ਫਗਵਾੜਾ (ਜਲੋਟਾ) : ਫਗਵਾੜਾ ਦੇ ਬਹੁ ਚਰਚਿਤ ਗਊ ਮਾਸ ਫੈਕਟਰੀ ਹੱਤਿਆਕਾਂਡ 'ਚ ਫਗਵਾੜਾ ਪੁਲਸ ਵੱਲੋਂ ਇੱਕ ਹੋਰ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਅੱਜ ਦੇਰ ਰਾਤ ਐੱਸ ਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਮਾਮਲੇ ਦੀ ਜਾਂਚ ਕਰ ਰਹੀ ਸਿਟੀ ਪੁਲਸ ਫਗਵਾੜਾ ਦੀ ਟੀਮ ਨੇ ਉੱਤਰ ਪ੍ਰਦੇਸ਼ ਚ ਛਾਪੇਮਾਰੀ ਕਰਦੇ ਹੋਏ ਗਊ ਮਾਸ ਹੱਤਿਆਕਾਂਡ ਦੇ ਇੱਕ ਹੋਰ ਮਾਸਟਰਮਾਇੰਡ ਜਿਸ ਦੀ ਪਛਾਣ ਤਾਸਿਮ ਪੁੱਤਰ ਮਹਿਮੂਦ ਵਾਸੀ ਗਾਜ਼ੀਆਬਾਦ ਜ਼ਿਲ੍ਹਾ ਹਾਪੁਰ ਉੱਤਰ ਪ੍ਰਦੇਸ਼ ਹੈ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ ਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਜਾਣਕਾਰੀ ਦਿੱਤੀ ਹੈ ਕਿ ਗ੍ਰਿਫਤਾਰ ਤਾਸਿਮ ਫਗਵਾੜਾ ਦੇ ਵਸਨੀਕ ਅਤੇ ਗਊ ਮਾਸ ਹੱਤਿਆਕਾਂਡ ਦੇ ਮੁੱਖ ਦੋਸ਼ੀ ਵਜੋਂ ਪਹਿਲੇ ਤੋਂ ਗ੍ਰਿਫਤਾਰ ਵਿਜੇ ਕੁਮਾਰ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 11 ਬਸੰਤ ਨਗਰ ਫਗਵਾੜਾ ਦਾ ਪਾਟਨਰ ਹੈ। ਉਹਨਾਂ ਦੱਸਿਆ ਕਿ ਦੋਸ਼ੀ ਤਾਸਿਮ ਨੂੰ ਪੁਲਸ ਨੇ ਅਦਾਲਤ ਚ ਪੇਸ਼ ਕਰ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਜਿਸ ਤੋਂ ਪੁੱਛਗਿਚ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐੱਸ ਪੀ ਭੱਟੀ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਤਾਸਿਮ ਖਿਲਾਫ ਇਸ ਤੋਂ ਪਹਿਲਾਂ ਵੀ ਗਊਆਂ ਦੀ ਹੱਤਿਆ ਕਰਨ ਸੰਬੰਧੀ ਥਾਣਾ ਸਿਟੀ ਫਾਜਿਲਕਾ ਪੰਜਾਬ, ਉੱਤਰ ਪ੍ਰਦੇਸ਼ ਦੇ ਥਾਣਾ ਹਾਪੁਰ ਨਗਰ ਜਿਲਾ ਹਾਪੁੜ, ਥਾਣਾ ਛਾਤਾ ਅਤੇ ਹਰਿਆਣਾ ਦੇ ਥਾਣਾ ਡਿੰਗ ਜ਼ਿਲਾ ਸਿਰਸਾ ਵਿਖੇ ਪੁਲਸ ਵੱਲੋਂ ਗੌਕਸ਼ੀ ਕਰਨ ਦੇ 4 ਪੁਲਸ ਕੇਸ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਤਾਸਿਮ ਹਾਲੇ ਤੱਕ ਬਹੁਤ ਵੱਡੀ ਗਿਣਤੀ ਚ ਗਊਆਂ ਦੀ ਹੱਤਿਆ ਕਰਨ ਚ ਸ਼ਾਮਿਲ ਰਿਹਾ ਹੈ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਗਵਾੜਾ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਹਾਲੇ ਤੱਕ ਇਸ ਮਾਮਲੇ ਚ ਪੁਲਸ ਨੇ ਕੁੱਲ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿਚ ਤਾਸਿਮ ਵੀ ਸ਼ਾਮਿਲ ਹੈ। ਪੁਲਸ ਮੁਤਾਬਕ ਦੋਸ਼ੀ ਤਾਸਿਮ ਤੋਂ ਪਹਿਲਾਂ ਪੁਲਸ ਨੇ ਗਊ ਮਾਸ ਫੈਕਟਰੀ ਹੱਤਿਆਕਾਂਡ ਦੇ ਮੁੱਖ ਦੋਸ਼ੀ ਫਗਵਾੜਾ ਦੇ ਬਸੰਤ ਨਗਰ ਦੇ ਵਸਨੀਕ ਵਿਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਜੋਤੀ ਢਾਬੇ ਦੇ ਪਿੱਛੇ ਮੌਜੂਦ ਗਊ ਮਾਸ ਦੀ ਫੈਕਟਰੀ ਤੇ ਛਾਪੇਮਾਰੀ ਦੌਰਾਨ ਮੁਖਤਾਰ ਆਲਮ, ਆਜ਼ਾਦ, ਜਾਕਿਰ ਹੁਸੈਨ, ਰਿਹਾਨਾ ਆਲਮ, ਮਿਨਜਰ ਅਲੀ, ਕੁਰਬਾਨ ਅਲੀ, ਮਦਨ ਸ਼ਾਹ, ਅਰਸ਼ਦ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਮੁੱਖ ਦੋਸ਼ੀ ਵਿਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਤਦ ਉਸ ਦਾ ਸਾਥੀ ਹੁਸਨ ਲਾਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਭਾਵੇਂ ਫਗਵਾੜਾ ਪੁਲਸ ਵੱਲੋਂ ਹਾਲੇ ਤੱਕ ਫਗਵਾੜਾ 'ਚ ਬੇਨਕਾਬ ਹੋਈ ਗਊ ਮਾਸ ਫੈਕਟਰੀ ਹੱਤਿਆਕਾਂਡ ਸਬੰਧੀ ਕੁੱਲ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਹਾਲੇ ਵੀ ਇਸ ਮਾਮਲੇ ਚ ਸ਼ਾਮਿਲ ਪੰਜ ਵੱਡੇ ਮਾਸਟਰਮਾਇੰਡ ਜਿਨ੍ਹਾਂ 'ਚ ਸਥਾਨਕ ਜੋਤੀ ਢਾਬੇ ਫਗਵਾੜਾ ਦਾ ਮਾਲਕ ਅਤੇ ਦੋਸ਼ੀ ਵਿਜੇ ਕੁਮਾਰ ਦਾ ਸਗਾ ਭਰਾ ਬੱਬੂ ਹਾਲੇ ਵੀ ਪੁਲਸ ਗ੍ਰਿਫਤਾਰੀ ਤੋਂ ਬਾਹਰ ਚੱਲ ਰਿਹਾ ਹੈ। ਪੁਲਸ ਵੱਲੋਂ ਮਾਮਲੇ 'ਚ ਜਿਹੜੇ 8 ਦੋਸ਼ੀ ਗ੍ਰਿਫਤਾਰ ਕਰਨ ਸੰਬੰਧੀ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ ਅਸਲ ਚ ਉਹ ਗਊ ਮਾਸ ਦੀ ਫੈਕਟਰੀ 'ਚ ਕੰਮ ਕਰਨ ਵਾਲੀ ਲੇਬਰ ਤੇ ਉਨ੍ਹਾਂ ਨੂੰ ਇਥੇ ਲਿਆਣ ਵਾਲਾ ਇੱਕ ਠੇਕੇਦਾਰ ਵਜੋਂ ਹਨ ਜੋ ਇਸ ਫੈਕਟਰੀ 'ਚ ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਦੇ ਦੱਸਣ ਮੁਤਾਬਕ ਲੇਬਰ ਵਜੋਂ ਕਰੀਬ 15000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਕੰਮ ਕਰ ਰਹੇ ਸਨ।
ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਹਾਲੇ ਤੱਕ ਫਗਵਾੜਾ ਪੁਲਸ ਵੱਲੋਂ ਗਊ ਮਾਸ ਫੈਕਟਰੀ ਹੱਤਿਆਕਾਂਡ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਉੱਥੇ ਮਿਲੇ ਪੱਕੇ ਹੋਏ ਗਊ ਮਾਸ ਸਬੰਧੀ ਕੁਝ ਵੀ ਦੱਸਿਆ ਨਹੀਂ ਗਿਆ ਹੈ? ਜਦ ਕਿ ਜਦੋਂ ਜੱਗ ਬਾਣੀ ਦੀ ਟੀਮ ਨੇ ਜੋਤੀ ਢਾਬੇ ਦੇ ਪਿੱਛੇ ਤਹਿਖਾਨੇ ਚ ਬਣਾਈ ਗਈ ਗਊ ਮਾਸ ਦੀ ਫੈਕਟਰੀ ਦਾ ਦੌਰਾ ਕੀਤਾ ਸੀ ਤਾਂ ਉੱਥੇ ਇੱਕ ਭਾਂਡੇ ਵਿੱਚ ਕਥਿਤ ਤੌਰ ਤੇ ਪੱਕਿਆ ਹੋਇਆ ਮਾਸ ਪਿਆ ਹੋਇਆ ਸੀ। ਤੱਦ ਉੱਥੇ ਮੌਜੂਦ ਗਊ ਸੇਵਕਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਥੇ ਮੁਲਜ਼ਮ ਗਊ ਮਾਸ ਪਕਾ ਕੇ ਖਾਂਦੇ ਹਨ। ਤਦ ਮੌਕੇ 'ਤੇ ਮੌਜੂਦ ਰਹੇ ਪੁਲਸ ਅਧਿਕਾਰੀਆਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ ਵਿੱਚ ਵੀ ਬਣਦੀ ਯੋਗ ਕਾਰਵਾਈ ਕਰਨਗੇ ਪਰ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਹਾਲੇ ਤੱਕ ਅਧਿਕਾਰਿਕ ਤੌਰ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡੀਸੀ ਦੇ ਗਨਮੈਨ ਦੇ ਲੱਗੀ ਗੋਲੀ, ਹਾਲਤ ਨਾਜ਼ੁਕ
NEXT STORY