ਬੱਧਨੀ ਕਲਾਂ (ਮਨੋਜ) : ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਦੇ ਸਨਮਾਨ ਸਬੰਧੀ ਕੀਤੀ ਗਈ ਟਿੱਪਣੀ ਨੇ ਪੂਰੇ ਸਿੱਖ ਸਮਾਜ ਹੀ ਨਹੀਂ ਸਗੋਂ ਦੇਸ਼ ਭਰ ਵਿਚ ਤਿਖ਼ਾ ਰੋਹ ਪੈਦਾ ਕਰ ਦਿੱਤਾ ਹੈ। ਇਸ ਬਿਆਨ ਨੂੰ ਅਪਮਾਨਜਨਕ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਵੱਲੋਂ ਬੱਧਨੀ ਕਲਾ ਵਿਚ ਰੋਸ ਪ੍ਰਦਰਸ਼ਨ ਕਰਕੇ ਆਤਿਸ਼ੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਐੱਸ. ਪੀ. ਮੁਖਤਿਆਰ ਸਿੰਘ ਸੰਧੂ ਨੇ ਕਿਹਾ ਕਿ ਆਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਬਾਰੇ ਦਿੱਤਾ ਗਿਆ ਬਿਆਨ ਉਸਦੀ ਘੋਰ ਅਗਿਆਨਤਾ ਅਤੇ ਘਟੀਆ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੇ ਬਲਿਦਾਨ ਉਪਦੇਸ਼ ਮਰਿਆਦਾ ਅਤੇ ਸਤਿਕਾਰ ਸਿੱਖ ਕੌਮ ਲਈ ਲਕੀਰਾਂ ਹਨ ਅਤੇ ਇਨ੍ਹਾਂ ਨੂੰ ਲੰਘਣ ਦੀ ਹਿੰਮਤ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਦੋਸ਼ ਲਾਇਆ ਕਿ ਆਤਿਸ਼ੀ ਦਾ ਇਹ ਬੇਤੁੱਕਾ ਅਤੇ ਭੜਕਾਉਂਦਾ ਬਿਆਨ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਿਆਸੀ ਲਾਭ ਲੈਣ ਦੀ ਨਿੰਦਣਯੋਗ ਕੋਸ਼ਿਸ਼ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਮਾਮਲੇ ’ਤੇ ਚੁੱਪੀ ਸਾਧਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਅਜਿਹੀ ਸੋਚ ਨੂੰ ਮੌਨ ਸਮਰਥਨ ਦੇ ਰਹੀ ਹੈ ਜੋ ਕਿਸੇ ਵੀ ਸੂਰਤ ਕਬੂਲਯੋਗ ਨਹੀਂ। ਐੱਸ. ਪੀ. ਮੁਖਤਿਆਰ ਸਿੰਘ ਸੰਧੂ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਤੁਰੰਤ ਆਤਿਸ਼ੀ ਖ਼ਿਲਾਫ਼ ਕਾਰਵਾਈ ਕਰੇ ਅਤੇ ਉਹ ਜਨਤਕ ਤੌਰ ’ਤੇ ਬਿਨਾਂ ਕਿਸੇ ਸ਼ਰਤ ਸਿੱਖ ਕੌਮ ਤੋਂ ਮਾਫ਼ੀ ਮੰਗੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਇਹ ਸਮਝਿਆ ਜਾਵੇਗਾ ਕਿ ਪਾਰਟੀ ਇਸ ਘਿਨੌਣੇ ਬਿਆਨ ਨਾਲ ਸਹਿਮਤ ਹੈ।
ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਖ ਗੁਰੂ ਸਾਹਿਬਾਨ ਨਾਲ ਬੇਅਦਬੀ ਕਰਨ ਵਾਲੇ ਹਰ ਨੇਤਾ ਅਤੇ ਪਾਰਟੀ ਦਾ ਸਮਾਜਕ ਬਾਇਕਾਟ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵੀ ਸਿੱਖ ਮਰਿਆਦਾ ’ਤੇ ਉਂਗਲ ਚੁੱਕਣ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਦੋ ਟੋਕ ਕਿਹਾ ਕਿ ਸਿੱਖ ਧਰਮ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਾ ਮੁਆਫ਼ ਕੀਤਾ ਜਾਵੇਗਾ ਅਤੇ ਨਾ ਹੀ ਭੁਲਾਇਆ ਜਾਵੇਗਾ। ਅੰਤ ਵਿਚ ਉਨ੍ਹਾਂ ਦੋਹਰਾਇਆ ਕਿ ਪੰਜਾਬ ਭਾਜਪਾ ਸਿੱਖ ਸਨਮਾਨ ਪਰੰਪਰਾ ਅਤੇ ਮਰਿਆਦਾ ਦੀ ਰੱਖਿਆ ਲਈ ਹਰ ਮੋਰਚੇ ’ਤੇ ਡੱਟ ਕੇ ਖੜੀ ਹੈ ਅਤੇ ਇਸ ਮਸਲੇ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਨੇ ਕੁਮਾਰ ਸਾਬਕਾ ਜ਼ਿਲਾ ਪ੍ਰਧਾਨ, ਵਿੱਕੀ ਸਿਤਾਰਾ ਜਨਰਲ ਸੈਕਟਰੀ, ਮੰਡਲ ਪ੍ਰਧਾਨ ਹੈਪੀ ਢੇਸੀ ਬੱਧਨੀ ਕਲਾਂ ਮੰਡਲ ਪ੍ਰਧਾਨ, ਅਮਰੀਕ ਸਿੰਘ ਮੰਡਲ ਪ੍ਰਧਾਨ ਅਜੀਤ ਵਾਲ, ਮਲਕੀਤ ਸਿੰਘ ਸਾਬਕਾ ਸਰਪੰਚ ਲੋਹਾਰਾ, ਲਖਬੀਰ ਸਿੰਘ ਪ੍ਰਧਾਨ, ਵਿਨੋਦ ਕੁਮਾਰ ਬਿਲਾਸਪੁਰ ਸੀਨੀਅਰ ਆਗੂ, ਪ੍ਰਦੀਪ ਕੁਮਾਰ ਲਾਡੀ ਬੱਧਨੀ, ਸੋਨੀ ਭੱਟੀ ਮੰਡਲ ਪ੍ਰਧਾਨ ਨਿਹਾਲ ਸਿੰਘ ਵਾਲਾ ਆਦਿ ਹਾਜ਼ਰ ਸਨ।
ਮਾਘ ਮੇਲੇ ਦੇ ਮੱਦੇਨਜ਼ਰ ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤੀ ਵੱਡੀ ਸਹੂਲਤ
NEXT STORY