ਜਲੰਧਰ (ਜ. ਬ.)– ਅਜੀਤ ਨਗਰ ’ਚ ਤਾਂਬੇ ਦੀਆਂ ਤਾਰਾਂ ਚੋਰੀ ਕਰਕੇ ਉਸ ਨੂੰ ਅੱਗੇ ਵੇਚਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਫੜਨ ਗਏ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਬਲਜੀਤ ਸਿੰਘ ’ਤੇ ਮੁਲਜ਼ਮਾਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਏ. ਐੱਸ. ਆਈ. ਬਲਜੀਤ ਸਿੰਘ ਜ਼ਖਮੀ ਹੋ ਗਿਆ ਕਿਉਂਕਿ ਹਮਲਾਵਰਾਂ ਵਲੋਂ ਲੋਹੇ ਦੀ ਰਾਡ ਉਸ ਦੇ ਮੂੰਹ ’ਤੇ ਮਾਰੀ, ਜਿਸ ਕਾਰਣ ਮੂੰਹ ’ਤੇ ਫਰੈਕਚਰ ਆ ਗਿਆ। ਜਿਥੇ ਮਾਮਲੇ ਨੂੰ ਲੈ ਕੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 333, 186, 353, 323, 379, 506,34 ਦੇ ਤਹਿਤ ਕੇਸ ਦਰਜ ਕੀਤਾ ਹੈ।
ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਉਹ ਹੈੱਡ ਕਾਂਸਟੇਬਲ ਸੇਵਾ ਸਿੰਘ ਅਤੇ ਹੋਰ ਮੁਲਾਜ਼ਮਾਂ ਦੇ ਨਾਲ ਅਜੀਤ ਨਗਰ ਦੇ ਨਾਲ ਪੈਂਦੇ ਗਾਂਧੀ ਨਗਰ ’ਚ ਖਾਲੀ ਪਲਾਟ ’ਚ ਛਾਪੇਮਾਰੀ ਕਰਨ ਲਈ ਗਏ ਸਨ। ਜਿਥੇ ਉਨ੍ਹਾਂ ਨੂੰ ਇਨਪੁਟ ਮਿਲੀ ਸੀ ਕਿ ਚੋਰੀ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਸਾੜ ਕੇ ਉਸ ’ਚੋਂ ਤਾਂਬਾ ਕੱਢ ਕੇ ਉਸ ਨੂੰ ਸਮਗਲ ਕੀਤਾ ਜਾ ਰਿਹਾ ਹੈ। ਜਦੋਂ ਉਹ ਪੁਲਸ ਪਾਰਟੀ ਨਾਲ ਗਏ ਤਾਂ ਮੌਕੇ ’ਤੇ ਮੌਜੂਦ ਅਰਜੁਨ ਸਿੰਘ ਭੱਜਣ ਦੀ ਫਿਰਾਕ ’ਚ ਸੀ ਤਾਂ ਉਸ ਨੂੰ ਫੜ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਪਿੱਛਿਓਂ ਆਏ ਉਸ ਦੇ ਪਿਤਾ ਸਤਨਾਮ ਸਿੰਘ ਨੇ ਪਹਿਲਾਂ ਬਹਿਸ ਸ਼ੁਰੂ ਕੀਤੀ ਅਤੇ ਬਾਅਦ ’ਚ ਉਸ ਨੇ ਅਤੇ ਉਸ ਦੇ ਬੇਟੇ ਅਰਜੁਨ ਨੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਪਿੱਛਿਓਂ ਲਿਆ ਕੇ ਲੋਹੇ ਦੀ ਰਾਡ ਪਹਿਲਾਂ ਪਿੱਠ ਅਤੇ ਫਿਰ ਮੂੰਹ ’ਤੇ ਮਾਰੀ, ਜੋ ਉਨ੍ਹਾਂ ਦੇ ਨੱਕ ਅਤੇ ਜਬੜੇ ’ਤੇ ਲੱਗੀ, ਬਾਅਦ ’ਚ ਮੌਕੇ ਤੋਂ ਦੋਵੇਂ ਮੁਲਜ਼ਮ ਫਰਾਰ ਹੋ ਗਏ। ਅਚਾਨਕ ਹੋਏ ਹਮਲੇ ਦੌਰਾਨ ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਪਰ ਫਿਰ ਵੀ ਉਨ੍ਹਾਂ ਨੇ ਮੁਲਜ਼ਮਾਂ ਦਾ ਮੁਕਾਬਲਾ ਕੀਤਾ ਅਤੇ ਬਾਕੀ ਪੁਲਸ ਫੋਰਸ ਕਰ ਕੇ ਚੋਰੀ ਕੀਤੀਆਂ ਗਈਆਂ ਬਿਜਲੀ ਦੀਆਂ ਤਾਰਾਂ ਦਾ ਜ਼ਖੀਰਾ ਬਰਾਮਦ ਕਰਵਾ ਲਿਆ। ਉਨ੍ਹਾਂ ਦੱਸਿਆ ਕਿ ਹੈੱਡ ਕਾਂਸਟੇਬਲ ਸੇਵਾ ਸਿੰਘ ਨੇ ਉਨ੍ਹਾਂ ਨੂੰ ਸਿੱਧਾ ਗੱਡੀ ’ਚ ਬਿਠਾਇਆ ਅਤੇ ਰਸਤੇ ਵਿਚ ਐੱਸ. ਐੱਚ. ਓ. ਸੁਖਜੀਤ ਸਿੰਘ ਨੂੰ ਫੋਨ ਕਰ ਕੇ ਸੂਚਿਤ ਕੀਤਾ, ਜਿਨ੍ਹਾਂ ਨੇ ਅੱਗੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਏ. ਸੀ. ਪੀ. ਸੈਂਟਰਲ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੇ ਏ. ਸੀ. ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਬਲਜੀਤ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਫੁੱਟਬਾਲ ਚੌਕ ਨੇੜੇ ਸਥਿਤ ਕਟਾਰੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਏ. ਸੀ. ਪੀ. ਮੁਤਾਬਕ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਦਿੰਦੇ ਹੋਏ ਕਟਾਰੀਆ ਹਸਪਤਾਲ ਦੇ ਈ. ਐੱਨ. ਟੀ. ਸਪੈਸ਼ਲਿਸਟ ਡਾ. ਹਰੀਸ਼ ਨੰਦਾ ਨੇ ਦੱਸਿਆ ਕਿ ਏ. ਐੱਸ. ਆਈ. ਬਲਜੀਤ ਸਿੰਘ ਦਾ ਉਨ੍ਹਾਂ ਨੇ ਟ੍ਰੀਟਮੈਂਟ ਕੀਤਾ ਤਾਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੇ ਨੱਕ ਦੀ ਹੱਡੀ ਅਤੇ ਜਬਾੜਾ ਫਰੈਕਚਰ ਹੋਇਆ ਹੈ। ਫਿਲਹਾਲ ਉਨ੍ਹਾਂ ਦੀ ਸਿਟੀ ਸਕੈਨ ਰਿਪੋਰਟ ਆਉਣੀ ਬਾਕੀ ਹੈ। ਇਲਾਜ ਕੀਤਾ ਜਾ ਰਿਹਾ ਹੈ। ਸਵੇਰੇ ਸਰਜਰੀ ਤੋਂ ਬਾਅਦ ਹੀ ਕੁਝ ਕਹਿ ਸਕਾਂਗੇ।
ਯਾਰੀ-ਦੋਸਤੀ ਨਿਭਾਉਂਦਾ ਰੋਬਿਨ ਬਣਿਆ ਬਦਮਾਸ਼ 26 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ
NEXT STORY