ਬਠਿੰਡਾ(ਬਲਵਿੰਦਰ)-ਵਿਜੀਲੈਂਸ ਬਿਊਰੋ ਨੇ 40 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਇਕ ਮਾਲ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਵਾਸੀ ਮਾਈਸਰਖਾਨਾ ਬਠਿੰਡਾ ਨੇ ਆਪਣੀ ਸੱਸ ਚਰਨਜੀਤ ਕੌਰ ਦੇ ਪਿਤਾ ਜਸਵੰਤ ਸਿੰਘ ਦੀ ਵਿਰਾਸਤ ਇੰਤਕਾਲ ਆਪਣੀ ਸੱਸ ਚਰਨਜੀਤ ਕੌਰ, ਉਸ ਦੇ ਭਾਈ ਬਲਵੀਰ ਸਿੰਘ ਤੇ ਭੈਣ ਪਰਮਜੀਤ ਕੌਰ ਦੇ ਨਾਮ 'ਤੇ ਕਰਵਾਉਣੀ ਸੀ। ਇਸ ਲਈ ਉਸ ਨੇ ਹਲਕਾ ਜਟਾਣਾ ਦੇ ਮਾਲ ਪਟਵਾਰੀ ਕੁਲਵੀਰ ਸਿੰਘ ਨਾਲ ਸੰਪਰਕ ਕੀਤਾ। ਪਟਵਾਰੀ ਨੇ ਇੰਤਕਾਲ ਮਨਜ਼ੂਰੀ ਕਰਵਾਉਣ ਦੇ ਬਦਲੇ ਉਸ ਤੋਂ 1.15 ਲੱਖ ਰੁਪਏ ਦੀ ਮੰਗ ਕੀਤੀ। ਪਟਵਾਰੀ ਜਸਪ੍ਰੀਤ ਸਿੰਘ ਨੇ 40 ਹਜ਼ਾਰ ਰੁਪਏ ਬਤੌਰ ਪਹਿਲੀ ਕਿਸ਼ਤ ਬਰਾਮਦ ਕਰ ਲਈ ਤੇ ਵੀਰਵਾਰ ਨੂੰ 40 ਹਜ਼ਾਰ ਦੀ ਦੂਜੀ ਕਿਸ਼ਤ ਦੇਣੀ ਸੀ। ਜਸਪ੍ਰੀਤ ਸਿੰਘ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ. ਮਨਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਮੌਕੇ 'ਤੇ ਛਾਪਮਾਰੀ ਕਰ ਕੇ ਮੁਲਜ਼ਮ ਪਟਵਾਰੀ ਕੁਲਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਟੀਮ ਨੇ ਮੁਲਜ਼ਮ ਦੇ ਕਬਜ਼ੇ 'ਚੋਂ 40 ਹਜ਼ਾਰ ਦੀ ਨਕਦੀ ਵੀ ਬਰਾਮਦ ਕਰ ਲਈ। ਮੁਲਜ਼ਮ ਪਟਵਾਰੀ ਖਿਲਾਫ ਥਾਣਾ ਵਿਜੀਲੈਂਸ ਬਠਿੰਡਾ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਧਮਕੀ ਭਰੇ ਪੱਤਰ ਲਿਖ ਕੇ ਫਿਰੌਤੀ ਵਸੂਲਣ ਵਾਲੇ 4 ਗ੍ਰਿਫਤਾਰ
NEXT STORY