ਚੰਡੀਗੜ੍ਹ (ਸੁਸ਼ੀਲ) : ਘੋੜਿਆਂ ’ਤੇ ਦਿੱਲੀ ਜਾ ਰਹੇ ਨਿਹੰਗਾਂ ਦਾ ਜੱਥਾ ਬੁੱਧਵਾਰ ਨੂੰ ਮਟਕਾ ਚੌਂਕ ’ਚ ਧਰਨੇ ’ਤੇ ਬੈਠੇ ਬਾਬਾ ਲਾਭ ਸਿੰਘ ਨੂੰ ਮਿਲਣ ਪਹੁੰਚ ਗਿਆ। ਜਿਵੇਂ ਹੀ ਇਸ ਦੀ ਸੂਚਨਾ ਚੰਡੀਗੜ੍ਹ ਪੁਲਸ ਨੂੰ ਮਿਲੀ ਤਾਂ ਉੱਥੇ ਭਾਰੀ ਗਿਣਤੀ ਵਿਚ ਪੁਲਸ ਧਾਰਾ-144 ਦਾ ਪਾਲਣ ਕਰਵਾਉਣ ਪਹੁੰਚ ਗਈ। ਪੁਲਸ ਅਧਿਕਾਰੀਆਂ ਨੇ ਨਿਹੰਗ ਸਿੰਘਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉੱਥੋਂ ਸ਼ਾਂਤੀਪੂਰਵਕ ਚਲੇ ਜਾਣ।
ਨਿਹੰਗ ਜੱਥੇਬੰਦੀ ਦੇ ਮੁਖੀ ਬਾਬਾ ਅਮਨ ਸਿੰਘ ਨੇ ਦੱਸਿਆ ਕਿ ਅਸੀਂ ਪਹਾੜਾਂ ਤੋਂ ਦਿੱਲੀ ਵੱਲ ਜਾ ਰਹੇ ਸੀ। ਵਿਚਕਾਰ ਚੰਡੀਗੜ੍ਹ ਦੇ ਮਟਕਾ ਚੌਂਕ ’ਚ ਬੈਠੇ ਬਾਬਾ ਲਾਭ ਸਿੰਘ ਨੂੰ ਮਿਲਣ ਅਤੇ ਘੋੜਿਆਂ ਨੂੰ ਆਰਾਮ ਦਿਵਾਉਣ ਲਈ ਉਹ ਇੱਥੇ ਰੁਕੇ ਹਨ। ਇਸ ਦੌਰਾਨ ਚੰਡੀਗੜ੍ਹ ਪੁਲਸ ਨੇ ਆ ਕੇ ਸਾਨੂੰ ਘੇਰ ਲਿਆ ਅਤੇ ਕਿਹਾ ਕਿ ਪ੍ਰਦਰਸ਼ਨ ਕਰਨ ਲਈ ਸੈਕਟਰ-25 ਦੀ ਗਰਾਊਂਡ ਵਿਚ ਤੁਹਾਨੂੰ ਜਾਣਾ ਪਵੇਗਾ। ਦੱਸ ਦੇਈਏ ਕਿ ਨਿਹੰਗ ਬਾਬਾ ਲਾਭ ਸਿੰਘ ਜੀ ਪਿਛਲੇ 5 ਮਹੀਨਿਆਂ ਤੋਂ ਕਿਸਾਨਾਂ ਦੀ ਹਮਾਇਤ ’ਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ।
ਮਾਰਚ ਮਹੀਨੇ ਤੋਂ ਨਿਹੰਗ ਬਾਬਾ ਲਾਭ ਸਿੰਘ ਜੀ ਮਟਕਾ ਚੌਂਕ ’ਚ ਤੰਬੂ ਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਨੂੰ ਮਿਲਣ ਮਟਕਾ ਚੌਂਕ ਆਏ ਸਨ। 70 ਸਾਲਾ ਬਾਬਾ ਲਾਭ ਸਿੰਘ ਜੀ ਕਰਨਾਲ ਦੇ ਰਹਿਣ ਵਾਲੇ ਹਨ। ਚੰਡੀਗੜ੍ਹ ਪੁਲਸ ਵੱਲੋਂ ਉਨ੍ਹਾਂ ਨੂੰ ਕਈ ਵਾਰ ਉਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਜੇ ਵੀ ਉੱਥੇ ਹੀ ਕਾਇਮ ਹਨ।
ਹਾਜੀਪੁਰ ’ਚ ਵੱਡੀ ਵਾਰਦਾਤ, ਕਤਲ ਕਰਕੇ ਸੁੱਟਿਆ ਤਿੰਨ ਬੱਚਿਆਂ ਦਾ ਪਿਤਾ
NEXT STORY