ਅੰਮ੍ਰਿਤਸਰ, (ਨੀਰਜ)- ਉਂਝ ਤਾਂ ਕਾਰਗਿਲ ਦੀ ਜੰਗ ਤੋਂ ਬਾਅਦ ਸਾਡੇ ਦੇਸ਼ ਦੀ ਸੁਰੱਖਿਆ ਏਜੰਸੀਆਂ ਇੰਟੈਲੀਜੈਂਸ ਬਿਊਰੋ ਆਫ ਇੰਡੀਆ ਅਤੇ ਰਾਅ ਦੀ ਵਰਕ ਕੁਆਲਿਟੀ ਦਾ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਤੇ ਸਾਰਾ ਦੇਸ਼ ਹੈਰਾਨ ਸੀ ਕਿ ਪਾਕਿਸਤਾਨੀ ਸੈਨਾ ਕਾਰਗਿਲ ਵਿਚ ਆ ਕੇ ਡੇਰੇ ਜਮ੍ਹਾ ਲੈਂਦੀ ਹੈ ਅਤੇ ਸਾਡੀਆਂ ਏਜੰਸੀਆਂ ਨੂੰ ਪਤਾ ਵੀ ਨਹੀਂ ਲੱਗਦਾ। ਬੇਸ਼ੱਕ ਸਾਡੇ ਬਹਾਦਰ ਸੈਨਿਕਾਂ ਨੇ ਪਾਕਿਸਤਾਨੀ ਸੈਨਾ ਤੇ ਅੱਤਵਾਦੀਆਂ ਨੂੰ ਭਜਾ-ਭਜਾ ਕੇ ਮਾਰਿਆ ਅਤੇ ਕਾਰਗਿਲ ਜੰਗ ਜਿੱਤ ਲਈ ਪਰ ਸੁਰੱਖਿਆ ਏਜੰਸੀਆਂ ਦੀ ਨਾਲਾਇਕੀ ਅੱਜ ਤੱਕ ਸਵਾਲ ਬਣ ਕੇ ਖੜ੍ਹੀ ਹੈ, ਉਥੇ ਹੀ ਦੂਜੇ ਪਾਸੇ ਕਾਰਗਿਲ ਦੇ ਖਤਰਨਾਕ ਪਹਾੜੀ ਇਲਾਕਿਆਂ ਤੋਂ ਬਾਅਦ ਅਟਾਰੀ ਬਾਰਡਰ ਵਰਗੇ ਅਤਿ-ਸੰਵੇਦਨਸ਼ੀਲ ਅਤੇ ਮੈਦਾਨੀ ਇਲਾਕਿਆਂ ਵਿਚ ਵੀ ਸਾਡੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਫੇਲ ਸਾਬਿਤ ਹੋ ਰਹੀਆਂ ਹਨ।
ਜੰਮੂ-ਕਸ਼ਮੀਰ ਦੇ ਬਾਰਾਮੂਲਾ ਇਲਾਕੇ 'ਚ ਸੈਨਾ ਵੱਲੋਂ ਜੁਆਇੰਟ ਸਰਚ ਆਪ੍ਰੇਸ਼ਨ ਦੌਰਾਨ ਫੜੇ ਗਏ 2 ਅੱਤਵਾਦੀਆਂ ਅਬਦੁਲ ਮਜੀਦ ਭੱਟ ਤੇ ਮੁਹੰਮਦ ਅਸ਼ਰਫ ਮੀਰ ਨੇ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਉਹ ਅਟਾਰੀ ਬਾਰਡਰ ਦੇ ਰਸਤੇ ਵੀਜ਼ਾ ਲੈ ਕੇ ਪਾਕਿਸਤਾਨ ਗਏ ਸਨ ਅਤੇ ਪਾਕਿਸਤਾਨ ਤੋਂ ਅੱਤਵਾਦੀ ਟ੍ਰੇਨਿੰਗ ਲੈ ਕੇ ਉਸ ਰਸਤੇ ਤੋਂ ਵਾਪਸ ਆਏ ਹਨ। ਇਨ੍ਹਾਂ ਅੱਤਵਾਦੀਆਂ ਦੇ ਖੁਲਾਸੇ ਨੇ ਅਟਾਰੀ ਬਾਰਡਰ 'ਤੇ ਤਾਇਨਾਤ ਸਾਰੀਆਂ ਸੁਰੱਖਿਆ ਏਜੰਸੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿਉਂਕਿ ਪਾਕਿਸਤਾਨ ਤੋਂ ਆਉਣ ਵਾਲੇ ਸਾਰੇ ਨਾਗਰਿਕਾਂ ਜਿਨ੍ਹਾਂ 'ਚ ਵਿਸ਼ੇਸ਼ ਰੂਪ ਵਿਚ ਕਸ਼ਮੀਰੀ ਨੌਜਵਾਨਾਂ ਦੀ ਅਟਾਰੀ ਬਾਰਡਰ 'ਤੇ ਐਂਟਰੀ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਅਤੇ ਹੋਰ ਏਜੰਸੀਆਂ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ।
ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਅਜਿਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਟ੍ਰੇਸ ਕਰ ਸਕਦੇ ਹਨ ਅਤੇ ਸ਼ੱਕ ਹੋਣ 'ਤੇ ਉਸ ਤੋਂ ਪੁੱਛਗਿੱਛ ਕਰ ਸਕਦੇ ਹਨ ਪਰ ਬਾਰਾਮੂਲਾ 'ਚ ਫੜੇ ਗਏ ਦੋਵੇਂ ਨੌਜਵਾਨ ਅਟਾਰੀ ਬਾਰਡਰ ਦੀ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਵਿਚ ਸਫਲ ਸਾਬਿਤ ਹੋਏ ਹਨ।
ਆਖਿਰਕਾਰ ਕਸ਼ਮੀਰ ਦੇ ਨੌਜਵਾਨਾਂ ਨੂੰ ਅੱਤਵਾਦੀ ਟ੍ਰੇਨਿੰਗ ਲੈਣ ਲਈ ਪੰਜਾਬ ਬਾਰਡਰ ਦਾ ਰਸਤਾ ਕਿਉਂ ਅਪਨਾਉਣਾ ਪਿਆ, ਇਸ ਦੇ ਪਿੱਛੇ ਸੈਨਾ ਵੱਲੋਂ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਖਿਲਾਫ ਚਲਾਇਆ ਜਾ ਰਿਹਾ ਸਖ਼ਤ ਅਭਿਆਨ ਹੈ, ਜਿਸ ਵਿਚ ਹਰ ਰੋਜ਼ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ ਅਤੇ ਅੱਤਵਾਦੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ, ਹਾਲਾਂਕਿ ਇਸ ਵਿਚ ਸਾਡੇ ਫੌਜੀ ਵੀ ਸ਼ਹੀਦ ਹੋ ਰਹੇ ਹਨ ਪਰ ਜਿੰਨਾ ਵੱਡਾ ਸੈਨਿਕ ਆਪ੍ਰੇਸ਼ਨ ਜੰਮੂ-ਕਸ਼ਮੀਰ ਵਿਚ ਮੋਦੀ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ, ਓਨਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਚਲਾਇਆ। ਪੱਥਰਬਾਜ਼ਾਂ ਤੋਂ ਲੈ ਕੇ ਅੱਤਵਾਦੀ ਫੰਡਿੰਗ ਕਰਨ ਵਾਲੇ ਨੇਤਾਵਾਂ 'ਤੇ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ।
ਸੈਨਾ ਦੀ ਸਖਤੀ ਕਾਰਨ ਪਾਕਿਸਤਾਨੀ ਅੱਤਵਾਦੀਆਂ ਵਿਚ ਭਾਰਤੀ ਸੀਮਾ 'ਚ ਪ੍ਰਵੇਸ਼ ਕਾਫ਼ੀ ਹੱਦ ਤੱਕ ਨਾਕਾਮ ਸਾਬਿਤ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਅੱਤਵਾਦ ਦੀ ਟ੍ਰੇਨਿੰਗ ਲੈਣ ਵਾਲੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਪੰਜਾਬ ਬਾਰਡਰ ਦੇ ਰਸਤੇ ਚੋਰੀ-ਛੁਪੇ ਵੀਜ਼ੇ ਲੈ ਕੇ ਪਾਕਿਸਤਾਨ ਜਾਣਾ ਪੈ ਰਿਹਾ ਹੈ ਪਰ ਜਿਸ ਤਰ੍ਹਾਂ ਅਟਾਰੀ ਬਾਰਡਰ ਦੀਆਂ ਸੁਰੱਖਿਆ ਏਜੰਸੀਆਂ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਆਉਣ ਵਾਲੇ ਅੱਤਵਾਦੀਆਂ ਨੂੰ ਪਛਾਣਨ ਵਿਚ ਨਾਕਾਮ ਸਾਬਿਤ ਹੋ ਰਹੀਆਂ ਹਨ ਉਹ ਇਕ ਵੱਡੀ ਲਾਪ੍ਰਵਾਹੀ ਵੱਲ ਇਸ਼ਾਰਾ ਕਰ ਰਿਹਾ ਹੈ, ਜਿਸ ਨਾਲ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ।
ਸਰਜੀਕਲ ਸਟ੍ਰਾਈਕ ਤੋਂ ਬਾਅਦ ਅੱਤਵਾਦੀਆਂ ਦੇ ਹੌਸਲੇ ਪਸਤ
ਭਾਰਤੀ ਫੌਜ ਵੱਲੋਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਚੱਲ ਰਹੇ ਅੱਤਵਾਦੀ ਲਾਂਚ ਪੈਡ 'ਤੇ ਸਰਜੀਕਲ ਸਟ੍ਰਾਈਕ ਕੀਤੇ ਜਾਣ ਤੋਂ ਬਾਅਦ ਵੀ ਹੁਣ ਜੰਮੂ-ਕਸ਼ਮੀਰ ਬਾਰਡਰ ਦੇ ਰਸਤੇ ਅੱਤਵਾਦੀ ਪ੍ਰਵੇਸ਼ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੋ ਗਈ ਹੈ ਅਤੇ ਪਾਕਿਸਤਾਨੀ ਕੱਟੜ ਅੱਤਵਾਦੀ ਪੰਜਾਬ ਬਾਰਡਰ ਵੱਲ ਰੁਖ਼ ਕਰ ਰਹੇ ਹਨ। ਮੋਦੀ ਸਰਕਾਰ ਵੱਲੋਂ ਨੋਟਬੰਦੀ ਕੀਤੇ ਜਾਣ ਤੋਂ ਬਾਅਦ ਵੀ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਅਤੇ ਪੱਥਰਬਾਜ਼ਾਂ ਨੂੰ ਫੰਡਿੰਗ ਕਰਨ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀ ਕਮਰ ਟੁੱਟੀ ਹੈ।
ਅਟਾਰੀ ਬਾਰਡਰ 'ਤੇ ਰੇਕੀ ਕਰਦੇ ਫੜੇ ਜਾ ਚੁੱਕੇ ਹਨ 3 ਕਸ਼ਮੀਰੀ ਨੌਜਵਾਨ
ਅੰਮ੍ਰਿਤਸਰ : ਅੱਤਵਾਦੀਆਂ ਦੀਆਂ ਧਮਕੀਆਂ ਦੇ ਮਾਮਲੇ 'ਚ ਦੇਸ਼ ਦੇ ਸਭ ਤੋਂ ਸੰਵੇਦਨਸ਼ੀਲ ਸੀਮਾਵਰਤੀ ਇਲਾਕਿਆਂ 'ਚੋਂ ਇਕ ਅਟਾਰੀ ਬਾਰਡਰ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਕਸਟਮ ਵਿਭਾਗ ਦੀ ਟੀਮ ਨੇ 3 ਕਸ਼ਮੀਰੀ ਨੌਜਵਾਨਾਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਆਈ. ਸੀ. ਪੀ. ਅਤੇ ਰੀਟ੍ਰੀਟ ਸੈਰੇਮਨੀ ਵਾਲੀ ਥਾਂ ਦੀ ਰੇਕੀ ਕਰ ਰਹੇ ਸਨ। ਸਵੇਰੇ 10 ਵਜੇ ਇਹ 3 ਨੌਜਵਾਨ ਆਈ. ਸੀ. ਪੀ. ਦੇ ਇਲਾਕੇ ਵਿਚ ਕੀ ਕਰਨ ਆਏ ਸਨ, ਇਸ ਸਬੰਧੀ ਪੰਜਾਬ ਪੁਲਸ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਜੰਮੂ-ਕਸ਼ਮੀਰ ਪੁਲਸ ਨੂੰ ਬੁਲਾਇਆ ਗਿਆ ਅਤੇ ਫੜੇ ਗਏ ਨੌਜਵਾਨਾਂ ਦੀ ਹਿਸਟਰੀ ਖੰਗਾਲਣ ਲਈ ਜੰਮੂ-ਕਸ਼ਮੀਰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਪਠਾਨਕੋਟ ਤੇ ਗੁਰਦਾਸਪੁਰ 'ਚ 2 ਵਾਰ ਹਮਲਾ ਕਰ ਚੁੱਕੇ ਹਨ ਅੱਤਵਾਦੀ
ਪੰਜਾਬ ਬਾਰਡਰ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਅੱਤਵਾਦੀ ਇਕ ਵਾਰ ਨਹੀਂ ਸਗੋਂ ਲਗਾਤਾਰ 2 ਵਾਰ ਗੁਰਦਾਸਪੁਰ ਤੇ ਪਠਾਨਕੋਟ ਏਅਰਬੇਸ 'ਤੇ ਹਮਲਾ ਕਰ ਚੁੱਕੇ ਹਨ ਤੇ ਅਜੇ ਤੱਕ ਸਾਡੀਆਂ ਸੁਰੱਖਿਆ ਏਜੰਸੀਆਂ ਇਸ ਗੱਲ ਦਾ ਪਤਾ ਨਹੀਂ ਲਾ ਸਕੀਆਂ ਕਿ ਪਾਕਿਸਤਾਨੀ ਅੱਤਵਾਦੀ ਪੰਜਾਬ ਬਾਰਡਰ ਦੇ ਰਸਤੇ ਜੋ ਗੁਰਦਾਸਪੁਰ ਵਿਚ ਪਾਕਿਸਤਾਨੀ ਸੀਮਾ ਦੇ ਨਾਲ ਲੱਗਾ ਹੋਇਆ ਹੈ ਜਾਂ ਫਿਰ ਜੰਮੂ-ਕਸ਼ਮੀਰ ਬਾਰਡਰ ਦੇ ਰਸਤੇ ਪੰਜਾਬ ਵਿਚ ਦਾਖਲ ਹੋਏ ਸਨ, ਉਪਰੋਂ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਵਿਚ ਤੀਸਰੇ ਹਮਲੇ ਦਾ ਵੀ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਨੂੰ ਦੇਖਦਿਆਂ ਪੰਜਾਬ ਪੁਲਸ ਕਾਫ਼ੀ ਚੌਕੰਨੀ ਹੋ ਕੇ ਕੰਮ ਕਰ ਰਹੀ ਹੈ, ਖਾਸ ਤੌਰ 'ਤੇ ਸੀਮਾਵਰਤੀ ਇਲਾਕਿਆਂ ਵਿਚ। ਬੀ. ਐੱਸ. ਐੱਫ. ਦੀ ਫਸਟ ਲਾਈਨ ਆਫ ਡਿਫੈਂਸ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਸੈਕਿੰਡ ਅਤੇ ਥਰਡ ਲਾਈਨ ਆਫ ਡਿਫੈਂਸ ਬਣਾਈ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਨਾਲ ਨਿੱਬੜਿਆ ਜਾ ਸਕੇ ਪਰ ਜਿਸ ਤਰ੍ਹਾਂ ਸੁਰੱਖਿਆ ਏਜੰਸੀਆਂ ਅੱਤਵਾਦੀਆਂ ਦੀ ਪਛਾਣ ਕਰਨ ਵਿਚ ਫੇਲ ਸਾਬਿਤ ਹੋ ਰਹੀਆਂ ਹਨ, ਉਹ ਇਕ ਵੱਡੀ ਲਾਪ੍ਰਵਾਹੀ ਵੱਲ ਇਸ਼ਾਰਾ ਕਰ ਰਹੀਆਂ ਹਨ।
ਕਿਸਾਨਾਂ ਫੂਕਿਆ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ
NEXT STORY