ਰੋਪੜ (ਰਾਕੇਸ਼ ਰਾਣਾ)— ਭਾਰਤ ਦੀ ਹਵਾਈ ਫੌਜ ਵੱਲੋਂ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ 'ਤੇ ਵੱਡੀ ਕਾਰਵਾਈ ਕਰਨ ਤੋਂ ਬਾਅਦ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਸਮੇਤ ਪਰਿਵਾਰ ਨੇ ਖੁਸ਼ੀ ਜ਼ਾਹਰ ਕੀਤੀ ਹੈ। ਪਿੰਡ ਦੇ ਰੌਲੀ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਾਡੇ ਬੱਚਿਆਂ ਦੀ ਸ਼ਹਾਦਤ ਨੂੰ ਅੱਜ ਸੱਚੀ ਸ਼ਰਧਾਂਜਲੀ ਮਿਲੀ ਹੈ। ਕੁਲਵਿੰਦਰ ਦੀ ਸ਼ਹਾਦਤ ਦਾ ਬਦਲਾ ਅੱਜ ਫੌਜ ਨੇ ਲਿਆ ਹੈ।
ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਅੱਤਵਾਦ ਦੇ ਗੁਨਾਹਗਾਰਾਂ ਨੂੰ ਸਮੇਂ ਸਿਰ ਸਹੀ ਸਬਕ ਸਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਜੋ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਉਨ੍ਹਾਂ ਦੇ ਦੇਸ਼ 'ਚ ਕੋਈ ਵੀ ਸਿਖਲਾਈ ਸੈਂਟਰ ਨਾ ਹੋਣ ਦਾ ਦਾਅਵਾ ਠੋਕ ਰਿਹਾ ਸੀ, ਦੇ ਕੰਟਰੋਲ ਰੂਮ ਨੂੰ ਤਬਾਹ ਕਰਕੇ ਭਾਰਤ ਸਰਕਾਰ ਨੇ ਉਸ ਦੇ ਝੂਠ ਤੋਂ ਪਰਦਾ ਉਠਾ ਦਿੱਤਾ ਹੈ।
ਮੇਰੇ ਸ਼ਹੀਦ ਹੋਏ ਪੁੱਤਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸ਼ਰਧਾਂਜਲੀ
ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੇ ਛਾਤੀ 'ਤੇ ਹੱਥ ਮਾਰ ਕੇ ਆਖਿਆ ਕਿ ਫੌਜ ਤੇ ਸਰਕਾਰ ਦੀ ਉਕਤ ਕਾਰਵਾਈ ਮੇਰੇ ਸ਼ਹੀਦ ਹੋਏ ਪੁੱਤਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਕਿਹਾ ਕਿ 20 ਮਿੰਟਾਂ ਦੌਰਾਨ ਪਾਕਿਸਤਾਨ 'ਚ ਦਾਖਲ ਹੋ ਕੇ ਅੱਤਵਾਦੀਆਂ ਦੇ ਸਿਖਲਾਈ ਕੈਂਪਾਂ ਨੂੰ ਨਸ਼ਟ ਕਰ ਦੇਣਾ ਅਤੇ 200 ਤੋਂ 300 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਸਰਕਾਰ ਅਤੇ ਫੌਜ ਦੀ ਬਹੁਤ ਵੱਡੀ ਉਪਲੱਬਧੀ ਹੈ।

ਖੁੱਲ੍ਹਾ ਘੁੰਮ ਰਿਹਾ ਹੈ ਸੈਨਿਕਾਂ ਦਾ ਹੱਤਿਆਰਾ ਮੌਲਾਨਾ ਮਸੂਦ ਅਜ਼ਹਰ
ਉਨ੍ਹਾਂ ਨੇ ਕਿਹਾ ਕਿ ਭਾਵੇਂ ਉਕਤ ਹਮਲੇ 'ਚ ਜੈਸ਼ ਦੇ ਟ੍ਰੇਨਰ, ਸੀਨੀਅਰ ਕਮਾਂਡਰ ਤੇ ਸੈਂਕੜੇ ਜੇਹਾਦੀਆਂ ਤੋਂ ਇਲਾਵਾ ਫਿਦਾਈਨ ਹਮਲੇ ਲਈ ਤਿਆਰ ਹੋ ਰਹੇ ਅੱਤਵਾਦੀਆਂ ਸਹਿਤ ਜੈਸ਼-ਏ-ਮੁਹੰਮਦ ਨੂੰ ਚਲਾਉਣ ਵਾਲਾ ਯੂਸਵ ਅਜ਼ਹਰ ਮਾਰਿਆ ਗਿਆ ਹੈ ਪਰ ਉਕਤ ਸੰਗਠਨ ਦਾ ਅਸਲ ਸਰਗਣਾ ਅਤੇ ਭਾਰਤੀ ਸੈਨਿਕਾਂ ਦਾ ਹੱਤਿਆਰਾ ਮੌਲਾਨਾ ਮਸੂਦ ਅਜ਼ਹਰ ਅਜੇ ਵੀ ਖੁੱਲ੍ਹਾ ਘੁੰਮ ਰਿਹਾ ਹੈ। ਜਦੋਂ ਤੱਕ ਮੌਲਾਨਾ ਮਸੂਦ ਨੂੰ ਕਾਬੂ ਨਹੀਂ ਕੀਤਾ ਜਾਂਦਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਚੈਨ ਨਹੀਂ ਆਵੇਗਾ। ਸ਼ਹੀਦ ਦੇ ਪਿਤਾ ਨੇ ਕਿਹਾ ਕਿ ਜੇਕਰ ਪਹਿਲਾਂ ਅਜਿਹੀ ਕਾਰਵਾਈ ਹੋਈ ਹੁੰਦੀ ਤਾਂ ਦੇਸ਼ ਦੇ ਕਈ ਸੈਨਿਕਾਂ ਦੀਆਂ ਜ਼ਿੰਦਗੀਆਂ ਬੱਚ ਸਕਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲੇ ਦਾ ਇੰਨੀ ਜਲਦੀ ਬਦਲਾ ਲੈਣ ਦੀ ਕਾਰਵਾਈ ਨਾਲ ਉਨ੍ਹਾਂ ਦੇ ਦਿਲ ਨੂੰ ਬਹੁਤ ਸਕੂਨ ਪਹੁੰਚਿਆ ਹੈ।
ਛੇੜੋਗੇ ਤਾਂ ਛੱਡਾਂਗੇ ਨਹੀਂ ਦਾ ਵਾਅਦਾ ਨਿਭਾਇਆ
ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਸੈਨਾ ਅਕਸਰ ਇਹੋ ਦਾਅਵਾ ਕਰਦੀ ਆਈ ਹੈ ਕਿ ਦੇਸ਼ ਦੀ ਅਖੰਡਤਾ ਨੂੰ ਹਰ ਹਾਲ 'ਚ ਕਾਇਮ ਰੱਖਿਆ ਜਾਵੇਗਾ। ਇਸ ਤਹਿਤ ਅੱਜ ਤੜਕਸਾਰ ਸਖਤ ਕਾਰਵਾਈ ਕਰਦਿਆਂ ਹਵਾਈ ਸੈਨਾ ਨੇ ਛੇੜੋਗੇ ਤਾਂ ਛੱਡਾਂਗੇ ਨਹੀਂ ਦਾ ਵਾਅਦਾ ਨਿਭਾਇਆ ਹੈ। ਜਿਸ ਲਈ ਮੈਂ ਉਕਤ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ ਭਾਰਤੀ ਸੈਨਿਕਾਂ ਨੂੰ ਸਲਾਮ ਕਰਦਾ ਹਾਂ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ 'ਚ 44 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ 'ਚ ਪੰਜਾਬ ਦੇ 4 ਜਵਾਨ ਵੀ ਸ਼ਾਮਲ ਸਨ। ਭਾਰਤੀ ਹਵਾਈ ਫੌਜ ਵੱਲੋਂ ਅੱਜ ਪੁਲਵਾਮਾ ਹਮਲਾ ਦਾ ਬਦਲਾ ਲੈਣ 'ਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਫੌਜ ਦੀ ਕਾਰਵਾਈ ਤੋਂ ਬਾਅਦ ਪੰਜਾਬ 'ਚ ਅਲਰਟ, ਕੈਪਟਨ ਨੇ ਸੱਦੀ ਮੀਟਿੰਗ
NEXT STORY