ਜਲੰਧਰ (ਨਰਿੰਦਰ ਮੋਹਨ)— ਪੰਜਾਬ 'ਚ ਭਾਜਪਾ ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਲੜਨ ਲਈ ਸੂਬੇ ਦੇ ਵਰਕਰਾਂ ਦੀ ਰਾਏ ਲਵੇਗੀ। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਾਸਟਰ ਮੋਹਨ ਲਾਲ ਨੇ ਵੱਖਰੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜਨ ਦਾ ਸੁਝਾਅ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਾਹਮਣੇ ਰੱਖਿਆ, ਜਿਸ 'ਤੇ ਸ਼ਰਮਾ ਨੇ ਸੂਬੇ ਦੇ ਵਰਕਰਾਂ ਦੀ ਰਾਏ ਲੈਣ ਦੀ ਗੱਲ ਕਹੀ ਹੈ।
ਮਾਸਟਰ ਮੋਹਨ ਲਾਲ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਵਰਕਰ ਇਕੱਲਿਆਂ ਚੋਣਾਂ ਲੜਨ ਲਈ ਤਿਆਰ ਹੈ। ਸਾਬਕਾ ਮੰਤਰੀ ਦਾ ਦਾਅਵਾ ਹੈ ਕਿ ਪੰਜਾਬ 'ਚ ਜੇਕਰ ਭਾਜਪਾ ਨੇ ਆਪਣੀ ਹੋਂਦ ਕਾਇਮ ਰੱਖਣੀ ਹੈ ਤਾਂ ਉਸ ਨੂੰ ਵੱਖਰੇ ਤੌਰ 'ਤੇ ਚੋਣ ਲੜਨੀ ਹੀ ਹੋਵੇਗੀ। ਇਕ ਗੱਲਬਾਤ 'ਚ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਪਾਰਟੀ ਜਲਦੀ ਹੀ ਸੂਬੇ ਦੇ ਹਰੇਕ ਜ਼ਿਲੇ, ਪਿੰਡ ਅਤੇ ਬੂਥ ਪੱਧਰ ਤੱਕ ਮੈਂਬਰੀ ਮੁਹਿੰਮ ਤੇਜ਼ ਕਰੇਗੀ। ਵਿਧਾਨ ਸਭਾ ਚੋਣਾਂ ਨੂੰ 2 ਸਾਲ ਪਏ ਹਨ ਅਤੇ ਭਾਜਪਾ ਸੂਬੇ ਭਰ 'ਚ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਰਗਰਮ ਕਰ ਲਵੇਗੀ। ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦਾ ਇਹ ਵੀ ਕਹਿਣਾ ਸੀ ਕਿ ਅਕਾਲੀ ਦਲ ਨਾਲ ਲੰਬਾ ਗਠਜੋੜ ਰੱਖ ਕੇ ਭਾਜਪਾ ਨੇ ਆਪਣੀ ਹੋਂਦ ਨੂੰ ਪੰਜਾਬ ਵਿਚ ਕਮਜ਼ੋਰ ਕਰ ਲਿਆ ਹੈ।
ਅਕਾਲੀ ਦਲ ਵੱਲੋਂ ਭਾਜਪਾ ਦੀ ਮੈਂਬਰੀ ਦਿਹਾਤੀ ਇਲਾਕਿਆਂ 'ਚ ਹੋਣ ਦੇ ਬੇਲੋੜੇ ਵਿਰੋਧ 'ਤੇ ਸਾਬਕਾ ਮੰਤਰੀ ਨੇ ਕਿਹਾ ਕਿ ਹਰ ਪਾਰਟੀ ਦੀ ਆਪਣੀ ਪਹਿਲਕਦਮੀ ਹੈ ਅਤੇ ਭਾਜਪਾ ਆਪਣੀ ਮੈਂਬਰੀ ਮੁਹਿੰਮ ਚਲਾਵੇਗੀ। ਉਨ੍ਹਾਂ ਕਿਹਾ ਕਿ ਕਦੇ ਹਿਮਾਚਲ 'ਚ ਭਾਜਪਾ ਦੇ ਸਿਰਫ 3 ਮੈਂਬਰ ਹੁੰਦੇ ਸਨ। ਚੌਥਾ ਲੱਭਣਾ ਮੁਸ਼ਕਿਲ ਹੋ ਜਾਂਦਾ ਸੀ ਪਰ ਅੱਜ ਹਿਮਾਚਲ ਅਤੇ ਹਰਿਆਣਾ 'ਚ ਭਾਜਪਾ ਦੀਆਂ ਸਰਕਾਰਾਂ ਹਨ। ਪੰਜਾਬ 'ਚ ਪਾਰਟੀ ਨੇ ਖੁਦ ਨੂੰ 13 ਸੀਟਾਂ ਦੀ ਹਿੱਸੇਦਾਰੀ 'ਚ ਬੰਨ੍ਹੀ ਰੱਖਿਆ, ਜਿਸ ਨਾਲ ਪਾਰਟੀ ਕਮਜ਼ੋਰ ਹੋਈ ਹੈ।
'ਇਤਿਹਾਸ ਦੀ ਡਾਇਰੀ': ਆਜ਼ਾਦ ਹਿੰਦ ਫੌਜ ਦਾ ਬੋਸ, ਸੁਭਾਸ਼ ਚੰਦਰ ਬੋਸ (ਵੀਡੀਓ)
NEXT STORY