ਜਗਰਾਓਂ(ਸ਼ੇਤਰਾ)–ਲੁੱਟ ਦੀ ਯੋਜਨਾ ਬਣਾਉਣ ਲਈ ਵਿਆਹ ਸਮਾਗਮ 'ਚ ਇਕੱਠੇ ਹੋਏ 7 ਗੈਂਗਸਟਰਾਂ ਨੂੰ ਪੁਲਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ 'ਚੋਂ ਇਕ ਗੈਂਗਸਟਰ ਖਿਲਾਫ ਪਹਿਲਾਂ ਵੀ 28 ਮਾਮਲੇ ਦਰਜ ਹਨ ਤੇ ਉਹ ਹਾਲ ਹੀ 'ਚ ਜ਼ਮਾਨਤ 'ਤੇ ਜੇਲ 'ਚੋਂ ਬਾਹਰ ਆਇਆ ਸੀ। ਇੱਥੇ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਪ੍ਰੱੈਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਧਾਰ ਨੇ ਪੁਲਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਲਿੰਕ ਸੜਕ ਪਿੰਡ ਐਤੀਆਣਾ ਤੋਂ ਰਾਜੋਆਣਾ ਕਲਾਂ ਪੁਲ ਡਰੇਨ 'ਤੇ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਪੁਲਸ ਨੂੰ ਸੂਚਨਾ ਮਿਲੀ ਕਿ ਅਰਸ਼ਦੀਪ ਸਿੰਘ ਉਰਫ ਬਿੱਟੂ ਵਾਸੀ ਮਹਿਲਾ ਕਲਾਂ (ਬਰਨਾਲਾ), ਜਸਕੰਵਰ ਸਿੰਘ ਉਰਫ ਰਿੰਕੀ ਵਾਸੀ ਮਹਿਲ ਕਲਾਂ, ਗੁਰਬਖਸ਼ ਸਿੰਘ ਉਰਫ ਬਿੰਦਰ ਵਾਸੀ ਬਰਨਾਲਾ, ਗੁਰਪ੍ਰੀਤ ਸਿੰਘ ਉਰਫ ਗੋਗੀ ਵਾਸੀ ਬੱਧਨੀ ਖੁਰਦ, ਬੇਅੰਤ ਸਿੰਘ ਵਾਸੀ ਡਾਲਾ, ਸਾਹਿਬ ਸਿੰਘ ਉਰਫ ਸੱਬਾ ਵਾਸੀ ਕਸਬਾ ਭਰਾਲ ਤੇ ਗੁਰਸ਼ਰਨਜੋਤ ਸਿੰਘ ਉਰਫ ਦੁੱਲਾ ਵਾਸੀ ਮਹਿਲ ਕਲਾਂ, ਸੁਖਮਾਨ ਪੈਲੇਸ ਰਾਜੋਆਣਾ ਕਲਾਂ ਵਿਖੇ ਮੌਜੂਦ ਹਨ। ਇਨ੍ਹਾਂ ਕੋਲ ਭਾਰੀ ਅਸਲਾ ਮੌਜੂਦ ਹੈ ਤੇ ਇਹ ਵਿਆਹ ਦੀ ਆੜ 'ਚ ਇਕੱਠੇ ਹੋ ਕੇ ਵੱਡੀ ਵਾਰਦਾਤ ਜਾਂ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ। ਇਸ 'ਤੇ ਪੁਲਸ ਨੇ ਮੌਕੇ 'ਤੇ ਛਾਪਾ ਮਾਰਿਆ ਤਾਂ ਉਕਤ ਸੱਤੇ ਮੁਲਜ਼ਮ ਹਥਿਆਰਾਂ ਤੇ ਸਕਾਰਪੀਓ ਗੱਡੀ ਸਮੇਤ ਕਾਬੂ ਆ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਰਿਵਾਲਵਰ, ਇਕ 30 ਬੋਰ ਟੈਲੀਸਕੋਪ ਗੰਨ, 2 ਰਾਈਫਲਾਂ ਤੇ ਇਕ ਦੇਸੀ ਕੱਟਾ ਸਮੇਤ ਕਾਰਤੂਸ ਬਰਾਮਦ ਹੋਏ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਬਿੱਟੂ ਮਹਿਲਾ ਕਲਾਂ ਖਿਲਾਫ 28 ਮਾਮਲੇ ਦਰਜ ਹਨ। ਇਸੇ ਤਰ੍ਹਾਂ ਬੇਅੰਤ ਸਿੰਘ ਖਿਲਾਫ 7, ਗੁਰਪ੍ਰੀਤ ਗੋਰੀ ਖਿਲਾਫ 3 ਤੇ ਜਸਕੰਵਰ ਸਿੰਘ ਖਿਲਾਫ ਇਕ ਮਾਮਲਾ ਪਹਿਲਾਂ ਹੀ ਦਰਜ ਹੈ। ਬਿੱਟੂ ਹਾਲੇ ਢਾਈ ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਜੇਲ੍ਹ 'ਚੋਂ ਆਇਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਇਨ੍ਹਾਂ ਦਾ ਸਾਥ ਦੇਣ ਵਾਲੇ ਬਾਕੀ ਵਿਅਕਤੀ ਵੀ ਜਾਂਚ ਕਰ ਕੇ ਕਾਬੂ ਕੀਤੇ ਜਾਣਗੇ। ਇਸ ਮੌਕੇ ਐੱਸ. ਪੀ. (ਡੀ) ਰੁਪਿੰਦਰ ਭਾਰਦਵਾਜ, ਡੀ. ਐੱਸ. ਪੀ. ਨਵਜੀਤ ਸਿੰਘ, ਡੀ. ਐੱਸ. ਪੀ. ਸਰਬਜੀਤ ਸਿੰਘ ਤੇ ਐੱਸ. ਐੱਸ. ਓ. ਹਰਜਿੰਦਰ ਸਿੰਘ ਆਦਿ ਮੌਜੂਦ ਸਨ।
ਬਾਸਕਟਬਾਲ : ਸੰਦੀਪ ਦਾ ਨਾਂ ਲਿਮਕਾ ਬੁੱਕ 'ਚ ਦਰਜ
NEXT STORY