ਸੁਲਤਾਨਪੁਰ ਲੋਧੀ (ਧੀਰ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ 50 ਸਾਲਾਂ ਨੌਜਵਾਨ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦਿਓਲ ਨੇ ਫਿਟਨੈੱਸ ਦੇ ਖੇਤਰ ਵਿਚ ਸ਼ਾਨਦਾਰ ਉਪਲਬਧੀ ਹਾਸਲ ਕਰਦਿਆਂ ਵਿਸ਼ਵ ਪੱਧਰ ‘ਤੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਉਨ੍ਹਾਂ ਦੀ ਇਸ ਵੱਡੀ ਕਾਮਯਾਬੀ ਨਾਲ ਨਾ ਸਿਰਫ਼ ਸੁਲਤਾਨਪੁਰ ਲੋਧੀ, ਬਲਕਿ ਪੂਰੇ ਪੰਜਾਬ ਦਾ ਨਾਮ ਵੀ ਦੇਸ਼-ਵਿਦੇਸ਼ ਵਿੱਚ ਮਾਣ ਨਾਲ ਲਿਆ ਜਾ ਰਿਹਾ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਫਿਟ ਇੰਡੀਆ ਕਾਰਨੀਵਲ ਦੌਰਾਨ ਵਿੱਕੀ ਦਿਓਲ ਨੇ ਸਿਰਫ਼ 40 ਸਕਿੰਟਾਂ ਵਿੱਚ 64 ਦੋ ਅੰਗੂਠਿਆਂ ਵਾਲੀਆਂ ਪੁਸ਼ਅੱਪ ਲਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਇਹ ਕਾਰਨਾਮਾ ਹੋਰ ਵੀ ਵਿਲੱਖਣ ਇਸ ਕਰਕੇ ਬਣ ਗਿਆ ਕਿਉਂਕਿ ਉਹ ਤਿੰਨ ਫੁੱਟ ਉੱਚਾਈ ‘ਤੇ ਲੱਗੀਆਂ ਤਿੰਨ ਲੋਹੇ ਦੀਆਂ ਰਾਡਾਂ ‘ਤੇ ਸੰਤੁਲਨ ਬਣਾਉਂਦੇ ਹੋਏ ਅਤੇ ਇੱਕ ਪੈਰ ਹਵਾ ਵਿੱਚ ਰੱਖ ਕੇ ਇਹ ਮੁਸ਼ਕਲ ਪ੍ਰਦਰਸ਼ਨ ਕਰ ਰਹੇ ਸਨ।
ਇਸ ਪ੍ਰਦਰਸ਼ਨ ਦੀ ਖਾਸ ਗੱਲ ਇਹ ਰਹੀ ਕਿ ਵਿੱਕੀ ਦਿਓਲ ਨੇ ਆਪਣਾ ਹੀ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਇਸ ਤੋਂ ਪਹਿਲਾਂ ਉਹ 40 ਸਕਿੰਟਾਂ ਵਿੱਚ 40 ਪੁਸ਼ਅੱਪ ਲਗਾ ਕੇ ਕੀਰਤੀਮਾਨ ਸਥਾਪਿਤ ਕਰ ਚੁੱਕੇ ਸਨ, ਜਿਸ ਨੂੰ ਹੁਣ ਉਨ੍ਹਾਂ ਨੇ ਪਿੱਛੇ ਛੱਡਦਿਆਂ ਨਵਾਂ ਮਾਪਦੰਡ ਕਾਇਮ ਕੀਤਾ ਹੈ। ਵਿੱਕੀ ਦਿਓਲ ਦੇ ਇਸ ਸ਼ਾਨਦਾਰ ਜੌਹਰ ਨੂੰ ਵਰਲਡ ਬੁੱਕ ਆਫ ਰਿਕਾਰਡਜ਼, ਲੰਡਨ ਵੱਲੋਂ ਪ੍ਰਮਾਣਿਤ ਕੀਤਾ ਗਿਆ। ਇਸ ਮੌਕੇ ’ਤੇ ਅਪੂਰਵਾ ਮੇਨਨ, ਰਣਦੀਪ ਸਿੰਘ ਕੋਹਲੀ, ਜਸਵੀਰ ਸਿੰਘ ਸ਼ਿੰਦਾ, ਸੁਦੀਪ ਡੋਗਰਾ, ਗੁਰਪ੍ਰੀਤ ਸਿੰਘ ਅਤੇ ਪੰਕਜ ਠਾਕੁਰ ਸਮੇਤ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਿਕਾਰਡ ਦੀ ਪੁਸ਼ਟੀ ਕੀਤੀ ਗਈ। ਮੌਕੇ ‘ਤੇ ਮੌਜੂਦ ਦਰਸ਼ਕਾਂ ਨੇ ਵੀ ਵਿੱਕੀ ਦਿਓਲ ਦੀ ਇਸ ਉਪਲਬਧੀ ਦਾ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ ਫਿਟ ਇੰਡੀਆ ਕਾਰਨੀਵਲ ਦੌਰਾਨ ਲਗਭਗ 1000 ਤੋਂ 1500 ਵਿਦਿਆਰਥੀਆਂ ਨੇ ਭਾਗ ਲਿਆ। ਕਾਰਨੀਵਲ ਵਿਚ ਵੱਖ-ਵੱਖ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਵਿਦਿਆਰਥੀਆਂ ਵਿੱਚ ਫਿਟਨੈੱਸ ਪ੍ਰਤੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਵਿੱਕੀ ਦਿਓਲ ਦੀ ਇਸ ਉਪਲਬਧੀ ਨਾਲ ਸੁਲਤਾਨਪੁਰ ਲੋਧੀ ਦੇ ਲੋਕਾਂ ਵਿਚ ਖੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੀ ਇਹ ਕਾਮਯਾਬੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ ਅਤੇ ਦੇਸ਼ ਦੇ ਨੌਜਵਾਨਾਂ ਨੂੰ ਫਿਟਨੈੱਸ ਵੱਲ ਪ੍ਰੇਰਿਤ ਕਰਨ ਵਾਲੀ ਹੈ।
ਸ਼ਹੀਦ ਫੌਜੀ ਦੀ ਪਤਨੀ ਨੂੰ ਪੈਨਸ਼ਨ ਦੇਣ ਦੇ ਹੁਕਮ: ਹਾਈਕੋਰਟ ਨੇ ਖਾਰਜ ਕੀਤੀ ਸਰਕਾਰ ਦੀ ਪਟੀਸ਼ਨ
NEXT STORY