ਖੰਨਾ (ਵਿਪਨ) : ਜੇਲ੍ਹ ਤੋਂ ਲੈ ਕੇ ਸਰਹੱਦ ਪਾਰ ਤੱਕ ਹੈਰੋਇਨ ਦੀ ਤਸਕਰੀ ਦਾ ਪਰਦਾਫਾਸ਼ ਹੋਇਆ ਹੈ। ਡਰੋਨ ਰਾਹੀਂ ਭਾਰਤ-ਪਾਕਿਸਤਾਨ ਸਰਹੱਦ ਤੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਖੰਨਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 1 ਕਿੱਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਨ੍ਹਾਂ ਦਾ ਚੌਥਾ ਸਾਥੀ ਰੋਪੜ ਜੇਲ੍ਹ 'ਚ ਬੰਦ ਹੈ, ਜੋ ਬਾਹਰ ਆਪਣੇ ਸਾਥੀਆਂ ਨਾਲ ਗੱਲਬਾਤ ਕਰਦਾ ਰਹਿੰਦਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐੱਸ. ਪੀ. (ਆਈ) ਪਵਨਜੀਤ ਨੇ ਦੱਸਿਆ ਕਿ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਬੈਂਸ ਦੇ ਨਿਰਦੇਸ਼ਾਂ ਮੁਤਾਬਕ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਦੋਰਾਹਾ ਥਾਣਾ ਪੁਲਸ ਨੂੰ ਇਹ ਸਫ਼ਲਤਾ ਮਿਲੀ ਹੈ।
ਡੀ. ਐੱਸ. ਪੀ. ਹੇਮੰਤ ਮਲਹੋਤਰਾ ਅਤੇ ਦੋਰਾਹਾ ਥਾਣਾ ਮੁਖੀ ਆਕਾਸ਼ ਦੱਤ ਦੀ ਟੀਮ ਨੇ 18 ਸਤੰਬਰ ਨੂੰ ਦਿੱਲੀ ਸਾਈਡ ਤੋਂ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਸੀ ਤਾਂ ਇਸ ਬੱਸ 'ਚ ਸਵਾਰ ਗੁਰਲਾਲ ਸਿੰਘ ਗੋਰਾ ਵਾਸੀ ਪਿੰਡ ਡੱਲ ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ 300 ਗ੍ਰਾਮ ਹੈਰੋਇਨ ਮਿਲੀ ਸੀ। ਉਸਦੀ ਪੁੱਛਗਿੱਛ ਉਪਰਤੰ ਮੁਹੰਮਦ ਇਰਸ਼ਾਦ ਵਾਸੀ ਸੋਡੀ ਥਾਣਾ ਬਲੌਂਗੀ ਜ਼ਿਲ੍ਹਾ ਮੋਹਾਲੀ, ਦਵਿੰਦਰ ਸਿੰਘ ਵਾਸੀ ਖੇਮਕਰਨ (ਤਰਨਤਾਰਨ) ਅਤੇ ਰੋਪੜ ਜੇਲ੍ਹ 'ਚ ਬੰਦ ਲਵਪ੍ਰੀਤ ਸਿੰਘ ਨੂੰ ਨਾਮਜ਼ਦ ਕਰਨ ਮਗਰੋਂ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 705 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
21 ਸਤੰਬਰ ਨੂੰ ਮੁਹੰਮਦ ਇਰਸ਼ਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਪੀ. ਪਵਨਜੀਤ ਨੇ ਕਿਹਾ ਕਿ ਰੋਪੜ ਜੇਲ੍ਹ 'ਚੋਂ ਲਵਪ੍ਰੀਤ ਸਿੰਘ ਨੂੰ ਲਿਆ ਕੇ ਪੁੱਛਿਆ ਜਾਵੇਗਾ ਕਿ ਉਹ ਕਿਸ ਤਰ੍ਹਾਂ ਜੇਲ੍ਹ ਅੰਦਰ ਬੈਠ ਕੇ ਬਾਹਰ ਸੰਪਰਕ ਰੱਖ ਰਿਹਾ ਸੀ ਅਤੇ ਕੀ ਭੂਮਿਕਾ ਨਿਭਾ ਰਿਹਾ ਸੀ। ਐੱਸ. ਪੀ. ਨੇ ਦੱਸਿਆ ਕਿ ਗੁਰਲਾਲ ਸਿੰਘ ਗੋਰਾ ਖ਼ਿਲਾਫ਼ ਇਕ ਮਈ 2024 ਨੂੰ ਥਾਣਾ ਖਾਲੜਾ ਵਿਖੇ ਹੈਰੋਇਨ ਤਸਕਰੀ ਦਾ ਕੇਸ ਦਰਜ ਹੋਇਆ ਸੀ। ਇਸ ਵਿੱਚ ਗੁਰਲਾਲ ਉੱਪਰ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਇੱਥੇ ਸਪਲਾਈ ਕਰਨ ਦਾ ਦੋਸ਼ ਹੈ।
ਉਸ ਕੋਲੋਂ 840 ਗ੍ਰਾਮ ਹੈਰੋਇਨ ਅਤੇ 4100 ਅਮਰੀਕਨ ਡਾਲਰ ਉਸ ਸਮੇਂ ਫੜ੍ਹੇ ਗਏ ਸੀ। ਇੱਕ ਹੋਰ ਮੁਕੱਦਮਾ ਤਰਨਤਾਰਨ ਦੇ ਥਾਣਾ ਪੱਟੀ ਵਿਖੇ ਗੁਰਲਾਲ ਖ਼ਿਲਾਫ਼ ਦਰਜ ਹੈ। ਇਸ ਕੇਸ 'ਚ ਉਸ ਕੋਲੋਂ ਇਕ ਕਿੱਲੋ ਹੈਰੋਇਨ ਫੜ੍ਹੀ ਗਈ ਸੀ। ਇਹ ਵੱਡਾ ਤਸਕਰ ਹੈ, ਜਿਸਦੇ ਸਬੰਧ ਪਾਕਿਸਤਾਨ ਨਾਲ ਜੁੜੇ ਹੋਏ ਹਨ ਅਤੇ ਉਸ ਕੋਲੋਂ ਹੋਰ ਸੁਰਾਗ ਮਿਲਣ ਦੀ ਪੂਰੀ ਉਮੀਦ ਹੈ।
ਰਾਜਪੁਰਾ-ਮੋਹਾਲੀ ਰੇਲ ਲਿੰਕ ਨੂੰ ਕੇਂਦਰ ਵੱਲੋਂ ਪ੍ਰਵਾਨਗੀ, ਡਾ. ਸਾਹਨੀ ਨੇ ਕੀਤੀ ਸ਼ਲਾਘਾ
NEXT STORY