ਅੰਮ੍ਰਿਤਸਰ (ਸੰਜੀਵ,ਗਾਂਧੀ) : ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਕਰ ਰਹੇ ਡਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੂੰ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੀ ਸਟੇਟਮੈਂਟ ਰਿਕਾਰਡ ਕਰਵਾਈ। ਕਰੀਬ ਅੱਧਾ ਘੰਟਾ ਚੱਲੀ ਇਸ ਜਾਂਚ ਤੋਂ ਬਾਅਦ ਮੈਡਮ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੀ ਸਟੇਟਮੈਂਟ ਲਿਖਤੀ ਰੂਪ ਵਿਚ ਦੇ ਕੇ ਆਈ ਹੈ ਤੇ ਸਿਟ ਵੱਲੋਂ ਜੋ ਵੀ ਉਨ੍ਹਾਂ ਨੂੰ ਪੁੱਛਿਆ ਗਿਆ ਉਨ੍ਹਾਂ ਨੇ ਉਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾ ਪੁੱਜਣ ਦਾ ਕਾਰਨ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਦੀ ਸ਼ਾਮ ਉਹ ਆਊਟ ਆਫ ਸਟੇਸ਼ਨ ਸਨ, ਜਿਸ ਸਬੰਧੀ ਉਨ੍ਹਾਂ ਦੀ ਲਿਖਤੀ ਸਟੇਟਮੈਂਟ ਸਿਟ ਨੂੰ ਸੌਂਪ ਦਿੱਤੀ ਗਈ ਹੈ।
ਲੋੜ ਪੈਣ ’ਤੇ ਸੁਰੱਖਿਆ ਅਧਿਕਾਰੀਆਂ ਤੇ ਲੋਕੋ ਵੈਨ ਦੇ ਕਰਮਚਾਰੀਆਂ ਨੂੰ ਵੀ ਸੰਮਨ ਜਾਰੀ ਕੀਤਾ ਜਾਵੇਗਾ : ਪੁਰਸ਼ਾਰਥ
ਡਵੀਜ਼ਨਲ ਕਮਿਸ਼ਨਰ ਜਲੰਧਰ ਬੀ. ਪੁਰਸ਼ਾਰਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਕਿਹਾ ਕਿ ਅੱਜ ਮੈਡਮ ਸਿੱਧੂ ਆਪਣੇ ਬਿਆਨ ਰਿਕਾਰਡ ਕਰਵਾ ਗਈ ਹੈ, ਦੂਜੇ ਪਾਸੇ ਹਾਦਸੇ ਦੀ ਸ਼ਾਮ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਹਿਰ ’ਚ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਜਾਂਚ ਤੋਂ ਐਗਜੰਪਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 130 ਦੇ ਕਰੀਬ ਲੋਕਾਂ ਦੀ ਸਟੇਟਮੈਂਟ ਰਿਕਾਰਡ ਹੋ ਚੁੱਕੀ ਹੈ, ਜਿਨ੍ਹਾਂ ਵਿਚ ਰੇਲਵੇ ਤੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਦੁਸਹਿਰਾ ਕਮੇਟੀ ਵੀ ਸ਼ਾਮਿਲ ਹੈ। ਰੇਲਵੇ ਦੇ 20 ਅਧਿਕਾਰੀਆਂ ਨੂੰ ਜਾਂਚ ਵਿਚ ਸ਼ਾਮਿਲ ਕੀਤਾ ਜਾ ਚੁੱਕਾ ਹੈ ਤੇ ਲੋੜ ਪੈਣ ’ਤੇ ਸੁਰੱਖਿਆ ਅਧਿਕਾਰੀਆਂ ਤੇ ਲੋਕੋ ਵੈਨ ਦੇ ਕਰਮਚਾਰੀਆਂ ਨੂੰ ਵੀ ਸੰਮਨ ਜਾਰੀ ਕੀਤਾ ਜਾਵੇਗਾ। ਜੇਕਰ ਕੋਈ ਵੀ ਵਿਅਕਤੀ ਆਪਣੇ ਬਿਆਨ ਲੈ ਕੇ ਆਉਂਦਾ ਹੈ ਤਾਂ ਸਿਟ ਉਸ ਨੂੰ ਵੀ ਸਵਾਲ ਕਰਨ ਦਾ ਪੂਰਾ ਹੱਕ ਰੱਖਦੀ ਹੈ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦੀ ਨਿਰਪੱਖ ਜਾਂਚ ਲਈ ਡਵੀਜ਼ਨਲ ਕਮਿਸ਼ਨਰ ਜਲੰਧਰ ਬੀ. ਪੁਰਸ਼ਾਰਥ ਦੀ ਪ੍ਰਧਾਨਗੀ ’ਚ ਸਿਟ ਦਾ ਗਠਨ ਕੀਤਾ ਗਿਆ ਸੀ ਤੇ ਉਸ ਨੂੰ 28 ਦਿਨਾਂ ’ਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣ ਲਈ ਬਾਊਂਡ ਕੀਤਾ ਗਿਆ ਹੈ, ਜਿਸ ਸਬੰਧੀ ਸਿਟ ਦੀ ਜਾਂਚ ਅੱਜ 12ਵੇਂ ਦਿਨ ਵਿਚ ਦਾਖਲ ਹੋਈ ਸੀ।
ਅੰਬਰਸਰੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਟੈਰਾਕੋਟਾ ਦੀਆਂ ਮੂਰਤੀਆਂ
NEXT STORY