ਅੰਮ੍ਰਿਤਸਰ (ਇੰਦਰਜੀਤ) : ਭਾਜਪਾ ਦੀ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰ ਦਾ ਐਲਾਨ ਨਾ ਕਰਨ 'ਤੇ ਜਿਥੇ ਇਹ ਚਰਚਾ ਛਿੜੀ ਹੋਈ ਸੀ ਕਿ ਇਸ ਦਾ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਚੋਣ ਪ੍ਰਚਾਰ ਸ਼ੁਰੂ ਨਾ ਹੋਣ ਨਾਲ ਇਸ ਦਾ ਲਾਭ ਕਾਂਗਰਸੀ ਲੈ ਸਕਦੇ ਹਨ ਪਰ ਬੀਤੇ 48 ਘੰਟਿਆਂ 'ਚ ਅੰਮ੍ਰਿਤਸਰ ਤੋਂ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਢੰਗ ਨਾਲ ਫੈਲੀ ਬਾਲੀਵੁੱਡ ਐਕਟਰ ਸੰਨੀ ਦਿਓਲ ਦੀ ਉਮੀਦਵਾਰੀ ਦੀ ਚਰਚਾ ਨੇ ਕਾਂਗਰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਸੰਘਣੀ ਦਾੜ੍ਹੀ ਤੇ ਪੱਗ ਬੰਨ੍ਹ ਕੇ ਸੰਨੀ ਦਿਓਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪਹੁੰਚ ਗਈ ਹੈ। ਉਥੇ ਹੀ ਇਸ ਸਬੰਧ 'ਚ ਭਾਜਪਾ ਦੇ ਉੱਚ ਪੱਧਰੀ ਸੂਤਰਾਂ ਦਾ ਮੰਨਣਾ ਹੈ ਕਿ ਫਿਲਮ ਸਟਾਰ ਸੰਨੀ ਦਿਓਲ ਲਈ ਅਮਿਤ ਸ਼ਾਹ ਜ਼ਿਆਦਾ ਇੱਛਾ ਰੱਖਦੇ ਹਨ, ਉਥੇ ਹੀ ਸੂਤਰਾਂ ਦੀਆਂ ਮੰਨੀਏ ਤਾਂ ਅਮਿਤ ਸ਼ਾਹ ਸੰਨੀ ਦਿਓਲ ਨੂੰ ਮਨਾਉਣ ਦੀ ਕੋਸ਼ਿਸ਼ ਵਿਚ ਵੀ ਹਨ ਪਰ ਫਿਲਹਾਲ ਸੰਨੀ ਦੀ ਹਾਂ ਨਹੀਂ ਹੋ ਸਕੀ।
ਹਾਲਾਂਕਿ ਸੰਨੀ ਦਿਓਲ ਦੀ ਇਸ ਸੀਟ 'ਤੇ ਉਮੀਦਵਾਰੀ ਦੀ ਕਿਸੇ ਭਾਜਪਾ ਨੇਤਾ ਨੇ ਤਾਂ ਪੁਸ਼ਟੀ ਨਹੀਂ ਕੀਤੀ ਪਰ ਅੰਮ੍ਰਿਤਸਰ ਦੀ ਜਨਤਾ 'ਚ ਜਗ੍ਹਾ-ਜਗ੍ਹਾ ਸੰਨੀ ਦਿਓਲ ਦੀਆਂ ਚਰਚਾਵਾਂ ਹਨ। ਕੋਈ ਕਹਿ ਰਿਹਾ ਹੈ ਸੰਨੀ ਦਿਓਲ ਸਿੱਖ ਹਨ ਤੇ ਪੰਜਾਬੀਆਂ ਦੀਆਂ ਵੋਟਾਂ ਇਕੱਠੀਆਂ ਕਰ ਸਕਦੇ ਹਨ। ਸੰਨੀ ਦੇ ਆਉਣ ਨਾਲ ਧਰਮਿੰਦਰ, ਹੇਮਾ ਮਾਲਿਨੀ ਤੇ ਸ਼ਿਲਪਾ ਸ਼ੈੱਟੀ ਜਿਹੇ ਮੰਨੇ-ਪ੍ਰਮੰਨੇ ਫਿਲਮ ਸਟਾਰ ਵੀ ਅੰਮ੍ਰਿਤਸਰ 'ਚ ਪ੍ਰਚਾਰ ਲਈ ਪਹੁੰਚਣਗੇ ਆਦਿ ਕਈ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਕੀ ਕਹਿੰਦੇ ਹਨ ਅਨਿਲ ਜੋਸ਼ੀ
ਇਸ ਸਬੰਧੀ ਭਾਜਪਾ ਦੇ ਲੋਕਲ ਨੇਤਾਵਾਂ 'ਚ ਇਸ ਸੀਟ ਦੇ ਪ੍ਰਮੁੱਖ ਦਾਅਵੇਦਾਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਦੀ ਕੋਈ ਜਾਣਕਾਰੀ ਅਧਿਕਾਰਕ ਤੌਰ 'ਤੇ ਨਹੀਂ ਹੈ ਪਰ ਹਾਈਕਮਾਨ ਜਿਸ ਨੂੰ ਵੀ ਭੇਜੇ, ਅਸੀਂ ਸਵਾਗਤ ਕਰਾਂਗੇ।
ਇਹ ਫਿਲਮ ਦੀ ਸ਼ੂਟਿੰਗ ਨਹੀਂ : ਸੋਨੀਆ
ਜ਼ਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਮੈਡਮ ਜਤਿੰਦਰ ਸੋਨੀਆ ਦਾ ਕਹਿਣਾ ਹੈ ਕਿ ਇਹ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ। ਭਾਜਪਾ ਚੋਣ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੀ ਹੈ ਤੇ ਇਸ ਲਈ ਪਹਿਲਾਂ ਕਿਰਨ ਖੇਰ, ਅਕਸ਼ੇ ਕੁਮਾਰ, ਪੂਨਮ ਢਿੱਲੋਂ, ਫਿਰ ਹਰਦੀਪ ਪੁਰੀ ਤੇ ਹੁਣ ਸੰਨੀ ਦਿਓਲ ਦੀ ਚਰਚਾ ਨੂੰ ਲੈ ਕੇ ਲੋਕਾਂ 'ਚ ਭੁਲੇਖਾ ਪਾ ਰਹੀ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਭਾਜਪਾ ਕੋਲ ਇਸ ਸਮੇਂ ਕੋਈ ਉਮੀਦਵਾਰ ਹੀ ਨਹੀਂ ਹੈ, ਜੋ ਕਾਂਗਰਸ ਦਾ ਸਾਹਮਣਾ ਕਰ ਸਕੇ।
'ਕੈਪਟਨ' ਨਾਲ ਕਰੋ ਦਿਲ ਖੋਲ੍ਹ ਕੇ ਗੱਲਾਂ, ਹਰ ਗੱਲ ਦਾ ਮਿਲੇਗਾ ਜਵਾਬ
NEXT STORY