ਫਾਜ਼ਿਲਕਾ(ਨਾਗਪਾਲ, ਬੰਟੀ)-ਫਾਜ਼ਿਲਕਾ ਸਥਿਤ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਸ ਥਾਣੇ 'ਚ ਮਾਂ-ਪੁੱਤਰ ਨੂੰ 10 ਗ੍ਰਾਮ ਹੈਰੋਇਨ ਅਤੇ 5.50 ਲੱਖ ਦੀ ਨਕਦੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਏ. ਆਈ. ਜੀ. ਨਰਿੰਦਰਪਾਲ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਐੱਸ. ਆਈ. ਸ਼ਿੰਦਰ ਸਿੰਘ ਪੁਲਸ ਪਾਰਟੀ ਸਮੇਤ ਚੈਕਿੰਗ ਲਈ ਥਾਣਾ ਸਿਟੀ ਜਲਾਲਾਬਾਦ ਖੇਤਰ ਦੇ ਅਰਾਈਆਂ ਵਾਲਾ ਰੋਡ 'ਤੇ ਲਲਾਂ ਬਸਤੀ ਵੱਲ ਜਾ ਰਹੇ ਸਨ ਤਾਂ ਸਾਹਮਣੇ ਤੋਂ ਮੋਟਰਸਾਈਕਲ 'ਤੇ ਇਕ ਸ਼ੱਕੀ ਵਿਅਕਤੀ ਅਤੇ ਔਰਤ ਆ ਰਹੇ ਸਨ। ਸ਼ੱਕ ਦੇ ਆਧਾਰ 'ਤੇ ਜਦੋਂ ਮੋਟਰਸਾਈਕਲ ਰੋਕ ਕੇ ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਅਤੇ 5.50 ਲੱਖ ਰੁਪਏ ਬਰਾਮਦ ਹੋਏ। ਉਕਤ ਹੈਰੋਇਨ ਦਾ ਮੁੱਲ ਅੰਤਰਰਾਸ਼ਟਰੀ ਬਾਜ਼ਾਰ ਵਿਚ 5 ਲੱਖ ਰੁਪਏ ਹੈ। ਫੜੇ ਗਏ ਵਿਅਕਤੀ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਉਸਦੀ ਮਾਤਾ ਸੁਰਜੀਤ ਕੌਰ ਵਾਸੀ ਢਾਣੀ ਲਾਲ ਸਿੰਘ ਥਾਣਾ ਸਦਰ ਫਿਰੋਜ਼ਪੁਰ ਦੇ ਰੂਪ ਵਿਚ ਹੋਈ। ਸੀ. ਓ. ਸੀ. ਥਾਣਾ ਫਾਜ਼ਿਲਕਾ ਵਿਚ ਦੋਵਾਂ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਛਾਪੇਮਾਰੀ ਦੌਰਾਨ ਭਾਰੀ ਮਾਤਰਾ 'ਚ ਲਾਹਣ ਬਰਾਮਦ
NEXT STORY