ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਇਸ ਨੂੰ ਲੋਕਤੰਤਰ ਲਈ 'ਕਾਲਾ ਦਿਨ' ਕਰਾਰ ਦਿੱਤਾ ਹੈ। ਬਾਜਵਾ ਨੇ ਦੋਸ਼ ਲਾਇਆ ਕਿ ਸਰਕਾਰ ਆਪਣੀਆਂ ਨਾਕਾਮੀਆਂ ਅਤੇ ਝੂਠ ਨੂੰ ਛਿਪਾਉਣ ਲਈ ਸੁਤੰਤਰ ਮੀਡੀਆ ਦੀ ਆਵਾਜ਼ ਨੂੰ ਦਬਾਉਣ 'ਤੇ ਉਤਰ ਆਈ ਹੈ।
ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਲਗਭਗ 10 ਲੱਖ ਫਾਲੋਅਰਜ਼ ਵਾਲੇ ਨਿਊਜ਼ ਪਲੇਟਫਾਰਮ 'ਲੋਕ ਆਵਾਜ਼ ਟੀਵੀ' ਦਾ ਫੇਸਬੁੱਕ ਪੇਜ ਬਲਾਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੱਤਰਕਾਰ ਮਨਿੰਦਰਜੀਤ ਸਿੱਧੂ ਵਿਰੁੱਧ ਇੱਕ ਸਰਾਸਰ ਝੂਠੀ FIR ਦਰਜ ਕੀਤੀ ਗਈ ਅਤੇ ਹੁਣ ਉਨ੍ਹਾਂ ਦੇ ਮੀਡੀਆ ਅਦਾਰੇ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ। ਬਾਜਵਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੀ ਸਿਖਰ ਦੱਸਦਿਆਂ ਕਿਹਾ ਕਿ ਮਾਨ ਸਰਕਾਰ ਹਰ ਉਸ ਸੁਤੰਤਰ ਆਵਾਜ਼ ਨੂੰ ਕੁਚਲਣਾ ਚਾਹੁੰਦੀ ਹੈ ਜੋ ਉਨ੍ਹਾਂ ਨੂੰ ਸਵਾਲ ਪੁੱਛਣ ਦੀ ਜੁਰਅਤ ਕਰਦੀ ਹੈ।
ਬਾਜਵਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ "ਮੈਸੇਂਜਰ ਨੂੰ ਨਾ ਮਾਰੋ" (don’t shoot the messenger), ਪਰ ਮਾਨ ਸਰਕਾਰ ਅਜਿਹੀ ਹਰ ਆਵਾਜ਼ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਨੂੰ ਅਜਿਹੀ ਸਥਿਤੀ ਵਿੱਚ ਲਿਆ ਖੜ੍ਹਾ ਕੀਤਾ ਹੈ ਜਿੱਥੇ ਸਿਰਫ਼ ਗਲਤ ਜਾਣਕਾਰੀ ਅਤੇ 'ਹੈੱਡਲਾਈਨ ਮੈਨੇਜਮੈਂਟ' ਦਾ ਬੋਲਬਾਲਾ ਹੈ। ਬਾਜਵਾ ਨੇ ਮੰਗ ਕੀਤੀ ਕਿ ਪ੍ਰੈੱਸ ਦੀ ਆਜ਼ਾਦੀ 'ਤੇ ਕੀਤੇ ਜਾ ਰਹੇ ਹਮਲੇ ਤੁਰੰਤ ਬੰਦ ਕੀਤੇ ਜਾਣ ਅਤੇ ਧਾਰਮਿਕ ਮੁੱਦਿਆਂ 'ਤੇ ਬੋਲੇ ਗਏ ਝੂਠ ਲਈ ਮੁੱਖ ਮੰਤਰੀ ਸੰਗਤ ਪਾਸੋਂ ਮੁਆਫ਼ੀ ਮੰਗਣ।
'ਪੰਜਾਬ 'ਚ ਲੋਕਤੰਤਰ ਲਈ ਇੱਕ ਹੋਰ ਕਾਲਾ ਦਿਨ', ਪ੍ਰਤਾਪ ਸਿੰਘ ਬਾਜਵਾ ਨੇ ਘੇਰੀ 'ਆਪ' ਸਰਕਾਰ
NEXT STORY