ਅੰਮ੍ਰਿਤਸਰ(ਇੰਦਰਜੀਤ)— ਮੰਗਲਵਾਰ ਤੜਕੇ ਭਾਰਤੀ ਹਵਾਈ ਫੌਜ ਵੱਲੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਸਥਿਤ ਜੈਸ਼-ਏ-ਮੁਹੰਮਦ ਦੇ ਕਈ ਟਿਕਾਣਿਆਂ 'ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿਚ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਫੋਰਸਾਂ ਅਤੇ ਪੁਲਸ ਦੀ ਹਲਚਲ ਵੱਧ ਚੁੱਕੀ ਹੈ। ਇਸ ਦੌਰਾਨ ਅਮ੍ਰਿਤਸਰ ਦੇ ਸਰਹੱਦੀ ਖੇਤਰਾਂ ਵਿਚ ਜਿੱਥੇ ਬੀ.ਐੱਸ.ਐੱਫ ਅਤੇ ਹੋਰ ਸੁਰੱਖਿਆ ਫੋਰਸਾਂ ਤਾਇਨਾਤ ਹਨ, ਉਥੇ ਹੀ ਦੂਜੇ ਪਾਸੇ ਅੰਦਰੂਨੀ ਖੇਤਰਾਂ ਵਿਚ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਹੈ।

ਅੰਮ੍ਰਿਤਸਰ ਬਾਰਡਰ ਰੇਂਜ ਵਿਚ ਆਉਂਦੇ ਜ਼ਿਲਿਆਂ ਜਿਨ੍ਹਾਂ ਵਿਚ ਤਰਨਤਾਰਨ, ਮਜੀਠਾ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਦੇ ਖੇਤਰ ਹੈ। ਇਨ੍ਹਾਂ ਵਿਚ ਮੁੱਖ ਤੌਰ 'ਤੇ ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ ਦੇ ਖੇਤਰ ਅਜਿਹੇ ਹਨ ਜੋ ਜ਼ਿਆਦਾ ਸੰਵੇਦਨਸ਼ੀਲ ਹਨ। ਬਾਰਡਰ ਰੇਂਜ ਪੁਲਸ ਨੇ ਅੱਜ ਪੂਰੀ ਨਾਕਾਬੰਦੀ ਕਰਦੇ ਹੋਏ ਸਰਹੱਦੀ ਖੇਤਰਾਂ ਨੂੰ ਘੇਰਿਆ ਹੋਇਆ ਹੈ। ਇਸ ਸੰਬੰਧ ਵਿਚ ਬਾਰਡਰ ਰੇਂਜ ਪੁਲਸ ਦੇ ਇੰਸਪੈਕਟਰ ਜਨਰਲ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਪੂਰੇ ਸਰਹੱਦੀ ਖੇਤਰਾਂ ਵਿਚ ਸਖਤ ਸੁਰੱਖਿਆ ਦੇ ਹੁਕਮ ਸਬੰਧਤ ਐੱਸ.ਐੱਸ.ਪੀਜ਼ ਨੂੰ ਦਿੱਤੇ ਹੋਏ ਹਨ। ਮੰਗਲਵਾਰ ਸਵੇਰ ਤੋਂ ਹੀ ਜਵਾਨਾਂ ਵੱਲੋਂ ਆਉਣ-ਜਾਣ ਵਾਲੇ ਰਸਤਿਆਂ 'ਤੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਪੁਲਸ ਅਤੇ ਬੀ.ਐੱਸ.ਐੱਫ ਵਿਚ ਤਾਲਮੇਲ :-
ਅੰਦਰੂਨੀ ਵਿਵਸਥਾ ਦੇ ਮੱਦੇਨਜ਼ਰ ਪੁਲਸ ਅਤੇ ਬੀ.ਐੱਸ.ਐੱਫ. ਨੇ ਆਪਸ ਵਿਚ ਤਾਲਮੇਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅੰਦਰੂਨੀ ਅਤੇ ਬਾਹਰੀ ਹਰ ਪ੍ਰਕਾਰ ਦੀਆਂ ਸੂਚਨਾਵਾਂ ਆਪਸ ਵਿਚ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਅਫਵਾਹਾਂ ਤੋਂ ਬਚਣ ਲੋਕ:- ਆਈ.ਜੀ. ਬਾਰਡਰ ਰੇਂਜ
ਅਮ੍ਰਿਤਸਰ ਐੱਸ.ਪੀ.ਐੱਸ. ਪਰਮਾਰ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਫਵਾਹਾਂ ਨਾ ਫੈਲਾਓ ਜੇਕਰ ਕੋਈ ਅਫਵਾਹ ਫੈਲਾਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿਓ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਹੱਦੀ ਖੇਤਰਾਂ ਵਿਚ ਕਿਸ ਵੀ ਪ੍ਰਕਾਰ ਦੀ ਕੋਈ ਹਲਚਲ ਨਹੀਂ ਹੈ।
ਹਵਾਈ ਸਟਰਾਈਕ ਤੋਂ ਬਾਅਦ ਜਾਣੋ ਕੀ ਬੋਲਿਆ ਸ਼ਹੀਦ ਕੁਲਵਿੰਦਰ ਸਿੰਘ ਦਾ ਪਰਿਵਾਰ
NEXT STORY