ਅੰਮ੍ਰਿਤਸਰ (ਮਮਤਾ) : ਗੁਰਦੁਆਰਾ ਗੁਰੂ ਨਾਨਕ ਪਿਆਉ ਨਵੀਂ ਦਿੱਲੀ ਤੋਂ ਨਨਕਾਣਾ ਸਾਹਿਬ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਡੀ. ਐੱਸ. ਜੀ. ਪੀ. ਪਰਮਜੀਤ ਸਿੰਘ ਸਰਨਾ ਦੀ ਅਗਵਾਈ 'ਚ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ ਅੱਜ ਬਾਅਦ ਦੁਪਹਿਰ ਅਟਾਰੀ ਸਰਹੱਦ ਰਾਹੀਂ ਵਾਹਗਾ ਪਾਰ ਕਰ ਗਿਆ ਪਰ ਸਰਨਾ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲੀ, ਜਿਸ ਸਬੰਧੀ ਉਨ੍ਹਾਂਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਤੇ ਰਾਜਨੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਸਰੀ ਵਾਰ ਬੇਅਦਬੀ ਕਰਨ ਦਾ ਦੋਸ਼ ਲਾ ਕੇ ਆਪਣੇ ਨਾਲ ਹੋਈ ਬੇਇਨਸਾਫੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਨਸਾਫ ਦੀ ਮੰਗ ਵੀ ਕੀਤੀ ਹੈ।
ਪਾਕਿ ਨੇ ਬੱਸ ਨੂੰ ਨਹੀਂ ਦਿੱਤੀ ਪ੍ਰਵਾਨਗੀ, ਪੈਦਲ ਗਏ ਸ਼ਰਧਾਲੂ
ਨਗਰ ਕੀਰਤਨ ਅੱਜ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਰਵਾਨਾ ਹੋਇਆ ਅਤੇ ਹੈਰੀਟੇਜ ਸਟਰੀਟ 'ਚ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕਾਂਗਰਸ ਜ਼ਿਲਾ ਪ੍ਰਧਾਨ ਜਤਿੰਦਰ ਸੋਨੀਆ ਤੇ ਐੱਸ. ਡੀ. ਐੱਮ. ਵਿਕਾਸ ਹੀਰਾ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਸ੍ਰੀ ਦਰਬਾਰ ਸਾਹਿਬ ਤੋਂ ਚੱਲ ਕੇ ਭਰਾਵਾਂ ਦਾ ਢਾਬਾ, ਭਰਾਵਾਂ ਦੇ ਢਾਬੇ ਤੋਂ ਚੱਲ ਕੇ ਸਿਕੰਦਰੀ ਗੇਟ, ਹਾਲ ਗੇਟ, ਭੰਡਾਰੀ ਪੁਲ ਤੋਂ ਚੱਲ ਕੇ ਰੇਲਵੇ ਸਟੇਸ਼ਨ ਅਟਾਰੀ ਰੋਡ ਪੁੱਜਾ, ਜਿਥੇ ਇਮੀਗ੍ਰੇਸ਼ਨ ਕਲੀਅਰ ਕਰਨ ਉਪਰੰਤ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ 'ਚ ਲਗਭਗ 1300 ਸ਼ਰਧਾਲੂ ਨਗਰ ਕੀਰਤਨ ਨਾਲ ਪਾਕਿਸਤਾਨ ਪਹੁੰਚੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਸੁਨਹਿਰੀ ਪਾਲਕੀ 'ਚ ਸੁਸ਼ੋਭਿਤ ਸਨ, ਉਸ ਬੱਸ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਾ ਮਿਲਣ ਕਾਰਣ ਸਿੱਖ ਸ਼ਰਧਾਲੂਆਂ ਨੇ ਪੈਦਲ ਚੱਲ ਕੇ ਜ਼ੀਰੋ ਲਾਈਨ ਨੂੰ ਪਾਰ ਕੀਤਾ ਅਤੇ ਪਾਕਿਸਤਾਨ 'ਚ ਦਾਖ਼ਲ ਹੋਏ। ਪਾਕਿਸਤਾਨ ਵਾਲੇ ਪਾਸੇ ਅਹਿਮ ਸ਼ਖਸੀਅਤਾਂ ਅਤੇ ਸਿੱਖ ਸ਼ਰਧਾਲੂ ਨਗਰ ਕੀਰਤਨ ਦੇ ਸਵਾਗਤ ਲਈ ਸਵੇਰ ਤੋਂ ਖੜ੍ਹੇ ਸਨ। ਨਗਰ ਕੀਰਤਨ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਵਿਦਾਇਗੀ ਦਿੱਤੀ ਗਈ। ਸਰਹੱਦ 'ਤੇ ਫੁੱਲਾਂ ਨਾਲ ਸਜਿਆ ਕਾਰਪੈੱਟ ਅਤੇ ਗੁਲਾਬ ਦੀਆਂ ਪੱਤੀਆਂ ਦੀ ਵਰਖਾ ਨੇ ਇਨ੍ਹਾਂ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਰਾਜ ਮੰਤਰੀ ਤਰਸੇਮ ਸਿੰਘ ਡੀ. ਸੀ., ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ, ਚੇਅਰਮੈਨ ਇੰਪਰੂਵਮੈਂਟ ਟਰੱਸਟ ਦਿਨੇਸ਼ ਬੱਸੀ, ਐੱਸ. ਡੀ. ਐੱਮ. ਸ਼ਿਵਰਾਜ ਸਿੰਘ ਬੱਲ ਅਤੇ ਹੋਰ ਪਤਵੰਤੇ ਹਾਜ਼ਰ ਸਨ। ਬੀ. ਐੱਸ. ਐੱਫ਼. ਦੇ ਜਵਾਨਾਂ ਅਤੇ ਮੁਟਿਆਰਾਂ ਵੱਲੋਂ ਵੀ ਨਗਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਸਰਨਾ ਤੇ ਬਾਬਾ ਦੀਪ ਸਿੰਘ ਨੂੰ 2 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਵੀ ਨਹੀਂ ਦਿੱਤੀ ਜਾਣ ਦੀ ਇਜਾਜ਼ਤ
ਇਮੀਗ੍ਰੇਸ਼ਨ ਕਾਊਂਟਰ 'ਤੇ ਪਹੁੰਚ ਕੇ ਪਰਮਜੀਤ ਸਿੰਘ ਸਰਨਾ ਵੱਲੋਂ ਜਦੋਂ ਅਧਿਕਾਰੀਆਂ ਨੂੰ ਆਪਣਾ ਪਾਸਪੋਰਟ ਦਿੱਤਾ ਗਿਆ ਤਾਂ ਲਗਭਗ 2 ਘੰਟਿਆਂ ਤੱਕ ਇੰਤਜ਼ਾਰ ਤੋਂ ਬਾਅਦ ਉਨ੍ਹਾਂਂ ਨੂੰ ਇਹ ਜਾਣਕਾਰੀ ਮਿਲੀ ਕਿ ਦਿੱਲੀ ਤੋਂ ਜਾਰੀ ਹੁਕਮਾਂ ਅਨੁਸਾਰ ਉਹ ਪਾਕਿਸਤਾਨ ਨਹੀਂ ਜਾ ਸਕਦੇ। ਇਸ ਦੇ ਨਾਲ ਹੀ ਦਲ ਖਾਲਸਾ ਦੇ ਉਪ ਪ੍ਰਧਾਨ ਬਾਬਾ ਦੀਪ ਸਿੰਘ ਨੂੰ ਵੀ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਮਿਲੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਉਨ੍ਹਾਂਂ ਨੂੰ ਇਕ ਪਰਚੀ ਦਿੱਤੀ ਗਈ, ਜਿਸ 'ਤੇ ਉਨ੍ਹਾਂਂ 'ਤੇ 7 ਸਾਲ ਪੁਰਾਣੇ 420 ਦੇ ਚੱਲ ਰਹੇ ਕੇਸ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਸਰਹੱਦ ਪਾਰੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪਰਚੀ 'ਤੇ ਕੋਈ ਵੀ ਮੋਹਰ ਜਾਂ ਹਸਤਾਖਰ ਨਹੀਂ ਸੀ। ਸਰਨਾ ਨੇ ਕਿਹਾ ਕਿ ਇਹ ਕੇਸ ਉਨ੍ਹਾਂ 'ਤੇ ਦਿੱਲੀ ਕਮੇਟੀ ਵੱਲੋਂ ਹਸਪਤਾਲ ਦੀ ਜ਼ਮੀਨ ਵੇਚਣ ਦੇ ਮਾਮਲੇ 'ਤੇ ਪਾਇਆ ਗਿਆ ਸੀ, ਜਿਸ 'ਤੇ ਉਨ੍ਹਾਂਂ ਕਿਸੇ ਵੀ ਤਰ੍ਹਾਂ ਦੀ ਜ਼ਮਾਨਤ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਇਸ ਕੇਸ ਦੇ ਸਟੇਟਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ।
ਇਸ ਤੋਂ ਪਹਿਲਾਂ ਕਈ ਵਾਰ ਜਾ ਚੁੱਕਾ ਹਾਂ ਪਾਕਿਸਤਾਨ ਅਤੇ ਹੋਰ ਦੇਸ਼ਾਂ 'ਚ
ਸਰਨਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਕਈ ਵਾਰ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿਚ ਵੀ ਆਪਣੇ ਵਪਾਰ ਅਤੇ ਧਾਰਮਿਕ ਕੰਮਾਂ ਲਈ ਜਾ ਚੁੱਕੇ ਹਨ ਪਰ ਇਸ ਦੌਰਾਨ ਕਦੇ ਵੀ ਇਹ ਮਾਮਲਾ ਅੜਿੱਕਾ ਨਹੀਂ ਬਣਿਆ। ਉਨ੍ਹਾਂ ਨੇ ਸਾਰਾ ਦੋਸ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਲਾਇਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਧਾਰਮਿਕ ਕੰਮ ਵਿਚ ਕੀਤੀ ਗਈ ਰਾਜਨੀਤੀ ਆਪਣੇ-ਆਪ 'ਚ ਬਰਗਾੜੀ ਕਾਂਡ ਤੋਂ ਬਾਅਦ ਦੂਸਰੀ ਬੇਅਦਬੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜ਼ਰੂਰ ਜਾਣਗੇ ਅਤੇ ਇਸ ਸਬੰਧੀ ਉਹ ਆਪਣੇ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ 'ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਉਨ੍ਹਾਂ ਦਾ ਨਗਰ ਕੀਰਤਨ ਸਫਲਤਾਪੂਰਵਕ ਲਿਜਾਣਾ ਗਵਾਰਾ ਨਹੀਂ ਸੀ, ਇਸ ਕਰ ਕੇ ਇਹ ਹੱਥਕੰਡਾ ਅਪਣਾਇਆ ਗਿਆ। ਸਰਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਦੋਂ ਗ੍ਰਹਿ ਮੰਤਰੀ ਨੂੰ ਇਸ ਸਬੰਧ ਵਿਚ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਦੀ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ।
ਸ਼੍ਰੋਮਣੀ ਕਮੇਟੀ 'ਤੇ ਨਗਰ ਕੀਰਤਨ ਦਾ ਸਹੀ ਢੰਗ ਨਾਲ ਸਵਾਗਤ ਨਾ ਕਰਨ ਦਾ ਲਾਇਆ ਦੋਸ਼
ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਨਗਰ ਕੀਰਤਨ ਦਾ ਸਹੀ ਢੰਗ ਨਾਲ ਸਵਾਗਤ ਨਾ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਸਿਰੋਪਾਓ ਦੇਣ ਵੇਲੇ ਸਿਰਫ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਇਕ ਹੋਰ ਅਧਿਕਾਰੀ ਹੀ ਮੌਜੂਦ ਸੀ। ਉਨ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ 'ਤੇ ਦੋਸ਼ ਲਾਇਆ ਕਿ ਉਨ੍ਹਾਂ 'ਤੇ 10 ਕੇਸ ਚੱਲ ਰਹੇ ਹਨ, ਇਸ ਦੇ ਬਾਵਜੂਦ ਉਨ੍ਹਾਂਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂਂ ਨੇ ਸੁਨਹਿਰੀ ਪਾਲਕੀ ਸਾਹਿਬ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਬੱਸ ਨੂੰ ਨਾ ਲਿਜਾਣ ਦੇਣ ਦੀ ਇਜਾਜ਼ਤ 'ਤੇ ਵੀ ਰੋਸ ਪ੍ਰਗਟਾਇਆ ਪਰ ਕਿਹਾ ਕਿ ਇਸ ਗੱਲ ਦਾ ਉਨ੍ਹਾਂਂ ਨੂੰ ਕੋਈ ਅਫਸੋਸ ਨਹੀਂ ਕਿਉਂਕਿ ਉਹ ਸਿੱਖ ਸ਼ਰਧਾਲੂਆਂ ਸਮੇਤ ਪਾਲਕੀ ਸਾਹਿਬ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਲੈ ਗਏ ਸਨ। ਉਨ੍ਹਾਂ ਨੇ ਇਲੈਕਟ੍ਰੋਨਿਕ ਮੀਡੀਆ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਵੱਡੇ ਚੈਨਲਾਂ ਵੱਲੋਂ ਨਗਰ ਕੀਰਤਨ ਦੀ ਕਵਰੇਜ ਦਾ ਬਾਈਕਾਟ ਕੀਤਾ ਗਿਆ, ਜਦੋਂਕਿ ਸੋਸ਼ਲ ਮੀਡੀਆ ਨੇ ਲੱਖਾਂ ਦੀ ਗਿਣਤੀ 'ਚ ਸੰਗਤ ਨੂੰ ਨਗਰ ਕੀਰਤਨ ਨਾਲ ਜੋੜਿਆ ਹੈ। ਉਨ੍ਹਾਂਂ ਨੇ ਬਾਦਲ ਦਲ ਵੱਲੋਂ ਪਾਈਆਂ ਅੜਚਨਾਂ ਦੇ ਬਾਵਜੂਦ ਨਗਰ ਕੀਰਤਨ ਨੂੰ ਸਫਲ ਦੱਸਿਆ।
ਏ.ਐੱਸ.ਆਈ. ਰੇਨੂੰ ਬਾਲਾ ਤੋਂ ਬਾਅਦ ਪਤੀ ਸੁਰਿੰਦਰ ਸਿੰਘ ਵੀ ਗ੍ਰਿਫਤਾਰ
NEXT STORY