'ਚ 4,600 ਮਾਮਲੇ ਆਏ ਸਾਹਮਣੇ
‘ਨਾਰੀ ਤੁਝੇ ਸਲਾਮ’ : ਸਮਾਜ ਨੂੰ ਅੱਗੇ ਲਿਜਾਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ ਨਾਰੀ
NEXT STORY