ਮਾਮਲਾ ਉਦਯੋਗਪਤੀ ਦੇ ਘਰ ਹੋਈ ਲੁੱਟ ਦਾ
ਲੁਧਿਆਣਾ(ਪੰਕਜ)-15 ਜਨਵਰੀ ਨੂੰ ਆਤਮ ਨਗਰ ਏਰੀਏ 'ਚ ਉਦਯੋਗਪਤੀ ਦੀ ਪਤਨੀ ਨੂੰ ਬੰਦੀ ਬਣਾ ਕੇ ਆਪਣੇ ਸਾਥੀਆਂ ਸਮੇਤ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੁੱਟਣ ਵਾਲੇ ਘਰੇਲੂ ਨੌਕਰ ਸਮੇਤ ਹੋਰਨਾਂ ਦੋਸ਼ੀਆਂ ਦੀ ਭਾਲ 'ਚ ਯੂ. ਪੀ. ਵਿਚ ਸਰਗਰਮ ਸੀ. ਆਈ. ਏ. ਦੀ ਪੁਲਸ ਨੂੰ ਭਾਰੀ ਸਫਲਤਾ ਮਿਲਣ ਦੀ ਖ਼ਬਰ ਹੈ। ਟੀਮ ਵਲੋਂ 2 ਮੁਲਜ਼ਮਾਂ ਨੂੰ ਲੁੱਟ ਦੀ ਨਕਦੀ ਤੇ ਸਾਮਾਨ ਸਮੇਤ ਹਿਰਾਸਤ 'ਚ ਲੈਣ ਦੀ ਖ਼ਬਰ ਮਿਲੀ ਹੈ। ਲੁੱਟ ਦੀ ਵਾਰਦਾਤ ਦਾ ਖਾਕਾ ਤਿਆਰ ਕਰਨ ਵਾਲਾ ਕੁੱਝ ਦਿਨ ਪਹਿਲਾਂ ਕੰਮ 'ਤੇ ਰੱਖਿਆ ਗਿਆ ਨੌਕਰ ਰਾਜੇਸ਼ ਇੰਨਾ ਚਲਾਕ ਸੀ ਕਿ ਉਸ ਨੇ ਵਾਰਦਾਤ ਕਰਨ ਤੋਂ ਇਕ ਦਿਨ ਪਹਿਲਾਂ ਆਪਣੇ ਸਾਥੀਆਂ ਨੂੰ ਯੂ. ਪੀ. ਤੋਂ ਬੁਲਾਇਆ ਸੀ। 14 ਜਨਵਰੀ ਨੂੰ ਲੁਧਿਆਣਾ ਪਹੁੰਚੇ ਮੁਲਜ਼ਮ 15 ਜਨਵਰੀ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਚਲੇ ਗਏ। ਲੁੱਟ ਦੀ ਰਕਮ ਤੇ ਜਿਊਲਰੀ ਦੀ ਕੀਮਤ ਨੂੰ ਲੈ ਕੇ ਕਾਫੀ ਕਿਆਸ ਲਾਏ ਜਾਂਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਪੁਲਸ ਨੇ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਤਾਂ ਲੈ ਲਿਆ ਸੀ ਪਰ ਉਸ ਕੋਲੋਂ ਲੁੱਟ ਦੇ ਮਾਲ ਤੇ ਨਕਦੀ ਦੀ ਬਰਾਮਦਗੀ ਨਹੀਂ ਹੋਈ ਸੀ। ਇਕ ਚਲਾਕ ਅਪਰਾਧੀ ਦੀ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਸੀ. ਸੀ. ਟੀ. ਵੀ. ਫੁਟੇਜ 'ਚ ਸਾਹਮਣੇ ਆਈਆਂ ਸ਼ਕਲਾਂ ਨੇ ਉਨ੍ਹਾਂ ਦੀ ਪਛਾਣ ਕਰਵਾਉਣ ਦਾ ਕੰਮ ਕੀਤਾ, ਕਿਉਂਕਿ ਮੁਲਜ਼ਮ ਰਾਜੇਸ਼ ਨੂੰ ਨੌਕਰੀ 'ਤੇ ਰਖਵਾਉਣ ਵਾਲੇ ਨੇ ਪੁਲਸ ਪੁੱਛਗਿੱਛ ਵਿਚ ਸਾਰਿਆਂ ਦੇ ਨਾਂ ਅਤੇ ਪਤੇ ਤਾਂ ਦੱਸ ਦਿੱਤੇ ਪਰ ਉਨ੍ਹਾਂ ਨੂੰ ਫੜਨ ਗਈਆਂ ਟੀਮਾਂ ਨੂੰ ਸ਼ੁਰੂਆਤੀ ਦਿਨਾਂ 'ਚ ਸਫਲਤਾ ਨਹੀਂ ਮਿਲ ਸਕੀ, ਕਿਉਂਕਿ ਮੁਲਜ਼ਮ ਆਪਣੇ ਘਰ ਦੀ ਬਜਾਏ ਕਿਤੇ ਹੋਰ ਜਾ ਛਿਪੇ ਸਨ। ਮਾਮਲੇ ਦੀ ਜਾਂਚ ਦਾ ਜ਼ਿੰਮਾ ਸੀ. ਆਈ. ਏ. ਦੇ ਹੱਥਾਂ ਵਿਚ ਆਉਣ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਗਈਆਂ ਟੀਮਾਂ ਨੇ ਯੂ. ਪੀ. ਵਿਚ ਹੀ ਡੇਰਾ ਲਾ ਲਿਆ ਅਤੇ ਲੰਬੀ ਉਡੀਕ ਤੋਂ ਬਾਅਦ ਆਖਿਰਕਾਰ 2 ਮੁਲਜ਼ਮ ਲੁੱਟ ਦੀ ਕਾਫੀ ਰਕਮ ਤੇ ਗਹਿਣਿਆਂ ਨਾਲ ਉਨ੍ਹਾਂ ਦੇ ਹੱਥੇ ਚੜ੍ਹ ਗਏ। ਮਾਮਲਾ ਗੰਭੀਰ ਹੋਣ 'ਤੇ ਬਾਕੀ ਮੁਲਜ਼ਮਾਂ ਨੂੰ ਫੜਨ 'ਚ ਸਰਗਰਮ ਪੁਲਸ ਟੀਮਾਂ ਤੇ ਅਧਿਕਾਰੀ ਹਾਲਾਂਕਿ ਇਸ ਸਬੰਧੀ ਕੁੱਝ ਵੀ ਦੱਸਣ ਤੋਂ ਸਾਫ ਇਨਕਾਰ ਕਰ ਰਹੇ ਹਨ ਪਰ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮਾਂ ਨੂੰ ਨਾਲ ਲੈ ਕੇ ਜਿਉਂ ਹੀ ਟੀਮਾਂ ਮਹਾਨਗਰ ਪਹੁੰਚਣਗੀਆਂ, ਖੁਦ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਇਸ ਦਾ ਖੁਲਾਸਾ ਕਰਨਗੇ।
ਬਿਜਲੀ ਚੋਰੀ ਦੇ 24 ਕੇਸ ਫੜੇ, 1.70 ਲੱਖ ਰੁਪਏ ਜੁਰਮਾਨਾ ਠੋਕਿਆ
NEXT STORY