ਚੰਡੀਗੜ੍ਹ (ਅਸ਼ਵਨੀ) : ਇਕ ਤੋਂ ਬਾਅਦ ਇਕ ਪੰਜਾਬ ਕਾਂਗਰਸ ਦਾ ਸਾਥ ਛੱਡ ਰਹੇ ਨੇਤਾਵਾਂ ਨੇ ਪਾਰਟੀ ਅੰਦਰ ਖਲਬਲੀ ਪੈਦਾ ਕਰ ਦਿੱਤੀ ਹੈ। ਕਾਂਗਰਸ ਹਾਈਕਮਾਨ ਮੰਥਨ ਦੀ ਮੁਦਰਾ ’ਚ ਆ ਗਈ ਹੈ ਤਾਂ ਪੰਜਾਬ ਕਾਂਗਰਸ ਦੇ ਪੱਧਰ ’ਤੇ ਨਾਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ’ਤੇ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਜਾ ਸਕੇ। ਇਸ ’ਚ ਸੀਨੀਅਰ ਕਾਂਗਰਸੀ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਵੀਰਵਾਰ ਨੂੰ ਝਟਕਾ ਦਿੰਦਿਆਂ ਪਨਗ੍ਰੇਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬੇਸ਼ੱਕ ਉਨ੍ਹਾਂ ਨੇ ਅਜੇ ਕਾਂਗਰਸ ਨੂੰ ਅਲਵਿਦਾ ਨਹੀਂ ਕਿਹਾ ਹੈ ਪਰ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ’ਚ ਸਭ ਕੁੱਝ ਸਹੀ ਨਹੀਂ ਹੈ। ਮਜੀਠੀਆ ਨੇ ਇਹ ਵੀ ਕਿਹਾ ਕਿ ਕਾਂਗਰਸ ’ਚ ਜੋ ਕੁਝ ਹੋ ਰਿਹਾ ਹੈ, ਉਹ ਸਹੀ ਨਹੀਂ ਹੈ। ਛੇਤੀ ਹੀ ਉਹ ਭਵਿੱਖ ਦੀ ਰਣਨੀਤੀ ਦਾ ਐਲਾਨ ਕਰਨਗੇ।
ਇਹ ਵੀ ਪੜ੍ਹੋ : ਕਾਲਜ, ਯੂਨੀਵਰਸਿਟੀ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਚੰਨੀ ਨੇ ਕੀਤਾ ਵੱਡਾ ਐਲਾਨ
ਇਸ ਤੋਂ ਪਹਿਲਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹਦਿਆਂ ਵੀ ਕੁੱਝ ਅਜਿਹੀਆਂ ਹੀ ਗੱਲਾਂ ਦੁਹਰਾਈਆਂ ਸਨ। ਇਨ੍ਹਾਂ ਨੇਤਾਵਾਂ ਨੇ ਸਿੱਧੇ ਤੌਰ ’ਤੇ ਪੰਜਾਬ ਕਾਂਗਰਸ ਦੇ ਅੰਦਰੂਨੀ ਘਮਾਸਾਨ ਨੂੰ ਆਪਣੇ ਅਸਤੀਫ਼ੇ ਦੀ ਮੁੱਖ ਵਜ੍ਹਾ ਦੱਸਿਆ ਸੀ। ਸਾਫ਼ ਹੈ ਕਿ ਪੰਜਾਬ ਕਾਂਗਰਸ ਦਾ ਇਹ ਅੰਦਰੂਨੀ ਘਮਾਸਾਨ ਅਜੇ ਵੀ ਵੱਡੀ ਮੁਸੀਬਤ ਬਣਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਹਾਈਕਮਾਨ ਨੂੰ ਉਮੀਦ ਸੀ ਕਿ ਹੁਣ ਪੰਜਾਬ ਕਾਂਗਰਸ ’ਚ ਸਭ ਕੁੱਝ ਠੀਕ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਮੰਨੀਏ ਤਾਂ ਪਾਰਟੀ ’ਚ ਧੜੇਬਾਜ਼ੀ ਸਿਖਰ ’ਤੇ ਹੈ। ਇਕ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਅੰਦਾਜ਼ ’ਚ ਸਿਆਸੀ ਪਿੱਚ ’ਤੇ ਬੈਟਿੰਗ ਕਰ ਰਹੇ ਹਨ ਤਾਂ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੰਤਰੀ ਆਪਣੇ ਅੰਦਾਜ਼ ’ਚ ਤਾਲ ਠੋਕ ਰਹੇ ਹਨ। ਅਜਿਹੇ ’ਚ ਪੰਜਾਬ ਕਾਂਗਰਸ ਦੇ ਕਰਮਚਾਰੀਆਂ ਤੋਂ ਲੈ ਕੇ ਨੇਤਾਵਾਂ ਤਕ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਬਲਾਸਟ ਮਾਮਲੇ ’ਚ ਵੱਡਾ ਖ਼ੁਲਾਸਾ, ਡੋਂਗਲ ਤੇ ਘਰੋਂ ਮਿਲੇ ਲੈਪਟਾਪ ਨੇ ਖੋਲ੍ਹੇ ਕਈ ਰਾਜ਼
ਸਭ ਤੋਂ ਜ਼ਿਆਦਾ ਦੁਚਿੱਤੀ ਮੰਤਰੀਆਂ, ਵਿਧਾਇਕਾਂ ਅਤੇ ਨੇਤਾਵਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ’ਚ ਟਿਕਟ ਦਾਅਵੇਦਾਰੀ ਨੂੰ ਲੈ ਕੇ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਹੀ ਜਨਤਕ ਤੌਰ ’ਤੇ ਕਈ ਵਿਧਾਇਕਾਂ ਅਤੇ ਨੇਤਾਵਾਂ ਦੀ ਟਿਕਟ ਕੱਟਣ ਦੀ ਗੱਲ ਕਹਿ ਚੁੱਕੇ ਹਨ। ਉਸ ’ਤੇ ਹਾਲ ਹੀ ’ਚ ਸਕ੍ਰੀਨਿੰਗ ਕਮੇਟੀ ਦੇ ਪੱਧਰ ’ਤੇ ਇਕ ਪਰਿਵਾਰ ਤੋਂ ਕੇਵਲ ਇਕ ਹੀ ਟਿਕਟ ਦਾ ਫਾਰਮੂਲਾ ਵੀ ਲਾਗੂ ਕਰ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ਦੇ ਕਈ ਨੇਤਾ ਬਦਲ ਲੱਭਣ ’ਚ ਜੁਟ ਗਏ ਹਨ। ਸੋਢੀ, ਬਾਜਵਾ ਅਤੇ ਲਾਡੀ ਵਲੋਂ ਕਾਂਗਰਸ ਛੱਡਣ ਨੂੰ ਟ੍ਰੇਲਰ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਅਲਵਿਦਾ ਕਹਿਣ ਵਾਲਿਆਂ ਦੀ ਲੰਬੀ ਲਿਸਟ ਹੈ ਅਤੇ ਉਹ ਮੌਕੇ ਦਾ ਇੰਤਜ਼ਾਰ ਕਰ ਰਹੇ ਹਨ। ਕਾਂਗਰਸ ਹਾਈਕਮਾਨ ਵੀ ਇਸ ਗੱਲ ਤੋਂ ਭਲੀਭਾਂਤ ਜਾਣੂ ਹੈ। ਇਸ ਲਈ ਪੰਜਾਬ ਕਾਂਗਰਸ ਤੋਂ ਲੈ ਕੇ ਹਾਈਕਮਾਨ ਦੇ ਪੱਧਰ ’ਤੇ ਖਲਬਲੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਬੀਰ ਦਵਿੰਦਰ ਸਿੰਘ ਨੇ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਹਾਈਕਮਾਨ ਦੇ ਮੰਥਨ ਨਾਲ ਦੂਰ ਹੋਵੇਗੀ ‘ਸਿਆਸੀ ਪਤਝੜ’!
ਪੰਜਾਬ ਕਾਂਗਰਸ ’ਤੇ ਛਾਈ ‘ਸਿਆਸੀ ਪਤਝੜ’ ਨੂੰ ਦੂਰ ਕਰਨ ਲਈ ਹਾਈਕਮਾਨ ਮੰਥਨ ਦੀ ਮੁਦਰਾ ’ਚ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਹੁਣ ਆਮ ਆਦਮੀ ਪਾਰਟੀ ਦੀ ਤਰ੍ਹਾਂ ਟੁਕੜਿਆਂ ’ਚ 2022 ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਪਹਿਲੇ ਪੜਾਅ ’ਚ ਤਿੰਨ ਤੋਂ ਚਾਰ ਦਰਜਨ ਵਿਧਾਇਕਾਂ ਦੀ ਸੂਚੀ ਨੂੰ ਜਾਰੀ ਕੀਤਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਨੇ ਵੀ ਪਿਛਲੇ ਦਿਨੀਂ ਪਾਰਟੀ ਨੂੰ ਅਲਵਿਦਾ ਕਹਿਣ ਦੀ ਚੱਲੀ ਹਵਾ ਨੂੰ ਇਸ ਫਾਰਮੂਲੇ ਦੇ ਤਹਿਤ ਕੰਟਰੋਲ ਕੀਤਾ ਸੀ। ਆਮ ਆਦਮੀ ਪਾਰਟੀ ਨੇ ਕੁੱਝ ਵਿਧਾਇਕਾਂ ਦੇ ਪਾਰਟੀ ਛੱਡਣ ’ਤੇ ਮੌਜੂਦਾ 10 ਵਿਧਾਇਕਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਸੀ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਵੀ ਇਸ ਫਾਰਮੂਲੇ ਦੇ ਤਹਿਤ ਕੁੱਝ ਪੜਾਵਾਂ ’ਚ ਮੌਜੂਦਾ ਵਿਧਾਇਕਾਂ ਨੂੰ ਉਮੀਦਵਾਰ ਦੇ ਤੌਰ ’ਤੇ ਮੈਦਾਨ ’ਚ ਉਤਾਰ ਸਕਦੀ ਹੈ ਤਾਂ ਕਿ ਵਿਧਾਇਕਾਂ ਨੂੰ ਟਿਕਟ ਨਾ ਕੱਟਣ ਦੇ ਪ੍ਰਤੀ ਭਰੋਸਾ ਦਿਵਾਇਆ ਜਾ ਸਕੇ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਬੋਲੇ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਨੂੰ ਲੈ ਕੇ ਆਖੀ ਵੱਡੀ ਗੱਲ
ਇਕ ਪਾਸੇ ਕੈਪਟਨ ਤਾਂ ਦੂਜੇ ਪਾਸੇ ਭਾਜਪਾ ਵੱਡੀ ਚੁਣੌਤੀ
ਪੰਜਾਬ ਕਾਂਗਰਸ ਅੰਦਰੂਨੀ ਚੁਣੌਤੀਆਂ ਨਾਲ ਤਾਂ ਜੂਝ ਹੀ ਰਹੀ ਹੈ, ਸਿਆਸੀ ਮੈਦਾਨ ’ਚ ਵੀ ਪਾਰਟੀ ਨੂੰ ਆਪਣਾ ਗੜ੍ਹ ਮਜਬੂਤ ਕਰਨ ਲਈ ਘੇਰਾਬੰਦੀ ਕਰਨ ’ਤੇ ਮਜਬੂਰ ਹੋਣਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਕੈਪਟਨ ਪੰਜਾਬ ਕਾਂਗਰਸ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨਾਲ ਲਗਾਤਾਰ ਸੰਪਰਕ ’ਚ ਹਨ। ਕੈਪਟਨ ਖੁਦ ਵੀ ਜਨਤਕ ਤੌਰ ’ਤੇ ਐਲਾਨ ਕਰ ਚੁੱਕੇ ਹਨ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਈ ਦਿੱਗਜ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ੍ਹ ਸਕਦੇ ਹਨ। ਉਸ ’ਤੇ ਜੋ ਨੇਤਾ ਪੰਜਾਬ ਲੋਕ ਕਾਂਗਰਸ ਦੇ ਬੈਨਰ ਹੇਠ ਚੋਣ ਨਹੀਂ ਲੜਨਾ ਚਾਹੁੰਦੇ, ਉਨ੍ਹਾਂ ਲਈ ਭਾਰਤੀ ਜਨਤਾ ਪਾਰਟੀ ਦਾ ਇੱਕ ਖੁੱਲ੍ਹਾ ਬਦਲ ਵੀ ਮੌਜੂਦ ਹੈ।
ਇਹ ਵੀ ਪੜ੍ਹੋ : ਬਟਾਲਾ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਦਿਨ-ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ’ਚ ਮਾਰਿਆ ਡਾਕਾ
ਜਨਵਰੀ ਦੇ ਪਹਿਲੇ ਹਫ਼ਤੇ ’ਚ ਸਕ੍ਰੀਨਿੰਗ ਕਮੇਟੀ ਲੈ ਸਕਦੀ ਹੈ ਅਹਿਮ ਫ਼ੈਸਲਾ
ਪੰਜਾਬ ਕਾਂਗਰਸ ’ਚ ਮਚੀ ਖਲਬਲੀ ਲਈ ਨਵਾਂ ਸਾਲ ਅਹਿਮ ਹੋ ਸਕਦਾ ਹੈ। ਨਵੇਂ ਸਾਲ ਦੇ ਪਹਿਲੇ ਹਫ਼ਤੇ ’ਚ ਸਕ੍ਰੀਨਿੰਗ ਕਮੇਟੀ ਦੀ ਬੈਠਕ ਹੋਣੀ ਹੈ, ਜਿਸ ’ਚ ਕੁੱਝ ਉਮੀਦਵਾਰਾਂ ਦੇ ਨਾਂ ’ਤੇ ਮੋਹਰ ਲੱਗ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ 3 ਜਨਵਰੀ ਨੂੰ ਬੈਠਕ ਹੋਣੀ ਹੈ। ਇਸ ਬੈਠਕ ’ਚ ਤਿੰਨ ਤੋਂ ਚਾਰ ਦਰਜਨ ਨੇਤਾਵਾਂ ਦੀ ਉਮੀਦਵਾਰੀ ’ਤੇ ਫ਼ੈਸਲਾ ਹੋ ਸਕਦਾ ਹੈ। ਸੰਭਵ ਹੈ ਕਿ ਪਹਿਲੇ ਪੜਾਅ ਦੀ ਸੂਚੀ ਜਾਰੀ ਕਰ ਦਿੱਤੀ ਜਾਵੇ। 29 ਦਸੰਬਰ ਨੂੰ ਹੋਈ ਸਕ੍ਰੀਨਿੰਗ ਕਮੇਟੀ ਦੀ ਬੈਠਕ ’ਚ ਵੀ ਨੇਤਾਵਾਂ ਦੇ ਛੱਡਣ ਦਾ ਮੁੱਦਾ ਭਖਿਆ ਰਿਹਾ। ਬੈਠਕ ਦੌਰਾਨ ਮੌਜੂਦਾ ਵਿਧਾਇਕਾਂ ਦੀ ਉਮੀਦਵਾਰੀ ’ਤੇ ਵੀ ਡੂੰਘਾ ਮੰਥਨ ਕੀਤਾ ਗਿਆ। ਚਰਚਾ ਦੌਰਾਨ ਇਸ ਗੱਲ ’ਤੇ ਵੀ ਚਰਚਾ ਹੋਈ ਕਿ ਵਿਧਾਨ ਸਭਾ ਖੇਤਰਾਂ ਲਈ ਉਮੀਦਵਾਰਾਂ ਅਤੇ ਸੰਭਾਵਤ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇ, ਜਿਸ ’ਤੇ ਅੰਤਿਮ ਫ਼ੈਸਲਾ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ’ਤੇ ਛੱਡ ਦਿੱਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਖ਼ਿਲਾਫ਼ ਬਿਆਨ ਦੇ ਕੇ ਘਿਰੇ ਨਵਜੋਤ ਸਿੱਧੂ, ਆਪਣੇ ਹੀ ਹਲਕੇ ਦੇ ਹੌਲਦਾਰ ਨੇ ਖੋਲ੍ਹਿਆ ਮੋਰਚਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਨਵੇਂ ਸਾਲ 'ਚ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਪੂਰੇ ਪੰਜਾਬ ਦੀਆਂ ਨਜ਼ਰਾਂ, ਦਿਲਚਸਪ ਹੋਵੇਗਾ ਮੁਕਾਬਲਾ
NEXT STORY