ਵਿਸ਼ਵ ਭਰ ’ਚ ਵੱਖ-ਵੱਖ ਕਾਰਨਾਂ ਕਰਕੇ ਅਗਨੀਕਾਂਡਾਂ ’ਚ ਹੋਣ ਵਾਲੀਆਂ ਹਰੇਕ ਪੰਜ ਮੌਤਾਂ ’ਚੋਂ ਇਕ ਮੌਤ ਭਾਰਤ ’ਚ ਹੁੰਦੀ ਹੈ ਅਤੇ ਭਾਰਤੀ ਹਸਪਤਾਲਾਂ ’ਚ ਸਮੇਂ-ਸਮੇਂ ’ਤੇ ਹੋਣ ਵਾਲੇ ਅਗਨੀਕਾਡਾਂ ਦੇ ਨਤੀਜੇ ਵਜੋਂ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 25 ਮਈ, 2024 ਨੂੰ ਦਿੱਲੀ ਦੇ ਵਿਵੇਕ ਬਿਹਾਰ ਸਥਿਤ ਬੱਚਿਆਂ ਦੇ ਹਸਪਤਾਲ ’ਚ ਲੱਗੀ ਅੱਗ ਦੇ ਕਾਰਨ 7 ਨਵਜਾਤ ਬੱਚਿਆਂ ਦੀ ਝੁਲਸ ਜਾਣ ਨਾਲ ਮੌਤ ਹੋ ਗਈ। ਇਨ੍ਹਾਂ ’ਚੋਂ 6 ਬੱਚਿਆਂ ਦੀ ਉਮਰ ਸਿਰਫ 15 ਦਿਨ ਅਤੇ ਇਕ ਬੱਚੇ ਦੀ ਉਮਰ 25 ਦਿਨ ਸੀ।
ਪੁਲਸ ਅਨੁਸਾਰ ਇਸ ਹਸਪਤਾਲ ਦਾ ਲਾਇਸੈਂਸ ਵੀ ‘ਐਕਸਪਾਇਰ’ ਹੋ ਚੁੱਕਾ ਸੀ ਅਤੇ ਇਮਾਰਤ ’ਚ ਅੱਗ ਬੁਝਾਉਣ ਵਾਲੇ ਉਪਕਰਨਾਂ ਦੀ ਵੀ ਵਿਵਸਥਾ ਨਹੀਂ ਸੀ। ਹਸਪਤਾਲ ’ਚ ‘ਫਾਇਰ ਅਲਾਰਮ’ ਅਤੇ ਬਾਹਰ ਨਿਕਲਣ ਦੇ ਲਈ ‘ਐਮਰਜੈਂਸੀ ਦਰਵਾਜ਼ਾ’ ਵੀ ਨਹੀਂ ਸੀ।
* 16 ਨਵੰਬਰ, 2024 ਨੂੰ ‘ਝਾਂਸੀ’ (ਉੱਤਰ ਪ੍ਰਦੇਸ਼) ਸਥਿਤ ‘ਮਹਾਰਾਣੀ ਲਕਸ਼ਮੀ ਬਾਈ ਮੈਡੀਕਲ ਕਾਲਜ ਐਂਡ ਹਾਸਪਿਟਲ’ ’ਚ ਨਵਜੰਮੇ ਬੱਚਿਆਂ ਦੇ ਆਈ. ਸੀ. ਯੂ. ’ਚ ਸ਼ਾਰਟ ਸਰਕਟ ਨਾਲ ਹੋਏ ਭਿਆਨਕ ਅਗਨੀਕਾਂਡ ’ਚ 10 ਬੱਚਿਆਂ ਦੀ ਮੌਤ ਹੋ ਗਈ।
* 9 ਦਸੰਬਰ, 2024 ਨੂੰ ‘ਡਿੰਡੀਗੁਲ’ (ਤਾਮਿਲਨਾਡੂ) ਸਥਿਤ ‘ਸਿਟੀ ਹਾਸਪਿਟਲ’ ’ਚ ਅੱਗ ਲੱਗ ਜਾਣ ਦੇ ਕਾਰਨ 6 ਲੋਕਾਂ ਦੀ ਜਾਨ ਚਲੀ ਗਈ।
* 15 ਅਪ੍ਰੈਲ, 2025 ਰਾਤ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ਸਥਿਤ ‘ਲੋਕਬੰਧੂ ਹਸਪਤਾਲ’ ’ਚ ਅਚਾਨਕ ਅੱਗ ਲੱਗ ਜਾਣ ਦੇ ਨਤੀਜੇ ਵਜੋਂ ਉੱਥੇ ਇਲਾਜ ਅਧੀਨ ਇਕ ਰੋਗੀ ਦੀ ਝੁਲਸਣ ਨਾਲ ਮੌਤ ਹੋ ਗਈ।
* 9 ਅਗਸਤ, 2025 ਨੂੰ ‘ਦਿੱਲੀ’ ਦੇ ਆਨੰਦ ਵਿਹਾਰ ਸਥਿਤ ‘ਕਾਸਮੋਸ ਸੁਪਰ ਸਪੈਸ਼ਲਿਟੀ ਹਸਪਤਾਲ’ ’ਚ ਲੱਗੀ ਅੱਗ ਦੇ ਨਤੀਜੇ ਵਜੋਂ ਹਸਪਤਾਲ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਬੇਹੋਸ਼ ਹੋ ਗਏ।
* 22 ਸਤੰਬਰ, 2025 ਨੂੰ ‘ਅੰਮ੍ਰਿਤਸਰ’ (ਪੰਜਾਬ) ਦੇ ‘ਜਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ’ ਦੇ ਬਲੱਡ ਬੈਂਕ ਦੇ ਨੇੜੇ ਬਣੇ ਸਟੋਰ ’ਚ ਫਰਿਜ ਦਾ ਕੰਪ੍ਰੈਸਰ ‘ਓਵਰ ਹੀਟ’ ਹੋ ਕੇ ਫਟ ਜਾਣ ਨਾਲ ਅੱਗ ਲੱਗ ਗਈ। ਇਸ ਦੇ ਨਾਲ ਹੀ ਬੱਚਿਆਂ ਦਾ ਵਾਰਡ ਸਥਿਤ ਹੋਣ ਦੇ ਕਾਰਨ ਸਟਾਫ ਨੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਿਸ ਨਾਲ ਕੋਈ ਮੰਦਭਾਗੀ ਘਟਨਾ ਹੋਣ ਤੋਂ ਟਲ ਗਈ।
* 4 ਅਕਤੂਬਰ, 2025 ਨੂੰ ‘ਹਾਥਰਸ’ (ਉੱਤਰ ਪ੍ਰਦੇਸ਼) ਸਥਿਤ ‘ਬਾਗਲਾ ਜ਼ਿਲਾ ਹਸਪਤਾਲ’ ਦੇ ਏ. ਸੀ. ’ਚ ਲੱਗੀ ਅੱਗ ਜਲਦੀ ਹੀ ਹਸਪਤਾਲ ਦੇ ਦੂਜੇ ਹਿੱਸਿਆਂ ’ਚ ਫੈਲ ਗਈ। ਇਸ ਨਾਲ ਹਸਪਤਾਲ ’ਚ ਇਲਾਜ ਅਧੀਨ ਰੋਗੀਆਂ ਦੀ ਦੇਖਭਾਲ ਕਰਨ ਵਾਲਿਆਂ ਦਾ ਸਾਮਾਨ, ਰੋਗੀਆਂ ਦੀਆਂ ਜਾਂਚ ਰਿਪੋਰਟਾਂ ਅਤੇ ਹੋਰ ਅਨੇਕ ਵਸਤਾਂ ਸੜ ਕੇ ਸੁਆਹ ਹੋ ਗਈਆਂ।
* 4 ਅਕਤੂਬਰ, 2025 ਨੂੰ ਹੀ ‘ਵਾਰਾਣਸੀ’ (ਉੱਤਰ ਪ੍ਰਦੇਸ਼) ਸਥਿਤ ‘ਕਾਸ਼ੀ ਹਿੰਦੂ ਵਿਸ਼ਵ ਵਿਦਿਆਲਿਆ’ ਦੇ ‘ਸੁੰਦਰ ਲਾਲ ਹਸਪਤਾਲ’ ਦੀ ਲੈਬਾਰਟਰੀ ’ਚ ਅਚਾਨਕ ਅੱਗ ਲੱਗ ਗਈ ਜਿਸ ਨਾਲ ਹਸਪਤਾਲ ਦੇ ਸਟੋਰ ਰੂਮ ’ਚ ਰੱਖਿਆ ਕਾਫੀ ਸਾਮਾਨ ਨਸ਼ਟ ਹੋ ਗਿਆ।
* ਅਤੇ ਹੁਣ 5 ਅਕਤੂਬਰ, 2025 ਦੀ ਰਾਤ ਨੂੰ ਲੱਗਭਗ ਸਾਢੇ ਗਿਆਰ੍ਹਾਂ ਵਜੇ ‘ਜੈਪੁਰ’ (ਰਾਜਸਥਾਨ) ਸਥਿਤ ‘ਸਵਾਈ ਮਾਧੋ ਸਿੰਘ ਹਸਪਤਾਲ’ ਦੇ ‘ਟ੍ਰੋਮਾ ਸੈਂਟਰ’ ਦੇ ‘ਨਿਊਰੋ ਆਈ. ਸੀ. ਯੂ. ਵਾਰਡ’ ਦੇ ਸਟੋਰ ਰੂਮ ’ਚ ਲੱਗੀ ਭਿਆਨਕ ਅੱਗ ਨਾਲ 3 ਮਹਿਲਾਵਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਸੇ ਸਾਲ 13 ਜੂਨ ਨੂੰ ਇਸੇ ਹਸਪਤਾਲ ਦੇ ‘ਸਰਜੀਕਲ ਓਂਕੋਲੋਜੀ’ ਦੇ ਆਪ੍ਰੇਸ਼ਨ ਥੀਏਟਰ ’ਚ ਅੱਗ ਲੱਗ ਗਈ ਸੀ।
ਹਸਪਤਾਲਾਂ ’ਚ ਅੱਗ ਲੱਗਣ ਦੀ ਘਟਨਾਵਾਂ ’ਚ 2020 ਦੀ ‘ਕੋਰੋਨਾ ਮਹਾਮਾਰੀ’ ਦੇ ਬਾਅਦ ਤੇਜ਼ੀ ਆਈ ਹੈ। ਇਸ ਦਾ ਮੁੱਖ ਕਾਰਨ ਮਹਾਮਾਰੀ ਦੇ ਦੌਰਾਨ ਹਸਪਤਾਲਾਂ ’ਚ ਸਥਾਪਤ ਕੀਤੇ ਗਏ ‘ਆਕਸੀਜਨ ਪਲਾਂਟ’ ਵੀ ਮੰਨੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਮਹਾਮਾਰੀ ਦੇ ਖਤਮ ਹੋ ਜਾਣ ਤੋਂ ਬਾਅਦ ਇਨ੍ਹਾਂ ਪਲਾਂਟਾਂ ਦੀ ਦੇਖਭਾਲ ’ਤੇ ਘੱਟ ਧਿਆਨ ਦਿੱਤਾ ਿਗਆ ਹੈ ਜੋ ਇਨ੍ਹਾਂ ਘਟਨਾਵਾਂ ਦਾ ਕਾਰਣ ਬਣ ਰਿਹਾ ਹੈ। ਪਿਛਲੇ ਪੰਜ ਸਾਲਾਂ ’ਚ ਇਨ੍ਹਾਂ ਘਟਨਾਵਾਂ ’ਚ ਹੁਣ ਤੱਕ 120 ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਪਰ ਇਕ ਵੀ ਹਸਪਤਾਲ ਦੇ ਵਿਰੁੱਧ ਕੋਈ ਵੱਡੀ ਕਾਰਵਾਈ ਨਹੀਂ ਹੋਈ।
ਇਸ ਲਈ ਅਜਿਹੇ ਮਾਮਲਿਆਂ ’ਚ ਲਾਪ੍ਰਵਾਹੀ ਸਾਹਮਣੇ ਆਉਣ ’ਤੇ ਹਸਪਤਾਲਾਂ ਦੇ ਵਿਰੁੱਧ ਕਾਰਵਾਈ ਦੇ ਇਲਾਵਾ ਸਾਰੇ ਹਸਪਤਾਲਾਂ ਦਾ ‘ਫਾਇਰ ਸੇਫਟੀ ਆਡਿਟ’ ਕਰਨ ਅਤੇ ਸੂਬਿਆਂ ਦੇ ਸਿਹਤ ਵਿਭਾਗਾਂ ਅਤੇ ਫਾਇਰ ਵਿਭਾਗ ਵਲੋਂ ਨਿਯਮਿਤ ਤੌਰ ’ਤੇ ਸੁਰੱਖਿਆ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।
–ਵਿਜੇ ਕੁਮਾਰ
ਇਕੋ-ਇਕ ਰਾਹ ਹੈ 1967 ਦਾ ਪੰਜਾਬੀ ਏਜੰਡਾ
NEXT STORY