ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਸੇ ਵੀ ਸੂਬੇ 'ਚ ਹੋਣ ਵਾਲੀ ਚੋਣ ਦਾ ਜਥੇਬੰਦੀ ਵੱਲੋਂ ਮੋਦੀ ਸਰਕਾਰ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਜਥੇਬੰਦੀ ਦੀ ਹੋਈ ਮਾਸਿਕ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲਾ ਮੋਗਾ ਯੂਨਿਟ ਦੇ ਪ੍ਰਧਾਨ ਜਸਵੰਤ ਸਿੰਘ ਜੈਮਲਵਾਲਾ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਚੋਟੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਰਾਸ਼ਟਰੀ ਪੱਧਰ 'ਤੇ 7 ਨਵੰਬਰ ਨੂੰ ਉੱਤਰੀ ਭਾਰਤ ਦੇ ਸੂਬਿਆਂ ਦੇ ਕਿਸਾਨ ਆਗੂਆਂ ਦੀ ਨਵੀਂ ਦਿੱਲੀ ਵਿਖੇ ਹੋਈ ਮੀਟਿੰਗ 'ਚ ਲਿਆ ਗਿਆ ਹੈ। ਮੀਟਿੰਗ 'ਚ ਇਕ ਹੋਰ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਵੱਲੋਂ ਐਲਾਨੀਆਂ ਹਾੜ੍ਹੀ ਦੀਆਂ ਫਸਲਾਂ ਦੇ ਸਮਰਥਨ ਮੁੱਲ ਨੂੰ ਮੁਕੰਮਲ ਰੂਪ 'ਚ ਰੱਦ ਕਰਦਿਆਂ ਦੁਬਾਰਾ ਇਸ ਵੱਲ ਧਿਆਨ ਕਰ ਕੇ ਡਾ. ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਭਾਅ ਐਲਾਨਣ ਦੀ ਮੰਗ ਕੀਤੀ, ਜਿਸ ਅਨੁਸਾਰ ਕਣਕ ਦੀ ਕੀਮਤ 2450 ਰੁਪਏ ਪ੍ਰਤੀ ਕੁਇੰਟਲ ਬਣਦੀ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਕਾਦਰਵਾਲਾ, ਡਾ. ਕੁਲਵੰਤ ਸਿੰਘ ਲੌਹਾਰਾ, ਸੂਰਤ ਸਿੰਘ ਬ੍ਰਾਹਮਕੇ, ਮੋਹਨ ਸਿੰਘ ਜੀਂਦੜਾ, ਬਲਾਕ ਪ੍ਰਧਾਨ ਪਿਛੌਰਾ ਸਿੰਘ ਮੁੰਡੀ ਜਮਾਲ, ਹਰਨੇਕ ਸਿੰਘ ਮਸੀਤਾਂ ਜ਼ਿਲਾ ਮੀਤ ਪ੍ਰਧਾਨ ਆਦਿ ਮੈਂਬਰ ਹਾਜ਼ਰ ਸਨ।
ਇਹ ਹਨ ਮੰਗਾਂ
. ਚੋਣ ਵਾਅਦੇ ਅਨੁਸਾਰ ਐਲਾਨੇ ਕਿਸਾਨਾਂ ਦੇ ਸਾਰੇ ਕਰਜ਼ੇ ਖਤਮ ਕੀਤੇ ਜਾਣ।
. ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਕੀਤੇ ਜੁਰਮਾਨੇ ਵਾਪਸ ਲੈਣ ਅਤੇ ਕੱਟੇ ਚਲਾਨ ਰੱਦ ਕਰਨ ਦੀ ਮੰਗ ਕੀਤੀ।
. ਮੱਕੀ, ਮੂੰਗੀ ਦੀ ਸਹਾਇਕ ਕੀਮਤ 'ਤੇ ਖਰੀਦ ਕਰਨ ਅਤੇ ਬਾਸਮਤੀ ਦੀ ਸਹਾਇਕ ਕੀਮਤ 5000 ਰੁਪਏ ਐਲਾਨਣ ਦੀ ਮੰਗ ਕੀਤੀ।
. ਗੰਨੇ ਦੀ ਕੀਮਤ 'ਚ 100 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਲਈ ਸਰਕਾਰ 'ਤੇ ਜ਼ੋਰ ਪਾਇਆ।
. ਕਿਸਾਨਾਂ ਦੇ ਖੇਤਾਂ 'ਚ ਆਵਾਰਾ ਪਸ਼ੂਆਂ ਨੇ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਸਰਕਾਰ ਨੂੰ ਇਸ ਸਮੱਸਿਆ ਦਾ ਠੋਸ ਹੱਲ ਜਲਦ ਕਰਨਾ ਚਾਹੀਦਾ ਹੈ।
ਕੁੱਟਮਾਰ ਕਰਨ ਤੇ ਧਮਕੀਆਂ ਦੇਣ ਦੇ ਦੋਸ਼ 'ਚ 4 ਖਿਲਾਫ ਮੁਕੱਦਮਾ ਦਰਜ
NEXT STORY