ਅੰਮ੍ਰਿਤਸਰ (ਰਮਨ): ਅੰਮ੍ਰਿਤਸਰ ਪੁਲਸ ਨੇ ਟਰੱਕ ਚੋਰੀ ਦੇ ਇਕ ਮਾਮਲੇ ਨੂੰ ਸਿਰਫ਼ 72 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਚੋਰੀ ਕੀਤਾ ਟਰੱਕ ਅਤੇ ਉਸ ਵਿਚ ਲੱਦਿਆ ਕੀਮਤੀ ਸਾਮਾਨ ਬਰਾਮਦ ਕਰ ਲਿਆ ਹੈ। ਇਸ ਸਬੰਧੀ ਥਾਣਾ ਬੀ ਡਵੀਜ਼ਨ ਦੇ ਅਧਿਕਾਰੀ ਬਲਜਿੰਦਰ ਸਿੰਘ ਔਲਖ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ, ਇੰਟੈਲੀਜੈਂਸ ਇਨਪੁਟ ਅਤੇ ਟੈਕਨੀਕਲ ਜਾਂਚ ਦੀ ਮਦਦ ਨਾਲ ਇਸ ਕੇਸ ਨੂੰ ਟਰੇਸ ਕੀਤਾ ਹੈ ਅਤੇ ਹੁਣ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਆਪਣਾ ਸਾਮਾਨ ਲੈ ਕੇ ਅੰਮ੍ਰਿਤਸਰ ਆਇਆ ਸੀ। ਬੀਤੀ ਰਾਤ ਉਸ ਨੇ ਬਟਾਲਾ ਰੋਡ ਤੋਂ ਲੋਡਿੰਗ ਕਰਨ ਤੋਂ ਬਾਅਦ ਟਰੱਕ ਨੂੰ ਜਹਾਜਗੜ੍ਹ ਇਲਾਕੇ ਵਿਚ ਇਕ ਟਰਾਂਸਪੋਰਟ ਕੰਪਨੀ ਦੇ ਬਾਹਰ ਖੜ੍ਹਾ ਕਰ ਦਿੱਤਾ। ਸਵੇਰੇ ਕਰੀਬ 5 ਵਜੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਚਲਾ ਗਿਆ। ਜਦੋਂ ਉਹ ਸਵੇਰੇ ਕਰੀਬ 8 ਵਜੇ ਵਾਪਸ ਆਇਆ ਤਾਂ ਟਰੱਕ ਉੱਥੇ ਨਹੀਂ ਸੀ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਨੰਬਰ 20 ਤਹਿਤ ਧਾਰਾ 303 ਬੀਐਨਐਸ ਅਧੀਨ ਥਾਣਾ ਬੀ ਡਿਵੀਜ਼ਨ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ, ਟੈਕਨੀਕਲ ਸਰਵੇਲੈਂਸ ਅਤੇ ਹੋਰ ਇੰਟੈਲੀਜੈਂਸ ਇਨਪੁਟ ਦੇ ਆਧਾਰ 'ਤੇ ਟਰੱਕ ਦੀ ਲੋਕੇਸ਼ਨ ਟਰੇਸ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ 72 ਘੰਟਿਆਂ ਦੇ ਅੰਦਰ ਹੀ ਮੋਗਾ ਤੋਂ ਚੋਰੀ ਕੀਤਾ ਟਰੱਕ ਬਰਾਮਦ ਕਰ ਲਿਆ। ਟਰੱਕ ਵਿੱਚ ਲੱਦਿਆ ਸਾਰਾ ਸਾਮਾਨ, ਜਿਸ ਵਿੱਚ ਹਲਦੀ ਅਤੇ ਚਾਹ ਪੱਤੀ ਸ਼ਾਮਲ ਸੀ, ਵੀ ਸੁਰੱਖਿਅਤ ਹਾਲਤ ਵਿੱਚ ਮਿਲ ਗਿਆ ਹੈ। ਟਰੱਕ ਵੀ ਸਹੀ ਸਥਿਤੀ ਵਿੱਚ ਬਰਾਮਦ ਹੋਇਆ ਹੈ, ਜਿਸ ਨਾਲ ਵਪਾਰੀ ਨੂੰ ਵੱਡੇ ਆਰਥਿਕ ਨੁਕਸਾਨ ਤੋਂ ਬਚਾ ਲਿਆ ਗਿਆ।
ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਤਿੰਨ ਸ਼ੱਕੀ ਵਿਅਕਤੀ ਨਜ਼ਰ ਆਏ ਹਨ, ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਪੁਲਿਸ ਤੋਂ ਬਚਣ ਲਈ ਕਈ ਤਰੀਕੇ ਅਪਣਾਉਂਦੇ ਹਨ, ਪਰ ਆਧੁਨਿਕ ਟੈਕਨਾਲੋਜੀ, ਸੀਸੀਟੀਵੀ ਨੈੱਟਵਰਕ ਅਤੇ ਟੈਕਨੀਕਲ ਜਾਂਚ ਦੀ ਮਦਦ ਨਾਲ ਪੁਲਿਸ ਨੇ ਇਸ ਕੇਸ ਨੂੰ ਥੋੜ੍ਹੇ ਸਮੇਂ ਵਿੱਚ ਸੁਲਝਾ ਲਿਆ। ਪੁਲਿਸ ਨੇ ਭਰੋਸਾ ਦਿੱਤਾ ਕਿ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਜਲਦੀ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
ਪੰਜਾਬ 'ਚ ਹਥਿਆਰਾਂ ਦੇ ਵੱਡੇ ਮਾਡਿਊਲ ਦਾ ਪਰਦਾਫਾਸ਼! 2 ਮੁਲਜ਼ਮ 7 ਪਿਸਤੌਲਾਂ ਤੇ 40 ਕਾਰਤੂਸ ਸਮੇਤ ਗ੍ਰਿਫ਼ਤਾਰ
NEXT STORY