ਜਲੰਧਰ (ਚੋਪੜਾ)– ਕਾਂਗਰਸ ਹਾਈਕਮਾਨ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਇਕਾਂ ਵਿਚ ਵਿਸ਼ਵਾਸ ਵਿਖਾਇਆ ਹੈ। ਕਾਂਗਰਸ ਵੱਲੋਂ ਜਾਰੀ 86 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਜਲੰਧਰ ਜ਼ਿਲ੍ਹੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 6 ਵਿਧਾਨ ਸਭਾ ਹਲਕਿਆਂ ਦੇ ਸਿਟਿੰਗ ਵਿਧਾਇਕਾਂ ਨੂੰ ਟਿਕਟ ਦੇ ਦਿੱਤੀ ਹੈ, ਜਿਸ ਤਹਿਤ ਜਲੰਧਰ ਨਾਰਥ ਹਲਕੇ ਤੋਂ ਬਾਵਾ ਹੈਨਰੀ, ਵੈਸਟ ਹਲਕੇ ਤੋਂ ਸੁਸ਼ੀਲ ਰਿੰਕੂ, ਸੈਂਟਰਲ ਹਲਕੇ ਤੋਂ ਰਾਜਿੰਦਰ ਬੇਰੀ, ਕੈਂਟ ਹਲਕੇ ਤੋਂ ਪਰਗਟ ਸਿੰਘ, ਕਰਤਾਰਪੁਰ ਹਲਕੇ ਤੋਂ ਚੌਧਰੀ ਸੁਰਿੰਦਰ ਸਿੰਘ ਅਤੇ ਸ਼ਾਹਕੋਟ ਹਲਕੇ ਤੋਂ ਲਾਡੀ ਸ਼ੇਰੋਵਾਲੀਆ ਦੇ ਨਾਂ ’ਤੇ ਮੋਹਰ ਲਾ ਕੇ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦਕਿ ਆਦਮਪੁਰ ਹਲਕੇ ਤੋਂ ਸੁਖਵਿੰਦਰ ਸਿੰਘ ਕੋਟਲੀ ਅਤੇ ਫਿਲੌਰ ਹਲਕੇ ਤੋਂ ਵਿਕਰਮਜੀਤ ਚੌਧਰੀ ਟਿਕਟ ਦੀ ਬਾਜ਼ੀ ਮਾਰਨ ਵਿਚ ਸਫ਼ਲ ਹੋਏ, ਜਦਕਿ ਜਲੰਧਰ ਦੀ ਇਕਲੌਤੀ ਸੀਟ ਨਕੋਦਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦੇ ਐਲਾਨ ਨੂੰ ਫਿਲਹਾਲ ਹੋਲਡ ਕੀਤਾ ਗਿਆ ਹੈ।
ਵਰਣਨਯੋਗ ਹੈ ਕਿ ਕਾਂਗਰਸ ਹਾਈਕਮਾਨ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਈ ਵਾਰ ਇਸ਼ਾਰਿਆਂ ਹੀ ਇਸ਼ਾਰਿਆਂ ਵਿਚ ਸਿਟਿੰਗ ਵਿਧਾਇਕਾਂ ਦਾ ਪੱਤਾ ਕੱਟਣ ਦੇ ਸੰਕੇਤ ਦਿੰਦੇ ਆਏ ਹਨ, ਜਿਸ ਕਾਰਨ ਹਰੇਕ ਉਸ ਸੀਟ ਜਿਥੋਂ ਕਾਂਗਰਸ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇਤੂ ਰਹੀ ਹੈ, ਉਥੋਂ ਮੌਜੂਦਾ ਵਿਧਾਇਕ ਤੋਂ ਇਲਾਵਾ ਕਾਂਗਰਸ ਦੇ ਕਈ ਚਿਹਰਿਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਜਿਹੜੇ 3 ਵਿਧਾਨ ਸਭਾ ਹਲਕਿਆਂ ਆਦਮਪੁਰ, ਫਿਲੌਰ ਅਤੇ ਨਕੋਦਰ ਤੋਂ ਕਾਂਗਰਸ ਨੂੰ ਪਿਛਲੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਨ੍ਹਾਂ ਵਿਚੋਂ ਆਦਮਪੁਰ ਹਲਕੇ ਤੋਂ ਪਿਛਲੀ ਦਿਨੀਂ ਬਸਪਾ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਗਈ ਹੈ, ਜਦਕਿ 2017 ਵਿਚ ਚੋਣ ਹਾਰਨ ਵਾਲੇ ਵਿਕਰਮਜੀਤ ਚੌਧਰੀ ਨੂੰ ਦੋਬਾਰਾ ਟਿਕਟ ਮਿਲੀ ਹੈ।
ਇਹ ਵੀ ਪੜ੍ਹੋ: ਜਲੰਧਰ ਕਾਂਗਰਸ 'ਚ ਉੱਠੀ ਬਗਾਵਤ, ਮੇਅਰ ਜਗਦੀਸ਼ ਰਾਜਾ ਨੇ ਵਿਧਾਇਕ ਬੇਰੀ ਖ਼ਿਲਾਫ਼ ਖੋਲ੍ਹਿਆ ਮੋਰਚਾ
ਨਕੋਦਰ ਹਲਕੇ ਦੇ ਇੰਚਾਰਜ ਜਗਬੀਰ ਬਰਾੜ ਦੇ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਕਾਰਨ ਹਾਈਕਮਾਨ ਉਥੇ ਨਵੇਂ ਚਿਹਰੇ ’ਤੇ ਦਾਅ ਖੇਡਣਾ ਚਾਹੁੰਦੀ ਹੈ, ਜਿਸ ਕਾਰਨ ਨਕੋਦਰ ਹਲਕੇ ਤੋਂ ਉਮੀਦਵਾਰ ਦਾ ਐਲਾਨ ਅਜੇ ਨਹੀਂ ਹੋ ਸਕਿਆ। ਹਾਲਾਂਕਿ ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ ਨੂੰ ਜਗਬੀਰ ਬਰਾੜ ਦੀ ਥਾਂ ਹਲਕਾ ਇੰਚਾਰਜ ਬਣਾਇਆ ਗਿਆ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਸਮਰਾ ਸਿਹਤ ਸਮੱਸਿਆਵਾਂ ਕਾਰਨ ਚੋਣ ਲੜਨ ਦੇ ਇੱਛੁਕ ਨਹੀਂ ਹਨ, ਜਿਸ ਕਾਰਨ ਹੁਣ ਹਾਈਕਮਾਨ ਦਾ ਧਿਆਨ ਇਸ ਗੱਲ ’ਤੇ ਕੇਂਦਰਿਤ ਹੋ ਗਿਆ ਹੈ ਕਿ ਆਖਿਰ ਹਲਕੇ ਵਿਚ ਬਰਾੜ ਦਾ ਬਦਲ ਕੌਣ ਹੋ ਸਕਦਾ ਹੈ।
ਉਂਝ ਤਾਂ ਪੰਜਾਬ ਕਮਿਸ਼ਨ ਫਾਰ ਜਨਰਲ ਕੈਟਾਗਰੀ ਦੇ ਚੇਅਰਮੈਨ ਡਾ. ਨਵਜੋਤ ਦਹੀਆ, ਸੀਨੀਅਰ ਕਾਂਗਰਸੀ ਆਗੂ ਕਾਕੂ ਆਹਲੂਵਾਲੀਆ, ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਸਾਬਕਾ ਚੇਅਰਮੈਨ ਰਾਣਾ ਰੰਧਾਵਾ, ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਸ਼ਵਨ ਭੱਲਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਸਮੇਤ ਕਈ ਹੋਰ ਆਗੂਆਂ ਨੇ ਟਿਕਟ ਹਾਸਲ ਕਰਨ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੋਈ ਹੈ। ਹੁਣ ਹਾਈਕਮਾਨ ਇਨ੍ਹਾਂ ਵਿਚੋਂ ਕਿਹੜੇ ਚਿਹਰੇ ਨੂੰ ਟਿਕਟ ਨਾਲ ਨਿਵਾਜਦੀ ਹੈ ਜਾਂ ਪੈਰਾਸ਼ੂਟ ਜ਼ਰੀਏ ਉਮੀਦਵਾਰ ਲਿਆਉਂਦੀ ਹੈ, ਇਸ ਦਾ ਫੈਸਲਾ ਆਉਣ ਵਾਲੇ ਕੁਝ ਦਿਨਾਂ ਵਿਚ ਹੋ ਜਾਵੇਗਾ।
ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ 3-3 ਸਰਵੇ ਰਿਪੋਰਟਾਂ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਦੇ ਦਾਅਵਿਆਂ ਨੇ ਠੱਗੇ ਕਈ ਦਾਅਵੇਦਾਰ
ਮਹਿੰਦਰ ਸਿੰਘ ਕੇ. ਪੀ. ਦੀ ਜਲੰਧਰ ਵੈਸਟ ਤੇ ਆਦਮਪੁਰ ਹਲਕੇ ਦੀ ਦਾਅਵੇਦਾਰੀ ਨੂੰ ਕੀਤਾ ਨਜ਼ਰਅੰਦਾਜ਼
ਕਾਂਗਰਸ ਹਾਈਕਮਾਨ ਨੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੀ ਜਲੰਧਰ ਵੈਸਟ ਅਤੇ ਆਦਮਪੁਰ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਪਿਛਲੀਆਂ ਚੋਣਾਂ ਵਿਚ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਵੈਸਟ ਹਲਕੇ ਤੋਂ ਟਿਕਟ ਦੇਣ ਦੀ ਬਜਾਏ ਆਦਮਪੁਰ ਤੋਂ ਚੋਣ ਲੜਾਈ ਸੀ ਪਰ ਕੇ. ਪੀ. ਉਥੋਂ ਦੇ ਸਿਟਿੰਗ ਵਿਧਾਇਕ ਪਵਨ ਟੀਨੂੰ ਕੋਲੋਂ ਹਾਰ ਗਏ ਸਨ। ਹੁਣ ਜਦੋਂ ਕੇ. ਪੀ. ਦੇ ਨਜ਼ਦੀਕੀ ਰਿਸ਼ਤੇਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਗਰਮਾ ਗਿਆ ਕਿ ਕੇ. ਪੀ. 2022 ਦੀਆਂ ਚੋਣਾਂ ਵਿਚ ਵੈਸਟ ਹਲਕੇ ਤੋਂ ਚੋਣ ਲੜਨਗੇ ਤੇ ਕੇ. ਪੀ. ਨੇ ਖੁਦ ਹੀ ਖੁੱਲ੍ਹ ਕੇ ਟਿਕਟ ’ਤੇ ਦਾਅਵਾ ਠੋਕਦਿਆਂ ਹਲਕੇ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਵੀ ਸ਼ੁਰੂ ਕਰ ਲਈਆਂ ਸਨ ਪਰ ਆਖਿਰ ਹਾਈਕਮਾਨ ਸਾਹਮਣੇ ਮੁੱਖ ਮੰਤਰੀ ਚੰਨੀ ਦੀ ਕੇ. ਪੀ. ਨੂੰ ਟਿਕਟ ਦਿਵਾਉਣ ਦੇ ਮਾਮਲੇ ਵਿਚ ਇਕ ਨਾ ਚੱਲੀ ਅਤੇ ਉਹ ਕੇ. ਪੀ. ਨੂੰ ਵੈਸਟ ਹਲਕੇ ਤੋਂ ਟਿਕਟ ਦਿਵਾਉਣੀ ਤਾਂ ਦੂਰ, ਉਨ੍ਹਾਂ ਨੂੰ ਆਦਮਪੁਰ ਵਿਚ ਵੀ ਫਿੱਟ ਕਰ ਪਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਏ।
ਇਹ ਵੀ ਪੜ੍ਹੋ: 'ਆਪ' 'ਤੇ ਰੰਧਾਵਾ ਦਾ ਵੱਡਾ ਹਮਲਾ, ਕਿਹਾ-ਕੇਜਰੀਵਾਲ ਬਾਹਰਲੇ ਵਿਅਕਤੀ, ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਨਹੀਂ ਪਵੇਗੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
Josh ਤੇ Stamina ਵਧਾਏ, ਦੁਆਏ ਸਰਦੀ ’ਚ ਗਰਮੀ ਦਾ ਅਹਿਸਾਸ
NEXT STORY