ਬਾਬਾ ਬਕਾਲਾ ਸਾਹਿਬ (ਅਠੌਲਾ) - ਬਾਬਾ ਬਕਾਲਾ ਸਾਹਿਬ ਦੀ ਪੁਲਸ ਨੂੰ ਇਕ ਨੌਜਵਾਨ ਦੀ ਗਲੀ ਸੜੀ ਲਾਸ਼ ਵਡਾਲਾ-ਗੱਗੜਭਾਣਾ ਸੂਏ ਵਿਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਮੇਜਰ ਸਿੰਘ (28) ਵਾਸੀ ਭਲੋਜਲਾ ਥਾਣਾ ਵੈਰੋਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਸੁੱਚਾ ਸਿੰਘ ਪੁੱਤਰ ਬੂਟਾ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਮੇਜਰ ਸਿੰਘ ਦਾ ਮਨਜਿੰਦਰ ਸਿੰਘ ਵਾਸੀ ਨਾਲ ਤਕਰੀਬਨ 4.50 ਲੱਖ ਰੁਪਏ ਦਾ ਲੈਣ ਦੇਣ ਸੀ।
ਉਸ ਨੇ ਦੱਸਿਆ ਕਿ ਬੀਤੀ 11 ਮਾਰਚ ਨੂੰ ਮਨਜਿੰਦਰ ਸਿੰਘ ਨੇ ਮੇਜਰ ਸਿੰਘ ਨੂੰ ਪੈਸੇ-ਦੇਣ ਦੇ ਬਹਾਨੇ ਆਪਣੇ ਘਰ ਸੱਦਿਆ ਸੀ ਅਤੇ ਮੇਜਰ ਸਿੰਘ ਉਸ ਦਿਨ ਤੋਂ ਹੀ ਲਾਪਤਾ ਸੀ। ਉਨ੍ਹਾਂ ਨੇ ਉਸ ਦੀ ਬਹੁਤ ਭਾਲ ਕੀਤੀ ਅਤੇ ਪੁਲਸ ਨੂੰ 15 ਮਾਰਚ ਨੂੰ ਮਨਜਿੰਦਰ ਸਿੰਘ ਖ਼ਿਲਾਫ਼ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਪੁਲਸ ਨੇ 365 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ ਪਰ ਅੱਜ ਬਾਬਾ ਬਕਾਲਾ ਸਾਹਿਬ ਦੀ ਪੁਲਸ ਨੂੰ ਵਡਾਲਾ-ਗੱਗੜਭਾਣਾ ਸੂਏ ਵਿਚੋਂ ਮੇਜਰ ਸਿੰਘ ਦੀ ਗਲੀ ਸੜੀ ਲਾਸ਼ ਬਰਾਮਦ ਹੋਈ।
ਮਿਲੀ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਦੀ ਸ਼ਨਾਖਤ ਕਰਨ ਉਪਰੰਤ ਥਾਣਾ ਵੈਰੋਵਾਲ ਦੀ ਪੁਲਸ ਅਤੇ ਬਲਵਿੰਦਰ ਸਿੰਘ ਏ. ਐੱਸ. ਆਈ. ਨੇ ਸਮੇਤ ਪਾਰਟੀ ਪੁੱਜ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਕਤ ਕੇਸ ਦੀ ਧਾਰਾ ਵਿਚ ਵਾਧਾ ਕਰਦਿਆਂ ਦਫਾ 302 ਤਹਿਤ ਕੇਸ ਦਰਜ ਕਰ ਕੇ ਦੋਸ਼ੀ ਮਨਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰਿਆ ਭਿਆਨਕ ਕਾਰ ਹਾਦਸਾ, 12 ਸਾਲ ਦੇ ਬੱਚੇ ਸਮੇਤ 4 ਜੀਆਂ ਦੀ ਮੌਤ
NEXT STORY