ਚੰਡੀਗੜ੍ਹ (ਸੁਸ਼ੀਲ) : ਰਿਸ਼ਵਤ ਲੈਣ ਦੇ ਮਾਮਲੇ ’ਚ ਫ਼ਰਾਰ ਸੈਕਟਰ-26 ਥਾਣੇ ’ਚ ਤਾਇਨਾਤ ਏ.ਐੱਸ.ਆਈ. ਵਜਿੰਦਰ ਨੇ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ’ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਮੁਲਜ਼ਮ ਨੂੰ ਫ਼ਾਇਦਾ ਪਹੁੰਚਾਉਣ ਲਈ ਰਿਸ਼ਵਤ ਮੰਗਣ ਦੇ ਦੋਸ਼ ਸਨ। ਉਹ ਰਿਸ਼ਵਤ ਦੇ 20 ਹਜ਼ਾਰ ਰੁਪਏ ਮਾਲਖ਼ਾਨਾ ਇੰਚਾਰਜ ਏ.ਐੱਸ.ਆਈ. ਸਤੀਸ਼ ਨੂੰ ਦੇ ਕੇ ਫ਼ਰਾਰ ਹੋ ਗਿਆ।
ਸੀ.ਬੀ.ਆਈ. 20 ਹਜ਼ਾਰ ਨਕਦੀ ਸਮੇਤ ਏ.ਐੱਸ.ਆਈ. ਸਤੀਸ਼ ਨੂੰ ਹਿਰਾਸਤ ’ਚ ਲੈ ਕੇ ਸੈਕਟਰ-30 ਦੇ ਦਫ਼ਤਰ ਲੈ ਗਈ। ਸੀ.ਬੀ.ਆਈ. ਨੇ ਕੁੜੀ ਲਾਲੀ ਦੀ ਸ਼ਿਕਾਇਤ ’ਤੇ ਮੁਲਜ਼ਮ ਏ.ਐੱਸ.ਆਈ. ਵਜਿੰਦਰ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਸ਼ਾਮ ਕਰੀਬ 6 ਵਜੇ ਫ਼ਰਾਰ ਹੋਏ ਏ.ਐੱਸ.ਆਈ. ਵਜਿੰਦਰ ਨੇ ਸੈਕਟਰ 41/42 ਦੇ ਸਮਾਲ ਚੌਕ ’ਚ ਗੱਡੀ ਅੰਦਰ ਸਲਫ਼ਾਸ ਨਿਗਲ ਲਈ। ਪ੍ਰਾਈਵੇਟ ਐਂਬੂਲੈਂਸ ਰਾਹੀਂ ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੂੰ ਗੱਡੀ ਅੰਦਰੋਂ ਸਲਫ਼ਾਸ ਦੀਆਂ ਗੋਲੀਆਂ, ਗਲਾਸ ਤੇ ਪਾਣੀ ਦੀ ਬੋਤਲ ਸਮੇਤ ਹੋਰ ਸਾਮਾਨ ਮਿਲਿਆ ਹੈ। ਇਹ ਗੱਡੀ ਉਸ ਨੇ ਕੁਝ ਦਿਨ ਪਹਿਲਾਂ ਹੈੱਡ ਕਾਂਸਟੇਬਲ ਜਗਤਾਰ ਸਿੰਘ ਤੋਂ ਮੰਗੀ ਸੀ।
ਸ਼ਿਕਾਇਤਕਰਤਾ ਲਾਲੀ ਨੇ ਸੀ.ਬੀ.ਆਈ. ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸੈਕਟਰ-26 ਥਾਣੇ ’ਚ ਤਾਇਨਾਤ ਏ.ਐੱਸ.ਆਈ. ਵਜਿੰਦਰ ਸਿੰਘ ਨੇ ਭੂਰਾ ਦੀ ਮਦਦ ਕਰਨ ਤੇ ਚਲਾਨ ’ਚੋਂ ਉਸ ਦਾ ਨਾਂ ਕਢਵਾਉਣ ਦਾ ਵਾਅਦਾ ਕੀਤਾ ਸੀ। ਇਸ ਲਈ ਮੈਡੀਕਲ ਰਿਪੋਰਟ ਬਣਾਉਣੀ ਸੀ, ਜਿਸ ’ਚ ਝਗੜੇ ਦੌਰਾਨ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਘੱਟ ਸੱਟਾਂ ਦਿਖਾਈਆਂ ਜਾਣੀਆਂ ਸਨ। ਇਸ ਲਈ ਉਸ ਨੇ 40 ਹਜ਼ਾਰ ਰੁਪਏ ਮੰਗੇ ਸਨ, ਜਿਸ ’ਚੋਂ ਕੁਝ ਰਕਮ ਡਾਕਟਰ ਨੂੰ ਦੇਣ ਦਾ ਵਾਅਦਾ ਵੀ ਕੀਤਾ ਸੀ। ਇਨਕਾਰ ਕਰਨ ’ਤੇ ਸੌਦਾ 20,000 ਰੁਪਏ ’ਚ ਤੈਅ ਹੋ ਗਿਆ। ਉੁਸ ਨੇ ਲਾਲੀ ਨੂੰ ਪੈਸੇ ਲੈ ਕੇ ਸੈਕਟਰ-26 ਥਾਣੇ ਬੁਲਾਇਆ ਸੀ।
ਇਹ ਵੀ ਪੜ੍ਹੋ- ਅਸਲਾ ਘਰ 'ਚ ਬੰਦੂਕ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ, ਹੋਮਗਾਰਡ ਦੀ ਹੋ ਗਈ ਮੌਤ, 2 ਮਹੀਨੇ ਬਾਅਦ ਹੋਣਾ ਸੀ ਰਿਟਾਇਰ
ਸੀ.ਬੀ.ਆਈ. ਨੇ ਏ.ਐੱਸ.ਆਈ. ਵਜਿੰਦਰ ਨੂੰ ਫੜਨ ਲਈ ਥਾਣੇ ’ਚ ਟ੍ਰੈਪ ਲਾਇਆ। ਲਾਲੀ ਨੂੰ ਏ.ਐੱਸ.ਆਈ. ਨੇ ਆਪਣੇ ਕਮਰੇ ’ਚ ਬੁਲਾਇਆ। ਵਜਿੰਦਰ ਦੇ ਕਹਿਣ 'ਤੇ ਲੜਕੀ ਨੇ ਰਿਸ਼ਵਤ ਦੀ ਰਕਮ ਫਾਈਲ ''ਚ ਰੱਖ ਦਿੱਤੀ। ਇਸ ਦੌਰਾਨ ਵਜਿੰਦਰ ਨੂੰ ਸੀ.ਬੀ.ਆਈ. ਦੇ ਛਾਪੇ ਦੀ ਭਿਣਕ ਲੱਗ ਗਈ। ਉਹ ਪੈਸਿਆਂ ਨਾਲ ਭਰੀ ਫਾਈਲ ਥਾਣੇ ’ਚ ਹੀ ਏ.ਐੱਸ.ਆਈ. ਸਤੀਸ਼ ਕੋਲ ਛੱਡ ਕੇ ਫ਼ਰਾਰ ਹੋ ਗਿਆ।
ਸੀ.ਬੀ.ਆਈ. ਨੇ ਲਾਲੀ ਦੇ ਇਸ਼ਾਰੇ 'ਤੇ ਥਾਣੇ 'ਚ ਛਾਪਾ ਮਾਰਿਆ। ਸੀ.ਬੀ.ਆਈ. ਨੂੰ ਏ.ਐੱਸ.ਆਈ. ਨਹੀਂ ਮਿਲਿਆ ਪਰ ਲਾਲੀ ਵੱਲੋਂ ਦਿੱਤੀ ਗਈ ਰਿਸ਼ਵਤ ਦੀ ਰਕਮ ਮਾਲਖ਼ਾਨੇ ਦੇ ਮੁਨਸ਼ੀ ਏ.ਐੱਸ.ਆਈ. ਸਤੀਸ਼ ਕੋਲੋਂ ਮਿਲ ਗਈ। ਸੀ.ਬੀ.ਆਈ. ਰਿਸ਼ਵਤ ਦੀ ਰਕਮ 20 ਹਜ਼ਾਰ ਰੁਪਏ ਨਾਲ ਏ.ਐੱਸ.ਆਈ. ਸਤੀਸ਼ ਨੂੰ ਹਿਰਾਸਤ 'ਚ ਲੈ ਕੇ ਦਫ਼ਤਰ ਲੈ ਗਈ। ਸੀ.ਬੀ.ਆਈ. ਨੇ ਫ਼ਰਾਰ ਏ.ਐੱਸ.ਆਈ. ਵਜਿੰਦਰ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾ ਦਿੱਤੀਆਂ ਸਨ।
ਇਹ ਵੀ ਪੜ੍ਹੋ- ਪਹਿਲੀ ਪਤਨੀ ਨੂੰ ਕਤਲ ਕਰ ਕੱਟ ਚੁੱਕਾ ਸੀ 10 ਸਾਲ ਜੇਲ੍ਹ, ਹੁਣ ਦੂਜੀ ਨੂੰ ਵੀ ਕੈਂਚੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਕਿਹਾ- ''ਮੈਂ ਸਲਫ਼ਾਸ ਖਾ ਲਈ ਹੈ, ਪੁਲਸ ਨੂੰ ਫੋਨ ਕਰ ਦੇਵੋ''
ਫ਼ਰਾਰ ਏ.ਐੱਸ.ਆਈ ਵਜਿੰਦਰ ਸੈਕਟਰ-41/42 ਚੌਕ ਨੇੜੇ ਕਾਰ ’ਚ ਬੈਠਾ ਹੋਇਆ ਸੀ। ਉਹ ਪੁਲਸ ਨੂੰ ਬੁਲਾਉਣ ਲਈ ਰੌਲਾ ਪਾਉਣ ਲੱਗਾ। ਨੇੜੇ ਕ੍ਰਿਕਟ ਖੇਡਦੇ ਨੌਜਵਾਨ ਉਸ ਕੋਲ ਗਏ। ਏ.ਐੱਸ.ਆਈ. ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਹਸਪਤਾਲ ਪਹੁੰਚਾ ਦੇਵੋ, ਉਸ ਨੇ ਸਲਫ਼ਾਸ ਖਾ ਲਈ ਹੈ। ਨੌਜਵਾਨਾਂ ਨੇ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਉਸ ਨੂੰ ਸੈਕਟਰ-16 ਜਨਰਲ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਲਫ਼ਾਸ ਖਾਣ ਦੀ ਸੂਚਨਾ ਮਿਲਦਿਆਂ ਹੀ ਸੈਕਟਰ-39 ਥਾਣਾ ਇੰਚਾਰਜ ਚਰੰਜੀ ਲਾਲ ਤੇ ਸੈਕਟਰ-36 ਥਾਣਾ ਇੰਚਾਰਜ ਜੇ.ਪੀ. ਸਿੰਘ ਪਹੁੰਚੇ। ਉਨ੍ਹਾਂ ਨੇ ਮੌਕੇ ਦੀ ਜਾਂਚ ਲਈ ਸੀ.ਐੱਫ.ਐੱਸ.ਐੱਲ. ਟੀਮ ਨੂੰ ਬੁਲਾਇਆ। ਪੁਲਸ ਟੀਮ ਨੇ ਗੱਡੀ ਅੰਦਰੋਂ ਗਲਾਸ ਤੇ ਪਾਣੀ ਦੀ ਬੋਤਲ ਤੋਂ ਉਂਗਲਾਂ ਦੇ ਨਿਸ਼ਾਨ ਜ਼ਬਤ ਕੀਤੇ। ਸੈਕਟਰ-36 ਥਾਣਾ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਇਹ ਸੀ ਮਾਮਲਾ
ਬਦਲੂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਭਰਾ ਕਿਸ਼ਨ ਸੈਕਟਰ-26 ਦੀ ਸਬਜ਼ੀ ਮੰਡੀ ’ਚ ਢਾਬਾ ਚਲਾਉਂਦਾ ਹੈ। 27/28 ਮਾਰਚ ਦੀ ਰਾਤ ਨੂੰ ਪੰਚਕੂਲਾ ਦੇ ਰਾਜੀਵ ਕਲੋਨੀ ਸੈਕਟਰ-17 ਵਾਸੀ ਗਜੇਂਦਰ ਢਾਬੇ ’ਤੇ ਆਇਆ ਤੇ ਕੁੜੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਢਾਬਾ ਮੁਲਾਜ਼ਮ ਦਾ ਮੋਬਾਈਲ ਫੋਨ ਖੋਹ ਲਿਆ ਪਰ ਜਦੋਂ ਕਿਸ਼ਨ ਨੇ ਵਿਰੋਧ ਕੀਤਾ ਤਾਂ ਉਹ ਚਲਿਆ ਗਿਆ। ਕੁਝ ਸਮੇਂ ਬਾਅਦ ਸਾਥੀ ਸਬਜ਼ੀ ਮੰਡੀ ’ਚ ਰਹਿਣ ਵਾਲੇ ਭੂਰਾ ਨੂੰ ਲੈ ਕੇ ਆ ਗਿਆ ਤੇ ਗਜੇਂਦਰ ਤੇ ਭੂਰਾ ਉਸ ਦੇ ਭਰਾ ਕਿਸ਼ਨ ਨਾਲ ਲੜਾਈ ਕਰਨ ਲੱਗੇ। ਭੂਰਾ ਨੇ ਕਿਸ਼ਨ ਨੂੰ ਫੜ ਲਿਆ ਤੇ ਗਜੇਂਦਰ ਨੇ ਕਿਸ਼ਨ ਦੀ ਛਾਤੀ ’ਚ ਚਾਕੂ ਮਾਰ ਦਿੱਤਾ। ਸੈਕਟਰ-26 ਥਾਣਾ ਪੁਲਸ ਤੇ ਡੀ.ਸੀ.ਸੀ. ਦੀ ਸਾਂਝੀ ਟੀਮ ਨੇ ਉਕਤ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- ਹੈਰਾਨੀਜਨਕ ਮਾਮਲਾ : ਖੇਤਾਂ 'ਚ ਕੰਮ ਕਰਦੇ ਬੰਦੇ ਦੇ ਲੜਨ ਤੋਂ ਬਾਅਦ ਮਰ ਗਿਆ ਸੱਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਂਦਰ ਸਰਕਾਰ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ : ਚੁੱਘ
NEXT STORY