ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਸਤਿਆਣਾ ਤੇ ਭੁਪਾਣਾ ਵਿਖੇ ਅੱਜ ਕਿਸਾਨਾਂ ਦੀ ਸੋਨੇ ਵਰਗੀ ਪੱਕ ਦੇ ਤਿਆਰ ਖੜ੍ਹੀ 40 ਏਕੜ ਕਣਕ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ, ਜਿਸ ਕਾਰਨ ਇਨ੍ਹਾਂ ਦੋਵਾਂ ਪਿੰਡਾਂ ਦੇ ਕਈ ਕਿਸਾਨਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਤਿਆਣਾ ਦੇ ਇਕ ਕਿਸਾਨ ਦਾਤਾ ਰਾਮ ਆਪਣੇ ਖੇਤਾਂ ਵਿਚ ਕਣਕ ਦੀ ਕਟਾਈ ਕਰ ਰਿਹਾ ਸੀ ਕਿ ਉਸਨੂੰ ਨੇੜਲੇ ਖੇਤਾਂ ਵਿਚ ਅੱਗ ਲੱਗੀ ਦਿਖਾਈ ਦਿੱਤੀ। ਸੁੱਕੀ ਫਸਲ ਨੂੰ ਲੱਗੀ ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਉਸਨੇ ਕਰੀਬ 40 ਏਕੜ ਤੋਂ ਵੱਧ ਕਣਕ ਦੀ ਖੜ੍ਹੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਲੱਖਾਂ ਰੁਪਏ ਦਾ ਅਨਾਜ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਵਲੋਂ ਅੱਗ 'ਤੇ ਕਾਬੂ ਪਾਉਣ ਲਈ ਪੂਰੀ ਵਾਹ ਲਾਈ ਗਈ ਅਤੇ ਟ੍ਰੈਕਟਰਾਂ ਨਾਲ ਉਨ੍ਹਾਂ ਆਪਣੀ ਪੱਕੀ ਖੜ੍ਹੀ ਫਸਲ ਵੀ ਵਾਹ ਦਿੱਤੀ, ਤਾਂ ਜੋ ਅੱਗ ਅੱਗੇ ਨਾ ਵਧ ਸਕੇ ਪਰ ਫਿਰ ਵੀ ਤੇਜ਼ ਹਵਾ ਕਾਰਨ ਕਿਸਾਨਾਂ ਦੀ ਇਹ ਫਸਲ ਸੜ ਗਈ। ਇਸ ਅੱਗ ਵਿਚ ਦਾਤਾ ਰਾਮ ਦੇ ਟ੍ਰੈਕਟਰ-ਟਰਾਲੀ ਨੂੰ ਵੀ ਅੱਗ ਲਗ ਗਈ ਪਰ ਜਦੋਂ ਤਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤਕ ਉਸਦੇ ਟਾਇਰ ਤੇ ਇੰਜਣ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅੱਗ ਕਾਰਨ ਕਿਸਾਨ ਕਰਨੈਲ ਸਿੰਘ ਦੀ 8 ਏਕੜ, ਤੇਜਾ ਸਿੰਘ ਦੀ 10 ਏਕੜ, ਲਹਿੰਬਰ ਸਿੰਘ ਦੀ 3 ਏਕੜ, ਨਿਰਮਲ ਸਿੰਘ ਦੀ 2 ਏਕੜ, ਮੰਤਰ ਰਾਮ ਦੀ 10 ਏਕੜ, ਟਹਿਲ ਸਿੰਘ ਦੀ 4 ਏਕੜ ਅਤੇ ਸੁਭਾਸ਼ ਚੰਦਰ ਦੀ 2 ਏਕੜ ਤੋਂ ਇਲਾਵਾ ਹੋਰ ਵੀ ਕਈ ਕਿਸਾਨਾਂ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ। ਇਨ੍ਹਾਂ ਕਿਸਾਨਾਂ ਨੇ 6 ਮਹੀਨੇ ਸਖ਼ਤ ਮਿਹਨਤ ਕਰਕੇ ਆਪਣੀ ਫਸਲ ਨੂੰ ਪਾਲਿਆ ਅਤੇ ਜਦੋਂ ਹੁਣ ਫਸਲ ਵੱਢ ਕੇ ਇਸ ਮਿਹਨਤ ਦਾ ਮੁੱਲa ਵੱਟਣ ਦਾ ਸਮਾਂ ਆਇਆ ਤਾਂ ਕੁਦਰਤੀ ਕਰੋਪੀ ਨੇ ਕਿਸਾਨਾਂ ਦਾ ਸਭ ਕੁਝ ਤਬਾਹ ਕਰ ਦਿੱਤਾ। ਅੱਗ ਨਾਲ ਪੀੜਤ ਕਿਸਾਨਾਂ ਦੇ ਚਿਹਰੇ ਪੂਰੇ ਮੁਰਝਾਏ ਸਨ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ 40 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ।
ਅਦਾਲਤ ਨੇ ਕੇਸ 'ਚ ਮੁਲਜ਼ਮਾਂ ਨੂੰ ਪੇਸ਼ ਨਾ ਹੋਣ 'ਤੇ ਭਗੌੜੇ ਐਲਾਨਿਆ
NEXT STORY