ਲੁਧਿਆਣਾ (ਰਾਜ) : ਮਹਾਨਗਰ ਦੀਆਂ ਸੜਕਾਂ ਤੇ ਪੁਲਸ ਥਾਣਿਆਂ ਬਾਹਰ ਵਰ੍ਹਿਆਂ ਤੋਂ ਧੂੜ ਫੱਕ ਰਹੇ ਤੇ ਕਬਾੜ ਬਣ ਚੁੱਕੇ ਜ਼ਬਤ ਵਾਹਨਾ ਦੀ ਸਮੱਸਿਆ ਦਾ ਹੁਣ ਪੱਕਾ ਹੱਲ ਹੋ ਗਿਆ ਹੈ। ਲੁਧਿਆਣਾ ਨਗਰ ਨਿਗਮ ਨੇ ਪੁਲਸ ਪ੍ਰਸ਼ਾਸਨ ਨੂੰ ਨੂਰਪੁਰ ਬੇਟ ਇਲਾਕੇ ਵਿਚ 9680 ਗਜ਼ ਦੀ ਵੱਡੀ ਜ਼ਮੀਨ ਮੁਹੱਈਆ ਕਰਵਾਈ ਹੈ ਜਿਥੇ ਸ਼ਹਿਰ ਦਾ ਸਭ ਤੋਂ ਵੱਡਾ ਪੁਲਸ ਮਾਲਖਾਨਾ ਵਹੀਕਲ ਯਾਰਡ ਤਿਆਰ ਕੀਤਾ ਗਿਆ ਹੈ। ਇਸ ਕਦਮ ਨਾਲ ਨਾ ਸਿਰਫ ਥਾਣਿਆਂ ਦੀ ਸੂਰਤ ਬਦਲੇਗੀ, ਸਗੋਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਅਤੇ ਸਾਫ ਸਫਾਈ ਵਿਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਇਹ ਵਿਸ਼ਾਲ ਯਾਰਡ ਨੂਰਪੁਰ ਬੇਟ ਵਿਚ ਨਗਰ ਨਿਗਮ ਦੀ ਕਰੀਬ 48,400 ਗਜ ਖਾਲੀ ਪਈ ਜ਼ਮੀਨ ਦਾ ਇਕ ਹਿੱਸਾ ਹੈ ਜੋ ਪਹਿਲਾਂ ਐਨੀਮਲ ਕਾਰਕਸ ਪਲਾਂਟ ਦੇ ਕੋਲ ਸਥਿਤ ਸੀ। ਇਸ ਯੋਜਨਾ ਦਾ ਮੁੱਖ ਮਕਸਦ ਸੜਕਾਂ ਕੰਢੇ ਖੜ੍ਹੇ ਨਾਜਾਇਜ਼ ਕਬਜ਼ੇ ਤੇ ਜ਼ਬਤ ਵਾਹਨਾਂ ਕਾਰਨ ਲੱਗਣ ਵਾਲੇ ਜਾਮ ਤੋਂ ਜਨਤਾ ਨੂੰ ਨਿਜਾਤ ਦਿਵਾਉਣਾ ਹੈ।
ਇਹ ਵੀ ਪੜ੍ਹੋ : ਹੋਲੀ ਮੌਕੇ ਖੰਨਾ ਪੁਲਸ ਦੀ ਹੁੱਲੜਬਾਜ਼ਾਂ 'ਤੇ ਸਖ਼ਤੀ; ਕਈ ਵਾਹਨ ਕੀਤੇ ਬੰਦ, ਕੱਟੇ ਚਲਾਨ
ਹੁਣ ਸ਼ਹਿਰ ਦੇ ਚਾਰੇ ਜ਼ੋਨਾਂ ਦੇ ਤਹਿਤ ਆਉਣ ਵਾਲੇ ਸਾਰੇ 28 ਥਾਣਿਆਂ ਦੇ ਲਵਾਰਸ ਤੇ ਕਾਨੂੰਨੀ ਪ੍ਰਕਿਰਿਆ ਵਿਚ ਫਸੇ ਵਾਹਨਾਂ ਨੂੰ ਇਸੇ ਸੁਰੱਖਿਅਤ ਜਗ੍ਹਾ ’ਤੇ ਰੱਖਿਆ ਜਾਵੇਗਾ। ਇਸ ਨਵੇਂ ਯਾਰਡ ਵਿਚ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਹਰ ਥਾਣੇ ਦੇ ਲਈ ਵੱਖ ਵੱਖ ਬਲਾਕ ਬਣਾਏ ਗਏ ਹਨ ਤੇ ਉਥੇ ਬਾਕਾਇਦਾ ਥਾਣਿਆਂ ਦੇ ਨਾਮ ਦੇ ਬੋਰਡ ਵੀ ਸਥਾਪਤ ਕੀਤੇ ਗਏ ਹਨ। ਪਿਛਲੇ ਕੁਝ ਹੀ ਦਿਨਾਂ ਦੇ ਅੰਦਰ ਵੱਖ-ਵੱਖ ਥਾਣਿਆਂ ਤੋਂ ਲਗਭਗ 1500 ਵਾਹਨ ਇਥੇ ਸ਼ਿਫਟ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਬਚੇ ਵਾਹਨਾਂ ਨੂੰ ਵੀ ਜਲਦ ਹੀ ਇਥੇ ਪਹੁੰਚਾ ਦਿੱਤਾ ਜਾਵੇਗਾ। ਨਗਰ ਨਿਗਮ ਵੱਲੋਂ ਇਸ ਜਗ੍ਹਾ ਨੂੰ ਪੂਰੀ ਤਰ੍ਹਾਂ ਵਿਕਸਿਤ ਕੀਤਾ ਗਿਆ ਹੈ ਜਿਸ ਵਿਚ ਮਜ਼ਬੂਤ ਗੇਟ, ਚਾਰੇ ਪਾਸੇ ਫੈਂਸਿੰਗ ਅਤੇ ਰਾਤ ਦੇ ਸਮੇਂ ਨਿਗਰਾਨੀ ਲਈ ਹਾਈ ਮਾਸਟ ਲਾਈਟਾਂ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ
ਡੀ.ਸੀ.ਪੀ. ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਇਹ ਪੂਰਾ ਯਾਰਡ ਹੁਣ ਆਧੁਨਿਕ ਤਕਨੀਕ ਨਾਲ ਲੈਸ ਹੈ। ਵਾਹਨਾਂ ਦੀ ਸੁਰੱਖਿਆ ਦੇ ਲਈ ਇਥੇ 16 ਹਾਈ ਡੈਫੀਨੇਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਪੁਲਸ ਮੁਲਾਜ਼ਮਾਂ ਦੀ ਚੌਵੀ ਘੰਟੇ ਤਾਇਨਾਤੀ ਯਕੀਨੀ ਬਣਾਈ ਗਈ ਹੈ। ਇਸ ਕਦਮ ਤੋਂ ਬਾਅਦ ਥਾਣਿਆਂ ਦੇ ਬਾਹਰ ਦੀਆਂ ਸੜਕਾਂ ਚੌੜੀਆਂ ਨਜ਼ਰ ਆਉਣਗੀਆਂ ਅਤੇ ਲੰਬੇ ਸਮੇਂ ਤੋਂ ਖੜ੍ਹੀਆ ਗੱਡੀਆਂ ਕਾਰਨ ਪੈਦਾ ਹੋਣ ਵਾਲੀ ਗੰਦਗੀ ਤੇ ਬੀਮਾਰੀਆਂ ਦੇ ਖਤਰੇ ਤੋਂ ਵੀ ਮੁਹੱਲਾ ਨਿਵਾਸੀਆਂ ਨੂੰ ਰਾਹਤ ਮਿਲੇਗੀ। ਪੁਲਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੀ ਹਰ ਸੜਕ ਤੋਂ ਜ਼ਬਤ ਵਾਹਨਾਂ ਨੂੰ ਹਟਾ ਕੇ ਇਥੇ ਸੁਰੱਖਿਅਤ ਪਹੁੰਚਾ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੀ ਮੌਕੇ ਖੰਨਾ ਪੁਲਸ ਦੀ ਹੁੱਲੜਬਾਜ਼ਾਂ 'ਤੇ ਸਖ਼ਤੀ; ਕਈ ਵਾਹਨ ਕੀਤੇ ਬੰਦ, ਕੱਟੇ ਚਲਾਨ
NEXT STORY