ਅੰਮ੍ਰਿਤਸਰ ( ਗੁਰਪ੍ਰੀਤ ਸਿੰਘ ) - ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਨੰਗਲੀ 'ਚ ਸਰਹੱਦ 'ਤੇ ਤਾਇਨਾਤ ਇਕ ਫੌਜੀ ਦੀ ਭੈਣ ਹਰਿੰਦਰ ਕੌਰ ਵਲੋਂ ਆਪਣੇ ਪਤੀ ਤੇ ਸਹੁਰਾ ਪਰਿਵਾਰ 'ਤੇ ਉਸ ਦਾ ਕਤਲ ਕਰ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਰਿੰਦਰ ਕੌਰ ਸੱਤ ਭੈਣਾਂ ਹਨ, ਜਿਨ੍ਹਾਂ ਦਾ ਇਕੋ ਇਕ ਭਰਾ ਹੈ, ਜੋ ਫੌਜੀ ਹੈ। ਹਰਿੰਦਰ ਦਾ ਵਿਆਹ ਦੋ ਸਾਲ ਪਹਿਲਾਂ ਸ਼ਮਸ਼ੇਰ ਸਿੰਘ ਨਾਲ ਹੋਇਆ ਸੀ ਅਤੇ ਹੁਣ ਉਨ੍ਹਾਂ ਦਾ ਇਕ ਪੁੱਤਰ ਵੀ ਹੈ। ਪੀੜਤਾਂ ਨੇ ਦੱਸਿਆ ਕਿ ਵਿਆਹ ਤੋਂ ਕੁਝ ਮਹੀਨੇ ਬਾਅਦ ਜਿਥੇ ਪਤੀ ਉਸ ਨੂੰ ਸਾਵਲੇ ਰੰਗ ਕਾਰਨ ਛੱਡ ਦੇਣ ਦੀਆਂ ਧਮਕੀਆਂ ਦੇਣ ਲੱਗਾ, ਉਥੇ ਹੀ ਸਹੁਰਾ ਪਰਿਵਾਰ ਉਸ ਕੋਲੋਂ ਗੱਡੀ ਦੀ ਮੰਗ ਕਰ ਰਿਹਾ ਸੀ। ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਮਿਲ ਕੇ ਉਸ ਦੀ ਕੁੱਟਮਾਰ ਕਰਦੇ ਤੇ ਉਸ ਨੂੰ ਕਰੰਟ ਲਗਾ ਕੇ ਤਸ਼ਦੱਦ ਦਿੰਦੇ ਸਨ।
ਦੱਸ ਦੇਈਏ ਕਿ ਪੀੜਤਾਂ ਨੇ ਆਪਣੇ ਪਤੀ ਸ਼ਮਸ਼ੇਰ ਸਿੰਘ ਦੇ ਕਿਸੇ ਹੋਰ ਮਹਿਲਾ ਨਾਲ ਨਾਜਾਇਜ਼ ਸਬੰਧ ਹੋਣ ਦਾ ਖਦਸ਼ਾ ਵੀ ਜਤਾਇਆ ਹੈ। ਫੌਜੀ ਦੀ ਭੈਣ 'ਤੇ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾ ਕੇ ਇਨਸਾਫ ਦੀ ਮੰਗ ਅਤੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਦੀ ਰਾਖੀ ਲਈ ਫੌਜੀ ਆਪਣੇ ਪਰਿਵਾਰ ਤੋਂ ਦੂਰ ਸਰਹੱਦ 'ਤੇ ਤਾਇਨਾਤ ਰਹਿੰਦੇ ਹਨ ਤੇ ਪਿੱਛੋਂ ਉਨ੍ਹਾਂ ਦੇ ਪਰਿਵਾਰਾਂ 'ਤੇ ਹੁੰਦੀਆਂ ਵਧੀਕੀਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਭਰਾ ਦੀ ਗੈਰ-ਮੌਜਦੂਗੀ 'ਚ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਇਹ ਦੇਖਣਾ ਬਾਕੀ ਹੋਵੇਗਾ।
ਸਮਰਾਲਾ ਥਾਣੇ 'ਚ ਗੋਲੀ ਚੱਲਣ ਕਾਰਨ ਹਵਾਲਾਤੀ ਦੀ ਮੌਤ, ਮਚੀ ਤੜਥੱਲੀ
NEXT STORY