ਗੋਨਿਆਣਾ ਮੰਡੀ (ਗੋਰਾ ਲਾਲ) : ਸ਼ਹਿਰ ਗੋਨਿਆਣਾ ਮੰਡੀ 'ਚ ਨਕਲੀ ਅਤੇ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਦੀ ਭਰਮਾਰ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ। ਮਹਿੰਗਾਈ ਦੇ ਇਸ ਦੌਰ 'ਚ ਜਿੱਥੇ ਆਮ ਆਦਮੀ ਪਹਿਲਾਂ ਹੀ ਪਰੇਸ਼ਾਨ ਹੈ, ਉੱਥੇ ਸਸਤੇ ਦੇ ਨਾਂ ‘ਤੇ ਵੇਚਿਆ ਜਾ ਰਿਹਾ ਨਕਲੀ ਸਮਾਨ ਲੋਕਾਂ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਕਰ ਰਿਹਾ ਹੈ। ਸਭ ਤੋਂ ਵੱਡੀ ਚਰਚਾ ਇਸ ਵੇਲੇ ਬਾਜ਼ਾਰ 'ਚ ਡਾਲਡਾ ਦੇ ਰੇਟ ‘ਤੇ ਵਿਕ ਰਹੇ ਡੁਪਲੀਕੇਟ 'ਦੇਸੀ ਘਿਓ' ਦੀ ਹੈ। ਲੋਕਾਂ ਨੂੰ ਖਿੱਚਣ ਲਈ ਕੁੱਝ ਵਪਾਰੀ ਖੁੱਲ੍ਹੇਆਮ ਦਾਅਵਾ ਕਰ ਰਹੇ ਹਨ ਕਿ ਇਹ ਖ਼ਾਲਸ ਦੇਸੀ ਘਿਓ ਹੈ, ਪਰ ਕੀਮਤ ਇੰਨੀ ਘੱਟ ਕਿ ਸ਼ੱਕ ਪੈਦਾ ਹੋਣਾ ਲਾਜ਼ਮੀ ਹੈ। ਜਾਣਕਾਰਾਂ ਮੁਤਾਬਕ ਕਈ ਥਾਵਾਂ ‘ਤੇ ਬਨਸਪਤੀ ਜਾਂ ਘਟੀਆ ਤੇਲ 'ਚ ਖੁਸ਼ਬੂ ਅਤੇ ਰੰਗ ਮਿਲਾ ਕੇ ਉਸ ਨੂੰ ਦੇਸੀ ਘਿਓ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਗਰੀਬ ਗਾਹਕ ਠੱਗੇ ਜਾ ਰਹੇ ਹਨ।
ਸਥਾਨਕ ਬਾਜ਼ਾਰਾਂ 'ਚ ਦਾਲਾਂ, ਮਸਾਲਿਆਂ, ਮਠਿਆਈਆਂ, ਦੁੱਧ ਅਤੇ ਤੇਲ ਦੇ ਨਾਲ-ਨਾਲ ਇਹ ਡੁਪਲੀਕੇਟ ਘਿਓ ਵੀ ਬਿਨਾਂ ਡਰ ਦੇ ਵਿਕ ਰਿਹਾ ਹੈ, ਪਰ ਸਬੰਧਿਤ ਵਿਭਾਗ ਵੱਲੋਂ ਕੋਈ ਸਖ਼ਤ ਕਾਰਵਾਈ ਨਜ਼ਰ ਨਹੀਂ ਆ ਰਹੀ। ਲੋਕਾਂ ਦਾ ਦਾਅਵਾ ਹੈ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਸਿਰਫ਼ ਰਸਮੀ ਛਾਪੇਮਾਰੀ ਕਰਕੇ ਮਾਮਲਾ ਠੰਡੇ ਬਸਤੇ ਪਾ ਦਿੱਤਾ ਜਾਂਦਾ ਹੈ। ਗਰੀਬ ਪਰਿਵਾਰ ਸਸਤੇ ਰੇਟ ਦੇ ਚੱਕਰ 'ਚ ਇਹ ਸਮਾਨ ਖਰੀਦ ਲੈਂਦੇ ਹਨ ਪਰ ਬਾਅਦ 'ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਪੇਟ ਦੀਆਂ ਬੀਮਾਰੀਆਂ, ਉਲਟੀਆਂ, ਐਸੀਡਿਟੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਕਟਰੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮਿਲਾਵਟੀ ਘਿਓ ਲੰਬੇ ਸਮੇਂ 'ਚ ਦਿਲ ਅਤੇ ਜਿਗਰ ਲਈ ਘਾਤਕ ਸਾਬਤ ਹੋ ਸਕਦਾ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਾਂਚ ਟੀਮਾਂ ਦੇ ਆਉਣ ਤੋਂ ਪਹਿਲਾਂ ਹੀ ਕੁੱਝ ਦੁਕਾਨਦਾਰਾਂ ਨੂੰ ਸੂਚਨਾ ਮਿਲ ਜਾਂਦੀ ਹੈ ਅਤੇ ਸ਼ੱਕੀ ਸਮਾਨ ਗਾਇਬ ਕਰ ਦਿੱਤਾ ਜਾਂਦਾ ਹੈ। ਇਸ ਨਾਲ ਸ਼ਹਿਰ 'ਚ ਚਰਚਾ ਚੱਲ ਰਹੀ ਹੈ ਕਿ ਕੀ ਮਹਿਕਮਾ ਬੇਖਬਰ ਹੈ ਜਾਂ ਫਿਰ ਕਿਸੇ ਦੀ 'ਮੁੱਠੀ ਗਰਮ' ਹੋ ਰਹੀ ਹੈ? ਨਗਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਗੋਨਿਆਣਾ ਮੰਡੀ 'ਚ ਨਿਯਮਿਤ ਅਤੇ ਅਚਾਨਕ ਛਾਪੇ ਮਾਰੇ ਜਾਣ, ਖ਼ਾਸ ਕਰਕੇ ਡੁਪਲੀਕੇਟ ਦੇਸੀ ਘਿਓ ਅਤੇ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਦੀ ਲੈਬ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਗੋਨਿਆਣਾ ਮੰਡੀ 'ਚ ਗਰੀਬਾਂ ਦੀ ਥਾਲੀ 'ਚਚ ਪੈ ਰਹੀ ਹਰ ਨਕਲੀ ਚੀਜ਼ ਸਿਹਤ ਸੰਕਟ ਦਾ ਰੂਪ ਧਾਰ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਗੰਭੀਰ ਮਾਮਲੇ ‘ਤੇ ਜਾਗਦਾ ਹੈ ਜਾਂ ਲੋਕਾਂ ਦੀ ਸਿਹਤ ਨਾਲ ਇਹ ਖੇਡ ਜਾਰੀ ਰਹੇਗੀ।
ਕੀ ਕਹਿੰਦੇ ਹਨ ਫੂਡ ਇੰਸਪੈਕਟਰ
ਇਸ ਸਬੰਧੀ ਜਦੋਂ ਫੂਡ ਇੰਸਪੈਕਟਰ ਸੁੰਧੀਰ ਸਿੰਘਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ 3-4 ਮਹੀਨਿਆਂ ਬਾਅਦ ਸੈਂਪਲ ਕਰਦੇ ਰਹਿੰਦੇ ਹਾਂ ਪਰ ਅਸੀਂ ਨਹੀਂ ਦੱਸ ਸਕਦੇ ਅਸੀਂ ਸਾਲ 'ਚ ਕਿੰਨੇ ਸੈਂਪਲ ਕੀਤੇ ਅਤੇ ਕਿੰਨੀ ਵਾਰ ਮੰਡੀ ਆਏ। ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਗੋਨਿਆਣਾ ਮੰਡੀ 'ਚ 3-4 ਮਹੀਨੇ ਪਹਿਲਾਂ ਆਏ ਸੀ ਅਤੇ ਕੁੱਝ ਸੈਂਪਲ ਵੀ ਲਏ ਸਨ ਪਰ ਉਹ ਨਹੀਂ ਦੱਸ ਸਕਦੇ ਵੀ ਕਿੰਨੇ ਸੈਂਪਲ ਲਏ ਸਨ ਅਤੇ ਕਿੰਨੇ ਉਨ੍ਹਾਂ ਵਿੱਚੋਂ ਫੇਲ੍ਹ ਹੋਏ। ਜਦੋਂ ਉਨ੍ਹਾਂ ਨਾਲ 250 ਰੁਪਏ ਕਿੱਲੋ ਦੇਸੀ ਘਿਓ ਮਿਲਣ ਦੀ ਗੱਲ ਸਾਂਝੀ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਚੈਕਿੰਗ ਕਰਾਂਗੇ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ
NEXT STORY