ਅੰਮ੍ਰਿਤਸਰ,(ਅਰੁਣ): ਨਰਾਇਣਗੜ੍ਹ ਛੇਹਰਟਾ ਸਥਿਤ ਹਮੀਦਪੁਰਾ ਕਾਲੋਨੀ 'ਚ ਪੁਰਾਣੀ ਰੰਜਿਸ਼ ਕਾਰਣ ਅੰਨ੍ਹੇਵਾਹ ਘਰ ਦੇ ਗੇਟ 'ਤੇ 2 ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਉਕਤ ਮੋਟਰਸਾਈਕਲ ਸਵਾਰਾਂ ਖਿਲਾਫ ਪੁਲਸ ਵੱਲੋਂ ਇਰਾਦਾ ਕਤਲ ਦੋਸ਼ ਦੇ ਤਹਿਤ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ।
ਕੀ ਹੈ ਮਾਮਲਾ
ਹਮੀਦਪੁਰਾ ਕਾਲੋਨੀ ਸਥਿਤ ਇਕ ਪਲਾਟ 'ਚ ਗੇਟ ਲਾਉਣ ਕਾਰਣ ਬੀਤੀ 20 ਜੁਲਾਈ ਦੀ ਰਾਤ ਮੁਹੱਲਾ ਵਾਸੀ ਵਿਕਰਮਜੀਤ ਸਿੰਘ ਤੇ ਵਿਸ਼ਾਲ ਸਿੰਘ ਦੇ ਪਰਿਵਾਰ 'ਚ ਤਕਰਾਰ ਹੋਈ ਸੀ। ਦੇਰ ਰਾਤ ਦੋਨਾਂ ਧਿਰਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਸੀ। ਕਰੀਬ 4/5 ਦਿਨ ਪਹਿਲਾਂ ਥਾਣਾ ਘਰਿੰਡਾ ਦੀ ਪੁਲਸ ਵੱਲੋਂ ਵਿਕਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਵਿਸ਼ਾਲ ਸਿੰਘ ਸਮੇਤ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪਰਚਾ ਦਰਜ ਹੋਣ ਦੀ ਰੰਜਿਸ਼ ਨੂੰ ਮਨ 'ਚ ਰੱਖਦਿਆਂ ਬੀਤੀ ਰਾਤ 12.30 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਵਿਸ਼ਾਲ ਸਿੰਘ ਤੇ ਉਸ ਦੇ ਇਕ ਹੋਰ ਸਾਥੀ ਵੱਲੋਂ ਵਿਕਰਮਜੀਤ ਦੇ ਘਰ ਦੇ ਬਾਹਰ ਆ ਕੇ ਪਰਚਾ ਦਰਜ ਕਰਵਾਉਣ ਦਾ ਸਬਕ ਸਿਖਾਉਣ ਦਾ ਕਹਿ ਕੇ ਗੇਟ 'ਤੇ ਲਗਾਤਾਰ 7 ਫਾਇਰ ਕੀਤੇ ਗਏ। ਇਸ ਫਾਇਰਿੰਗ ਦੇ ਦੌਰਾਨ ਗੋਲੀ ਦਾ ਛਰਾ ਲੱਗਣ ਨਾਲ ਘਰ ਦੇ ਅੰਦਰ ਲੇਟਿਆ ਇਕ ਨੌਜਵਾਨ ਵਿਕਰਮਜੀਤ ਸਿੰਘ ਮਾਮੂਲੀ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਅਟਾਰੀ ਜੀ. ਐੱਸ. ਸਹੋਤਾ ਥਾਣਾ ਘਰਿੰਡਾ ਮੁਖੀ ਮਨਮੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ। ਪੁਲਸ ਵਲੋਂ ਗੋਲੀ ਦੀ ਖਾਲੀ ਖੋਲ ਕਬਜ਼ੇ 'ਚ ਲੈਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਰਾਦਾ ਕਤਲ ਦੇ ਦੋਸ਼ ਤਹਿਤ ਮਾਮਲਾ ਦਰਜ : ਥਾਣਾ ਮੁਖੀ
ਥਾਣਾ ਘਰਿੰਡਾ ਮੁਖੀ ਮਨਮੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮ ਵਿਸ਼ਾਲ ਸਿੰਘ ਤੇ ਉਸ ਦੇ ਅਣਪਛਾਤੇ ਸਾਥੀਆਂ ਖਿਲਾਫ ਕਾਰਵਾਈ ਕਰਦਿਆਂ ਇਰਾਦਾ ਕਤਲ ਦੋਸ਼ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਹਮਲਾਵਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 4 ਨੌਜਵਾਨਾਂ ਤੋਂ ਠੱਗੇ ਲੱਖਾਂ ਰੁਪਏ, ਮਾਮਲਾ ਦਰਜ
NEXT STORY