ਫਿਲੌਰ (ਭਾਖੜੀ)— ਜ਼ਮੀਨ 'ਤੇ ਜਬਰਨ ਕਬਜ਼ਾ ਕਰਨ ਆਏ ਵਿਅਕਤੀਆਂ ਨਾਲ ਪੁੱਜੇ ਸਬ-ਇੰਸਪੈਕਟਰ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਅਤੇ ਉਸ ਦੇ ਸਾਥੀ ਕਬਜ਼ਾਧਾਰੀਆਂ ਨੇ ਔਰਤ ਨੂੰ ਜ਼ਮੀਨ 'ਤੇ ਲਿਟਾ ਕੇ ਇੱਟਾਂ ਮਾਰੀਆਂ ਅਤੇ ਪਿੱਠ 'ਤੇ ਚਾਕੂਆਂ ਨਾਲ ਵਾਰ ਕੀਤੇ।
ਇਹ ਸੀ ਮਾਮਲਾ
ਪੁਲਸ ਥਾਣਾ ਬਿਲਗਾ 'ਚ ਪੈਂਦੇ ਪਿੰਡ ਉੱਪਲ ਭੂਪਾ ਦੀ ਰਹਿਣ ਵਾਲੀ ਪੀੜਤ ਔਰਤ ਹਰਪ੍ਰੀਤ ਕੌਰ ਨੇ ਥਾਣਾ ਮੁਖੀ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਹਰਨੇਕ ਸਿੰਘ ਵਿਦੇਸ਼ 'ਚ ਰਹਿ ਰਹੇ ਸੰਤੋਖ ਸਿੰਘ ਤੋਂ 9 ਖੇਤ ਠੇਕੇ 'ਤੇ ਲੈ ਕੇ ਉਸ 'ਤੇ ਵਹਾਈ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸਨ। 6 ਮਹੀਨੇ ਪਹਿਲਾਂ ਉਸ ਦੇ ਪਤੀ ਹਰਨੇਕ ਦਾ ਦਿਹਾਂਤ ਹੋ ਗਿਆ ਤਾਂ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਹ ਖੁਦ ਖੇਤੀ ਕਰਨ ਲੱਗ ਪਈ। ਉਕਤ ਜ਼ਮੀਨ ਉਨ੍ਹਾਂ ਨੇ ਸਾਲ 2018 ਤੋਂ ਲੈ ਕੇ 2023 ਤਕ ਠੇਕੇ 'ਤੇ ਲਈ ਹੋਈ ਹੈ ਪਰ ਉਸ ਦੇ ਪਤੀ ਦੇ ਦਿਹਾਂਤ ਦੇ ਬਾਅਦ ਤੋਂ ਸੰਤੋਖ ਸਿੰਘ ਲਗਾਤਾਰ ਆਪਣੇ ਲੋਕਾਂ ਨੂੰ ਭੇਜ ਕੇ ਜ਼ਮੀਨ ਛੱਡਣ ਲਈ ਉਨ੍ਹਾਂ 'ਤੇ ਦਬਾਅ ਬਣਾ ਰਿਹਾ ਹੈ।
ਦੋ ਦਿਨ ਪਹਿਲਾਂ ਸਬ-ਇੰਸਪੈਕਟਰ ਨਾਲ ਕਬਜ਼ਾਧਾਰੀ ਪੁੱਜੇ ਜ਼ਮੀਨ ਛੁਡਵਾਉਣ
ਪੀੜਤ ਔਰਤ ਹਰਪ੍ਰੀਤ ਕੌਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸ਼ਾਮ 5 ਵਜੇ ਪਿੰਡ ਦੇ ਜੋਗਾ ਸਿੰਘ, ਮਨਜੀਤ ਸਿੰਘ ਅਤੇ ਪੰਮਾ ਬਿਲਗਾ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ ਸੁਰਿੰਦਰ ਸਿੰਘ ਨਾਲ ਉਸ ਦੇ ਖੇਤਾਂ 'ਚ ਆ ਧਮਕੇ। ਇਕ ਵਿਅਕਤੀ ਨੇ ਉਨ੍ਹਾਂ ਦੇ ਖੇਤਾਂ 'ਚ ਲੱਗੀ ਫਸਲ 'ਤੇ ਟ੍ਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ, ਜਦੋਂ ਉਸ ਨੂੰ ਰੋਕਣ ਦਾ ਯਤਨ ਕੀਤਾ ਤਾਂ ਸਬ ਇੰਸਪੈਕਟਰ ਸੁਰਿੰਦਰ ਸਿੰਘ ਉਸ ਨਾਲ ਹੱਥੋਪਾਈ 'ਤੇ ਉਤਾਰੂ ਹੋ ਗਿਆ ਅਤੇ ਉਸ ਨੂੰ ਵਾਲਾਂ ਤੋਂ ਫੜ ਲਿਆ। ਇੰਨੇ 'ਚ ਪੰਮਾ ਨੇ ਉਸ ਨੂੰ ਫੜ ਕੇ ਜ਼ਮੀਨ 'ਤੇ ਪਟਕ ਦਿੱਤਾ ਤੇ ਉਸ 'ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀ 18 ਸਾਲਾਂ ਦੀ ਬੇਟੀ ਨੇ ਆਪਣੀ ਮਾਂ 'ਤੇ ਹਮਲਾ ਹੁੰਦਾ ਦੇਖ ਕੇ ਮੋਬਾਇਲ ਫੋਨ ਨਾਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਕਤ ਹਮਲਾਵਰ ਉਸ ਦੀ ਬੇਟੀ ਨੂੰ ਮਾਰਨ ਉਸ ਦੇ ਪਿੱਛੇ ਦੌੜੇ, ਜਿਸ ਨੇ ਭੱਜ ਕੇ ਜਾਨ ਬਚਾਈ। ਬੇਟੀ ਨੂੰ ਬਚਾਉਣ ਜਦੋਂ ਉਹ ਪਿੱਛੇ ਦੌੜੀ ਤਾਂ ਉਨ੍ਹਾਂ ਨੇ ਉਸ ਦੀ ਪਿੱਠ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਵਾਲਾਂ ਤੋਂ ਫੜ ਕੇ ਘੜੀਸਿਆ ਅਤੇ ਉਸ ਦੀ ਖੇਤਾਂ ਦੀ ਫਸਲ ਤਬਾਹ ਕਰ ਦਿੱਤੀ, ਜਿਸ ਖਾਕੀ ਵਰਦੀ 'ਤੇ ਔਰਤਾਂ ਦੀ ਸੁਰੱਖਿਆ ਦਾ ਜਿੰਮਾ ਸੀ, ਉਸ ਨੇ ਨਾ-ਸਿਰਫ ਖੁਦ ਹੱਥ ਚੁੱਕਿਆ, ਸਗੋਂ ਹਮਲਾਵਰਾਂ ਦਾ ਵੀ ਖੁਲ੍ਹ ਕੇ ਸਾਥ ਦਿੱਤਾ।

ਪੁਲਸ ਨੇ ਇਨਸਾਫ ਦਿਵਾਉਣ ਦੀ ਜਗ੍ਹਾ ਉਲਟਾ ਔਰਤ ਦੇ ਰਿਸ਼ਤੇਦਾਰਾਂ 'ਤੇ ਹੀ ਕਰ ਦਿੱਤੀ ਕਾਰਵਾਈ
ਪੀੜਤ ਔਰਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਪੁਲਸ ਥਾਣਾ ਬਿਲਗਾ 'ਚ ਸ਼ਿਕਾਇਤ ਦੇਣ ਗਈ। ਪੁਲਸ ਨੇ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਉਸ ਦੇ ਡਰਾਈਵਰ ਬਲਵਿੰਦਰ ਸਿੰਘ ਅਤੇ ਉਸ ਦੇ ਘਰ ਗਰਮੀਆਂ ਦੀਆਂ ਛੁੱਟੀਆਂ ਕੱਟਣ ਆਏ ਭਤੀਜੇ ਤੇਜਵੀਰ ਉਮਰ 14 ਸਾਲ ਨੂੰ ਫੜ ਕੇ ਪੁਲਸ ਥਾਣੇ ਲੈ ਗਈ, ਜਿੱਥੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ, ਜਿਨ੍ਹਾਂ ਨੂੰ ਅਗਲੇ ਦਿਨ ਜਾ ਕੇ ਛੱਡਿਆ ਗਿਆ।
ਪੀੜਤ ਔਰਤ ਹਰਪ੍ਰੀਤ ਕੌਰ ਨੇ ਕਿਹਾ ਕਿ ਪੁਲਸ ਨਾ ਤਾਂ ਉਨ੍ਹਾਂ ਦੀ ਸ਼ਿਕਾਇਤ ਲੈ ਰਹੀ ਹੈ ਅਤੇ ਨਾ ਹੀ ਕੋਈ ਕਾਰਵਾਈ ਕਰ ਰਹੀ ਹੈ। ਉਕਤ ਪੁਲਸ ਵਾਲਾ ਤੇ ਉਸ ਦੇ ਕਬਜ਼ਾਧਾਰੀ ਸਾਥੀ, ਜਿਨ੍ਹਾਂ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਖੁੱਲ੍ਹੇਆਮ ਘੁੰਮ ਰਹੇ ਹਨ। ਅੱਜ ਉਹ ਜਲੰਧਰ 'ਚ ਪੁਲਸ ਉੱਚ ਅਧਿਕਾਰੀਆਂ ਨੂੰ ਮਿਲਣ ਗਈ ਪਰ ਉਸ ਨੂੰ ਕੋਈ ਨਹੀਂ ਮਿਲਿਆ। ਪਿਛਲੇ ਦੋ ਦਿਨ ਤੋਂ ਉਹ ਆਪਣੀ 18 ਸਾਲ ਦੀ ਬੇਟੀ ਤੇ 10 ਸਾਲਾ ਬੇਟੇ ਦੇ ਨਾਲ ਆਪਣੀ ਕਾਰ 'ਚ ਹੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੈ। ਉਹ ਕਾਰ 'ਚ ਹੀ ਸੌਂ ਰਹੇ ਹਨ ਤੇ ਕਾਰ 'ਚ ਹੀ ਖਾਣਾ ਖਾਂਦੇ ਹਨ। ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਸੁਰੱਖਿਅਤ ਨਹੀਂ ਤਾਂ ਉਹ ਕਾਰ ਸਟਾਰਟ ਕਰ ਕੇ ਦੂਰ ਨਿਕਲ ਜਾਂਦੇ ਹਨ। ਔਰਤ ਨੇ ਥਾਣਾ ਮੁਖੀ ਨੂੰ ਕਿਹਾ ਕਿ ਉਹ ਹਵਾਲਾਤ ਦਾ ਦਰਵਾਜ਼ਾ ਖੋਲ੍ਹ ਦੇਵੇ। ਉਹ ਤੇ ਉਸ ਦੇ ਬੱਚੇ ਉਦੋਂ ਤਕ ਜੇਲ 'ਚ ਰਹਿਣਗੇ, ਜਦੋਂ ਉਹ ਪੁਲਸ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕਰਦੀ। ਔਰਤ ਨੇ ਥਾਣੇ 'ਚ ਪੱਤਰਕਾਰਾਂ ਨੂੰ ਕਿਹਾ ਕਿ ਪੁਲਸ ਆਪਣੇ ਸਾਥੀ ਅਧਿਕਾਰੀ ਨੂੰ ਬਚਾਉਣ 'ਚ ਲੱਗੀ ਹੋਈ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਸਬੰਧੀ ਪੁੱਛਣ 'ਤੇ ਥਾਣਾ ਬਿਲਗਾ ਦੇ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਔਰਤ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਦੇ ਰਿਸ਼ਤੇਦਾਰਾਂ ਨੇ ਵੀ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਔਰਤ ਹਰਪ੍ਰੀਤ ਕੌਰ ਨੇ ਜ਼ਮੀਨ ਠੇਕੇ 'ਤੇ ਲੈਣ ਲਈ ਕੁਝ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜ ਕੇ ਜਬਰਨ ਕਾਗਜ਼ਾਂ 'ਤੇ ਦਸਤਖਤ ਕਰਵਾ ਲਏ ਸਨ। ਉਨ੍ਹਾਂ ਕਿਹਾ ਕਿ ਸਬ-ਇੰਸਪੈਕਟਰ ਸੁਰਿੰਦਰ ਸਿੰਘ ਫੋਨ ਆਉਣ ਤੋਂ ਬਾਅਦ ਘਟਨਾ ਵਾਲੀ ਜਗ੍ਹਾ 'ਤੇ ਪੁੱਜਾ। ਔਰਤ ਨੇ ਪੁਲਸ ਅਧਿਕਾਰੀ ਵਿਰੁੱਧ ਜੋ ਦੋਸ਼ ਲਗਾਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, 4 ਜ਼ਖਮੀ
NEXT STORY