ਨਵੀਂ ਦਿੱਲੀ : ਦੇਸ਼ ਭਰ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ, ਜਿਸ ਕਾਰਨ ਉੱਤਰ ਭਾਰਤ ਸਣੇ ਕਈ ਸੂਬਿਆਂ ਵਿੱਚ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ ਭਲਕੇ ਯਾਨੀ 11 ਅਗਸਤ 2026 ਨੂੰ ਦੇਸ਼ ਦੇ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।
ਦਿੱਲੀ-ਐਨਸੀਆਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਬੀਤੇ ਸ਼ੁੱਕਰਵਾਰ ਨੂੰ ਇੱਥੇ ਪਏ ਮੀਂਹ ਨੇ ਪਿਛਲੇ 15 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਨੇ ਕੱਲ੍ਹ ਲਈ ਦਿੱਲੀ ਵਿੱਚ 'ਯੈਲੋ ਅਲਰਟ' ਜਾਰੀ ਕਰਦਿਆਂ ਮੀਂਹ ਦੀਆਂ ਗਤੀਵਿਧੀਆਂ ਵਧਣ ਦਾ ਖ਼ਦਸ਼ਾ ਜਤਾਇਆ ਹੈ। 11 ਅਗਸਤ ਨੂੰ ਇੱਥੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹਿ ਸਕਦਾ ਹੈ, ਜਦਕਿ ਹਵਾ ਵਿੱਚ ਨਮੀ ਦਾ ਪੱਧਰ 85 ਤੋਂ 90 ਪ੍ਰਤੀਸ਼ਤ ਤੱਕ ਰਹਿਣ ਦਾ ਅਨੁਮਾਨ ਹੈ। ਭਲਕੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਰੁਕ-ਰੁਕ ਕੇ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ, ਜਦਕਿ ਸ਼ਾਮ ਅਤੇ ਰਾਤ ਨੂੰ ਬਹੁਤ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 12 ਤੋਂ 15 ਅਗਸਤ ਤੱਕ ਵੀ ਬੱਦਲ ਛਾਏ ਰਹਿਣ ਅਤੇ ਹਲਕੀ ਬੂੰਦਾਬਾਂਦੀ ਜਾਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ।
ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਜਿਵੇਂ ਕਿ ਭੋਪਾਲ, ਇੰਦੌਰ, ਉਜੈਨ, ਦੇਵਾਸ, ਰਾਜਗੜ੍ਹ, ਸੀਹੋਰ, ਸ਼ਾਜਾਪੁਰ, ਆਗਰ-ਮਾਲਵਾ, ਮੰਦਸੌਰ, ਰਤਲਾਮ ਅਤੇ ਰਾਏਸੇਨ ਵਿੱਚ ਤੇਜ਼ ਹਵਾਵਾਂ, ਤੂਫ਼ਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਉਂਦੇ ਹੋਏ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਛੋਟਾ ਉਦੇਪੁਰ, ਦਾਹੋਦ, ਨਰਮਦਾ ਅਤੇ ਪੰਚਮਹਿਲ ਵਿੱਚ ਵੀ ਅਜਿਹਾ ਹੀ ਮੌਸਮ ਰਹਿਣ ਦਾ ਖ਼ਦਸ਼ਾ ਹੈ।
ਉੱਤਰ ਪ੍ਰਦੇਸ਼ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ਵਿੱਚ ਕੱਲ੍ਹ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਬਿਹਾਰ ਵਿੱਚ ਵੀ ਕਈ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਜਿੱਥੇ 13 ਤੋਂ 15 ਅਗਸਤ ਦਰਮਿਆਨ ਮਾਨਸੂਨ ਹੋਰ ਤੇਜ਼ ਹੋਵੇਗਾ।
ਵੱਖ-ਵੱਖ ਰਾਜਾਂ ਲਈ ਜਾਰੀ ਚੇਤਾਵਨੀ:
ਭਾਰੀ ਮੀਂਹ ਦੀ ਸੰਭਾਵਨਾ: ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ।
ਬਹੁਤ ਭਾਰੀ ਮੀਂਹ ਦੀ ਸੰਭਾਵਨਾ: ਉੱਤਰਾਖੰਡ, ਹਿਮਾਚਲ ਪ੍ਰਦੇਸ਼, ਕੇਰਲ, ਲਕਸ਼ਦੀਪ ਅਤੇ ਕਰਨਾਟਕ।
ਦਿੱਲੀ ਦੇ ਕਈ ਹਿੱਸਿਆਂ 'ਚ ਮੀਂਹ ! 16 ਅਗਸਤ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਉਮੀਦ
NEXT STORY