ਤਰਨਤਾਰਨ, (ਵਾਲੀਆ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਜ਼ਿਲਾ ਤਰਨਤਾਰਨ ਵਿਖੇ ਅਨੂਪ ਕੌਰ, ਬੇਅੰਤ ਕੌਰ, ਨਰਿੰਦਰ ਕੌਰ, ਵੀਰ ਕੌਰ ਦੀ ਅਗਵਾਈ ਹੇਠ ਸੈਂਕੜੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਬਜਟ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਹੀ ਆਂਗਣਵਾੜੀ ਮੁਲਾਜ਼ਮ ਨੂੰ ਅੱਖੋਂ-ਪਰੋਖੇ ਕਰਦੇ ਹੋਏ ਮਤਰੇਈ ਵਾਲਾ ਸਲੂਕ ਜਾਰੀ ਹੈ। ਕੈਪਟਨ ਸਰਕਾਰ ਵੱਲੋਂ ਪੇਸ਼ ਦੂਜੇ ਬਜਟ 'ਚ ਆਂਗਣਵਾੜੀ ਮੁਲਾਜ਼ਮਾਂ ਦੇ ਮਾਣ-ਭੱਤੇ 'ਚ ਵਾਧਾ ਨਾ ਕਰ ਕੇ, ਵਾਧੇ ਤੋਂ ਵਾਂਝਾ ਰੱਖਣ ਨਾਲ ਪੰਜਾਬ 'ਚ ਕੰਮ ਕਰਨ ਵਾਲੀਆਂ 54,000 ਵਰਕਰਾਂ ਤੇ ਹੈਲਪਰਾਂ 'ਚ ਰੋਸ ਪਾਇਆ ਜਾ ਰਿਹਾ ਹੈ। ਅੱਜ ਪੂਰੇ ਪੰਜਾਬ ਦੇ ਜ਼ਿਲਾ ਹੈੱਡ ਕੁਆਰਟਰਾਂ ਉੱਪਰ ਪੰਜਾਬ ਸਰਕਾਰ ਦੇ ਜਾਰੀ ਬਜਟ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਦੀ ਤਰਜ਼ 'ਤੇ ਪੰਜਾਬ ਸਰਕਾਰ ਵੀ ਆਂਗਣਵਾੜੀ ਵਰਕਰਾਂ ਨੂੰ ਕੁਸ਼ਲ ਤੇ ਅਰਧ-ਕੁਸ਼ਲ ਦਾ ਦਰਜਾ ਦਿੰਦੇ ਹੋਏ 11,429 ਰੁਪਏ ਵਰਕਰ ਅਤੇ 5,750 ਰੁਪਏ ਹੈਲਪਰ ਨੂੰ ਤਨਖਾਹ ਦੇਣਾ ਲਾਗੂ ਕਰੇ, 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਸੈਂਟਰਾਂ 'ਚ ਯਕੀਨੀ ਬਣਾਉਂਦੇ ਹੋਏ ਪ੍ਰੀ-ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਜਾਵੇ, ਦੂਜੇ ਸੂਬਿਆਂ 'ਚ ਵੈੱਲਫੇਅਰ ਫੰਡ ਲਾਗੂ ਕੀਤਾ ਜਾਵੇ ਆਦਿ।
ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਜਲਦੀ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਜ਼ਿਲਾ ਸਕੱਤਰ ਵੀਰ ਕੌਰ, ਬੇਅੰਤ ਕੌਰ, ਰਣਜੀਤ ਕੌਰ ਬਾਠ, ਰਣਜੀਤ ਸੇਖੋਂ, ਲਖਵਿੰਦਰ ਕੌਰ, ਰਜਿੰਦਰ ਕੌਰ ਜੌੜਾ, ਭੁਪਿੰਦਰ ਕੌਰ, ਜੋਗਿੰਦਰ ਕੌਰ ਆਦਿ ਹਾਜ਼ਰ ਸਨ।
ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ
NEXT STORY