ਰਾਏਕੋਟ (ਵੈੱਬ ਡੈਸਕ) - ਰਾਏਕੋਟ ਯਾਨੀ ਚੋਣ ਕਮਿਸ਼ਨ ਦੀ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ- 69 ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਹੈ। ਜ਼ਿਆਦਾਤਰ ਇਹ ਹਲਕਾ ਕਾਂਗਰਸ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ’ਤੇ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਹਲਕੇ ’ਤੇ ਹੁਣ ਤੱਕ ਹੋਈਆਂ 5 ਵਿਧਾਨ ਸਭਾ ਚੋਣਾਂ ਵਿਚੋਂ ਤਿੰਨ ਵਾਰ ਕਾਂਗਰਸ ਜੇਤੂ ਰਹੀ ਹੈ। ਕਾਂਗਰਸ ਨੇ ਇਸ ਸੀਟ ’ਤੇ 1997, 2007 ਅਤੇ 2012 ਵਿਚ ਜਿੱਤ ਦਰਜ ਕੀਤੀ ਹੈ ਜਦਕਿ 2002 ਵਿਚ ਅਕਾਲੀ ਦਲ ਅਤੇ 2017 ਵਿਚ ਆਮ ਆਦਮੀ ਪਾਰਟੀ ਇਸ ਸੀਟ ’ਤੇ ਜੇਤੂ ਰਹਿ ਚੁੱਕੀ ਹੈ।
1997 ਵਿਚ ਕਾਂਗਰਸ ਦੇ ਹਰਮੋਹਿੰਦਰ ਸਿੰਘ ਪ੍ਰਧਾਨ ਅਤੇ ਅਕਾਲੀ ਦਲ ਦੇ ਰਣਜੀਤ ਸਿੰਘ ਤਲਵੰਡੀ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ ਸੀ, ਇਸ ਵਿਚ ਹਰਮੋਹਿੰਦਰ ਨੂੰ 38297 ਅਤੇ ਰਣਜੀਤ ਸਿੰਘ ਤਲਵੰਡੀ 34245 ਵੋਟਾਂ ਹਾਸਲ ਹੋਈਆਂ ਸਨ ਅਤੇ ਕਾਂਗਰਸ ਦੇ ਹਰਮੋਹਿੰਦਰ 4052 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ।
2002 ਵਿਚ ਦੋਵਾਂ ਪਾਰਟੀ ਦੇ ਆਗੂਆਂ ਵਿਚਾਲੇ ਮੁੜ ਜ਼ਬਰਦਸਤ ਮੁਕਾਬਲਾ ਦੇਖਣ ਮਿਲਿਆ ਜਿਸ ਵਿਚ ਅਕਾਲੀ ਦਲ ਦੇ ਰਣਜੀਤ ਸਿੰਘ ਤਲਵੰਡੀ ਨੇ 6399 ਵੋਟਾਂ ਦੇ ਫਰਕ ਨਾਲ ਇਸ ਸੀਟ ’ਤੇ ਕਬਜ਼ਾ ਕਰ ਲਿਆ।
2007 ਅਤੇ 2012 ਵਿਚ ਕਾਂਗਰਸ ਲਗਾਤਾਰ ਦੋ ਵਾਰ ਇਹ ਸੀਟ ਜਿੱਤਦੀ ਰਹੀ। 2017 ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉੱਤਰੀ ਆਮ ਆਦਮੀ ਪਾਰਟੀ ਨੇ ਦੋਵਾਂ ਰਿਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੀ ਖੇਡ ਵਿਗਾੜਦੇ ਹੋਏ ਇਸ ਹਲਕੇ ’ਤੇ ਕਬਜ਼ਾ ਕੀਤਾ। ਆਮ ਆਦਮੀ ਪਾਰਟੀ ਵਲੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ, ਕਾਂਗਰਸ ਵਲੋਂ ਅਮਰ ਸਿੰਘ ਅਤੇ ਅਕਾਲੀ ਦਲ ਵਲੋਂ ਇਕਬਾਲ ਸਿੰਘ ਅਟਵਾਲ ਨੂੰ ਮੈਦਾਨ ਵਿਚ ਉਤਾਰਿਆ ਗਿਆ। ‘ਆਪ’ ਦੇ ਜੱਗਾ ਹਿੱਸੋਵਾਲ ਦੀ 10614 ਵੋਟਾਂ ਦੇ ਫਰਕ ਨਾਲ ਇੱਥੇ ਵੱਡੀ ਜਿੱਤ ਹੋਈ ਜਦਕਿ ਲਗਾਤਾਰ ਦੋ ਵਾਰ ਜਿੱਤ ਦਰਜ ਕਰਨ ਵਾਲੀ ਕਾਂਗਰਸ ਇਥੇ ਦੂਜੇ ਨੰਬਰ ’ਤੇ ਅਤੇ ਅਕਾਲੀ ਦਲ ਦੇ ਅਟਵਾਲ ਤੀਜੇ ਨੰਬਰ ’ਤੇ ਰਹੇ।
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਹਲਕਾ ਰਾਏਕੋਟ ਤੋਂ ਕਾਂਗਰਸ ਵਲੋਂ ਕਾਮਿਲ ਅਮਰ ਸਿੰਘ, ਆਮ ਆਦਮੀ ਪਾਰਟੀ ਵਲੋਂ ਹਾਕਮ ਸਿੰਘ ਠੇਕੇਦਾਰ, ਅਕਾਲੀ ਦਲ ਵਲੋਂ ਬਲਵਿੰਦਰ ਸਿੰਘ ਸੰਧੂ, ਸੰਯੁਕਤ ਸਮਾਜ ਮੋਰਚੇ ਵਲੋਂ ਜਗਤਾਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਵਲੋਂ ਗੁਰਪਾਲ ਸਿੰਘ ਗੋਲਡੀ ਮੈਦਾਨ ਵਿਚ ਹਨ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 156301 ਵੋਟਰ ਹਨ, ਜਿਨ੍ਹਾਂ 'ਚੋਂ 73478 ਪੁਰਸ਼ ਅਤੇ 82823 ਵੋਟਾਂ ਬੀਬੀਆਂ ਦੀਆਂ ਹਨ।
ਜੰਡਿਆਲਾ ਹਲਕੇ ਤੋਂ ਕਿਹੜੀ ਪਾਰਟੀ ਮਾਰੇਗੀ ਬਾਜ਼ੀ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
NEXT STORY