ਹਲਵਾਰਾ (ਲਾਡੀ) : ਪਿੰਡ ਹੇਰਾਂ ਨਾਲ ਸਬੰਧਤ 35 ਸਾਲਾ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਦੁਖਦਾਈ ਘਟਨਾ ਅੰਬਾਲਾ ਵਿਖੇ ਹੋਈ, ਜਿਥੇ ਉਹ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰਜ਼ ਦੀ 65 ਬ੍ਰਿਜ ਯੂਨਿਟ ਵਿੱਚ ਸੇਵਾ ਨਿਭਾ ਰਹੇ ਸਨ। ਸਵੇਰੇ ਲਗਭਗ 2:45 ਵਜੇ ਉਨ੍ਹਾਂ ਦੀ ਤਬੀਅਤ ਵਿਗੜੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਏ।
ਨਾਇਕ ਗੁਰਪ੍ਰੀਤ ਸਿੰਘ ਪਿਛਲੇ 16 ਸਾਲਾਂ ਤੋਂ ਫੌਜ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਸਨ ਅਤੇ ਆਉਣ ਵਾਲੇ 31 ਅਗਸਤ ਨੂੰ ਉਹ ਫੌਜ ਤੋਂ ਸੇਵਾਮੁਕਤ ਹੋਣ ਵਾਲੇ ਸਨ। ਪਰ ਕਿਸਮਤ ਨੇ ਇਹ ਮੌਕਾ ਨਹੀਂ ਆਉਣ ਦਿੱਤਾ। ਉਨ੍ਹਾਂ ਦੇ ਅਚਾਨਕ ਵਿਛੋੜੇ ਦੀ ਖ਼ਬਰ ਨੇ ਨਾਂ ਸਿਰਫ਼ ਪਿੰਡ ਹੇਰਾਂ ਨੂੰ, ਸਗੋਂ ਸਾਰੇ ਨੇੜਲੇ ਇਲਾਕਿਆਂ ਨੂੰ ਵੀ ਸੋਗ ਦੀ ਚਾਦਰ ਵਿੱਚ ਲਪੇਟ ਲਿਆ ਹੈ।
ਸਧਾਰਨ ਸ਼ਰੀਫ ਪਰਿਵਾਰ ਨਾਲ ਸਬੰਧਤ ਗੁਰਪ੍ਰੀਤ ਸਿੰਘ ਦੀ ਮੌਤ ਨਾਲ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ, ਛੋਟੀ ਧੀ ਅਵਨੀਤ ਕੌਰ, ਮਾਤਾ ਜਸਵਿੰਦਰ ਕੌਰ, ਭਰਾ ਅਤੇ ਹੋਰ ਸਾਰੇ ਪਰਿਵਾਰਕ ਮੈਂਬਰ ਗਹਿਰੀ ਪੀੜ੍ਹ ’ਚ ਹਨ। ਪਿੰਡ ਵਾਸੀਆਂ, ਸਨੇਹੀਆਂ ਤੇ ਸਾਥੀਆਂ ਨੇ ਗੁਰਪ੍ਰੀਤ ਸਿੰਘ ਦੀ ਦੇਸ਼ ਪ੍ਰਤੀ ਲਾਇਲਤਾਵਾਨ ਸੇਵਾ ਅਤੇ ਉਨ੍ਹਾਂ ਦੀ ਨਿਮਰਤਾ ਭਰੀ ਸ਼ਖਸੀਅਤ ਨੂੰ ਯਾਦ ਕਰਦਿਆਂ ਅੱਖਾਂ ਵਿਚ ਅੱਥਰੂ ਲੈ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਘਟਨਾ ਨੇ ਸਾਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇੱਕ ਹੋਰ ਬਹਾਦਰ ਸਪੂਤ ਦੇ ਚਲੇ ਜਾਣ ਦਾ ਦੁਖ ਹਰ ਕਿਸੇ ਦੇ ਚਿਹਰੇ ’ਤੇ ਸਾਫ਼ ਪੜ੍ਹਿਆ ਜਾ ਸਕਦਾ ਹੈ।
ਤੰਬਾਕੂ ਖਾਣ ਤੇ ਵੇਚਣ ਵਾਲੇ ਨੂੰ ਹੋਵੇਗਾ 11000 ਰੁਪਏ ਜੁਰਮਾਨਾ, ਦੱਸਣ ਵਾਲੇ ਨੂੰ ਵੀ ਮਿਲੇਗਾ ਇਨਾਮ
NEXT STORY