ਮੋਗਾ/ ਕੋਟ ਈਸੇ ਖਾਂ (ਗੋਪੀ ਰਾਊਕੇ, ਗਾਂਧੀ, ਗਰੋਵਰ, ਸੰਜੀਵ, ਛਾਬਡ਼ਾ)- 15 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪਲਵਾਮਾ ਵਿਖੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਮਗਰੋਂ ਭਾਵੇਂ ਪਾਕਿਸਤਾਨ ਸਰਕਾਰ ਨੇ ਅੱਤਵਾਦ ਨੂੰ ਸ਼ਹਿ ਨਾਂ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਅਸਲੀਅਤ ਇਹ ਹੈ ਕਿ ਪਾਕਿਸਤਾਨ ਜਿੱਥੇ ਲਗਾਤਾਰ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ ਉੱਥੇ ਹੀ ਸਰਹੱਦ ਤੇ ਆਏ ਦਿਨ ਗੋਲੀਬਾਰੀ ਵੀ ਕਰ ਰਿਹਾ ਹੈ। ਅੱਜ ਤਡ਼ਕਸਾਰ ਸਵੇਰੇ 6.15 ਵਜੇ ਜੰਮੂ-ਕਸ਼ਮੀਰ ਦੇ ਸੁੰਦਰਬਾਣੀ ਸੈਕਟਰ ਵਿਖੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਜਨੇਰ ਦਾ 24 ਵਰ੍ਹਿਆ ਦਾ ਸੂਰਵੀਰ ਫੌਜੀ ਜਵਾਨ ਕਰਮਜੀਤ ਸਿੰਘ ਭਰ ਜਵਾਨੀ ਵਿਚ ਸ਼ਹਾਦਤ ਦਾ ਜਾਮ ਪੀ ਗਿਆ।
ਅੱਜ ਸਵੇਰੇ 10.30 ਜਿਉਂ ਹੀ ਪਰਵਾਰਿਕ ਮੈਬਰਾਂ ਨੂੰ ਇਹ ਖ਼ਬਰ ਮਿਲੀ ਤਾਂ ਚਾਰੇ ਪਾਸੇ ਇਕਦਮ ਸੰਨਾਟਾ ਛਾ ਗਿਆ। ਦੋ ਭਰਾਵਾ ਅਤੇ ਇੱਕ ਭੈਣ ਤੋਂ ਛੋਟੇ ਕਰਮਜੀਤ ਸਿੰਘ ਨੂੰ ਸ਼ੁਰੂ ਤੋਂ ਹੀ ਦੇਸ਼ ਦੀ ਸੇਵਾ ਕਰਨ ਦਾ ਜ਼ਜਬਾ ਸੀ ਤੇ ਇਸ ਕਰਕੇ ਹੀ ਕਰਮਜੀਤ ਸਿੰਘ ਚਾਰ ਵਰ੍ਹੇ ਪਹਿਲਾ ਭਾਰਤੀ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੱਚੀ ਸੇਵਾ ਕਰਨ ਲੱਗ ਪਿਆ। ਪਿਤਾ ਅਵਤਾਰ ਸਿੰਘ ਅਤੇ ਕੁਲਵੰਤ ਕੌਰ ਦਾ ਇਸ ਲਾਡਲੇ ਨੇ ਹਾਲੇ ਤੱਕ ਵਿਆਹ ਨਹੀਂ ਸੀ ਕਰਵਾਇਆ ਸੀ। ਇਹ ਫੌਜੀ ਜਵਾਨ ਦੇਸ਼ ਦੀ ਸੇਵਾ ਕਰਦਾ ਹੋਇਆ ਹੋਰ ਮਿਹਨਤ ਕਰਕੇ ਵੱਡਾ ਅਫ਼ਸਰ ਬਨਣਾ ਚਾਹੁੰਦਾ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ ਜਿਸ ਕਾਰਨ ਉਹ ਆਪਣੀਆਂ ਸਾਰੀਆ ਇੱਛਾਵਾਂ ਦੀ ਪੂਰਤੀ ਕਰਨ ਤੇ ਦੇਸ਼ ਦੀ ਹੋਰ ਸੇਵਾ ਕਰਨ ਤੋਂ ਪਹਿਲਾ ਹੀ ਸਦਾ ਦੀ ਨੀਂਦ ਸੌ ਗਿਆ। ਦੂਜੇ ਪਾਸੇ ਪਾਕਿਸਤਾਨ ਵਲੋਂ ਲਗਾਤਾਰ ਕੀਤੀਆਂ ਜਾ ਰਹੀ ਨਾਪਾਕਿ ਕਾਰਵਾਈਆ ਕਰਕੇ ਲੋਕਾਂ ਦਾ ਪਾਕਿਸਤਾਨ ਵਿਰੁੱਧ ਮੁਡ਼ ਗੁੱਸਾ ਫੁੱਟ ਰਿਹਾ ਹੈ।
ਪਰਿਵਾਰ ’ਚ ਹੈ ਦੇਸ਼ ਭਗਤੀ ਦਾ ਜ਼ਜ਼ਬਾ, ਪਿਤਾ, ਤਾਇਆ ਅਤੇ ਫੁੱਫਡ਼ ਵੀ ਕਰ ਚੁੱਕੇ ਨੇ ਭਾਰਤੀ ਫੌਜ ਦੀ ਸੇਵਾ
ਪਿੰਡ ਜਨੇਰ ਦੇ ਇਸ ਪਰਿਵਾਰ ਵਿਚ ਦੇਸ਼ ਭਗਤੀ ਦਾ ਬੇਹੱਦ ਜ਼ਜਬਾ ਹੈ। ਸ਼ਹੀਦ ਕਰਮਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ, ਤਾਇਆ ਦਿਲਬਾਗ ਸਿੰਘ ਅਤੇ ਫੁੱਫਡ਼ ਰੁਪਿੰਦਰ ਸਿੰਘ ਵੀ ਭਾਰਤੀ ਫੌਜ ਦੀ ਸੇਵਾ ਕਰਕੇ ਸੇਵਾ ਮੁਕਤ ਹੋਏ ਹਨ। ਇਕੱਤਰ ਜਾਣਕਾਰੀ ਅਨੁਸਾਰ ਬਚਪਨ ਮਗਰੋਂ ਜਦੋਂ ਕਰਮਜੀਤ ਸਿੰਘ ਨੇ ਸੁਰਤ ਸੰਭਾਲੀ ਤਾਂ ਇਹ ਆਪਣੇ ਪਾਪਾ ਅਤੇ ਤਾਇਆ ਦੀਆਂ ਫੌਜੀ ਵਰਦੀਆਂ ਵਾਲੀਆਂ ਫੋਟੋਆਂ ਦੇਖ ਕੇ ਇਹ ਆਖਦਾ ਸੀ ਕਿ ਉਹ ਵੀ ਭਾਰਤੀ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇਗਾ। ਇਸ ਮਗਰੋਂ ਕਰਮਜੀਤ ਸਿੰਘ ਸਚਮੁੱਚ ਹੀ ਦੇਸ਼ ਦੀ ਸੇਵਾ ਕਰਨ ਲਈ ਭਾਰਤੀ ਫੌਜ ਵਿਚ ਭਰਤੀ ਹੋ ਗਿਆ।
ਉਦਾਸ ਨੇ ਪਿੰਡ ਜਨੇਰ ਦੀਆਂ ਗਲੀਆਂ, ਸੱਥਾਂ ਵਿਚ ਵੀ ਸੁੰਨ ਪਸਰੀ
ਪਿੰਡ ਜਨੇਰ ਦੀਆਂ ਸਮੁੱਚੀਆ ਗਲੀਆਂ ਵਿਚ ਸ਼ਹੀਦ ਦੀ ਖ਼ਬਰ ਮਗਰੋਂ ਉਦਾਸੀ ਛਾਈ ਹੋਈ ਹੈ। ਪਿੰਡ ਵਿਚ ਹਰ ਪਾਸੇ ਗਮਗੀਨ ਮਾਹੌਲ ਹੈ। ਪਿੰਡ ਦੀਆਂ ਸੱਥਾ ਵਿਚ ਸੁੰਨ ਪਸਰੀ ਪਈ ਹੈ। ਸੱਥਾ ਵਿਚ ਬੈਠੇ ਲੋਕ ਪਿੰਡ ਦੇ ਨੌਜ਼ਵਾਨ ਦੀ ਸ਼ਹੀਦੀ ਤੇ ਫ਼ਖਰ ਮਹਿਸੂਸ ਕਰਨ ਦੇ ਨਾਲ- ਨਾਲ ਇਸ ਚਿੰਤਾ ਵਿਚ ਵੀ ਡੁੱਬੇ ਹੋਏ ਹਨ ਕਿ ਆਖਿਰਕਾਰ ਕਦੋਂ ਤੱਕ ਸਰਹੱਦ ਤੇ ਭਾਰਤੀ ਫੌਜ ਜਵਾਨਾਂ ਸ਼ਹੀਦ ਹੁੰਦੇ ਰਹਿਣਗੇ।
ਪਿਤਾ ਨੂੰ ਪੁੱਤ ਦੀ ਸ਼ਹੀਦੀ 'ਤੇ ਮਾਣ, ਪਾਕਿਸਤਾਨ ਵਿਰੁੱਧ ਮੰਗੀ ਸਖ਼ਤ ਕਾਰਵਾਈ
ਸ਼ਹੀਦ ਕਰਮਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ, ਮਾਤਾ ਕੁਲਵੰਤ ਕੌਰ ਅਤੇ ਭਰਾ ਸਵਰਨਜੀਤ ਸਿੰਘ ਸਮੇਤ ਸਮੁੱਚੇ ਪਰਿਵਾਰ ਦਾ ਰੋ- ਰੋ ਬੁਰਾ ਹਾਲ ਹੈ। ਪਿਤਾ ਅਵਤਾਰ ਸਿੰਘ ਨੂੰ ਆਪਣੇ ਪੁੱਤ ਦੀ ਸ਼ਹੀਦੀ ਤੇ ਮਾਣ ਹੋਣ ਹੈ। ਉਨ੍ਹਾ ਇਸ ਦੇ ਨਾਲ ਹੀ ਭਰੇ ਮਨ ਨਾਲ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਵੀ ਸਰਕਾਰ ਤੋਂ ਕੀਤੀ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਅਜਿਹੇ ਮਾਡ਼ੇ ਮਨਸੂਬਿਆ ਤੋਂ ਬਾਜ ਨਹੀਂ ਆ ਰਿਹਾ। ਇਸੇ ਦੌਰਾਨ ਹੀ ਐਸ ਡੀ ਐਮ ਧਰਮਕੋਟ ਨਰਿੰਦਰ ਸਿੰਘ ਨੇ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਆਖਰੀਵਾਰ ਲੰਘੀ ਰਾਤ ਹੋਈ ਚਚੇਰੇ ਭਰਾ ਨਾਲ ਫੋਨ 'ਤੇ ਗੱਲਬਾਤ, ਤਿੰਨ ਦਿਨ ਬਾਅਦ ਆਉਣਾ ਸੀ ਛੁੱਟੀ
ਸ਼ਹੀਦ ਕਰਮਜੀਤ ਸਿੰਘ ਦੀ ਲੰਘੀ ਰਾਤ ਚਚੇਰੇ ਭਰਾਂ ਹੈਪੀ ਨਾਲ ਸਾਢੇ 10 ਵਜੇ ਫੋਨ ਤੇ ਗੱਲਬਾਤ ਹੋਈ। ਇਸ ਦੌਰਾਨ ਹੈਪੀ ਦੱਸਦਾ ਹੈ ਕਿ ਕਰਮਜੀਤ ਨੇ ਦੱਸਿਆ ਕਿ ਉਹ ਤਿੰਨ ਦਿਨ ਬਾਅਦ 20 ਮਾਰਚ ਨੂੰ ਛੁੱਟੀ ਆ ਰਿਹਾ ਹੈ ਜਿਸ ਕਰਕੇ ਉਹਨਾਂ ਦੋਨ੍ਹਾਂ ਨੇ ਇਸ ਛੁੱਟੀ ਦੌਰਾਨ ਕਰਨ ਵਾਲੇ ਕੰਮਾਂ ਦੀ ਵਿਉਂਤਬੰਦੀ ਵੀ ਕੀਤੀ, ਪ੍ਰੰਤੂ ਇਹ ਪਤਾ ਨਹੀਂ ਸੀ ਕਿ ਉਹ ਛੱੁਟੀ ਹੋਣ ਤੋਂ ਪਹਿਲਾਂ ਦੀ ਸ਼ਹੀਦੀ ਜਾਮ ਪੀ ਜਾਵੇਗਾ।
ਸਿਆਸੀ ਪਿੜ 'ਚ ਨਿੱਤਰਣ ਤੋਂ ਤੌਬਾ ਕਰਨ ਲੱਗੇ ਕਲਾਕਾਰ!
NEXT STORY