ਤਪਾ ਮੰਡੀ(ਸ਼ਾਮ ਗਰਗ,ਮੇਸ਼ੀ) - ਸਥਾਨਕ ਮੰਡੀ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਵੇਰ ਹੁੰਦਿਆਂ ਸਾਰ ਹੀ ਡੇਰਾ ਬਾਬਾ ਜਗੀਰ ਦਾਸ ਦੇ ਮੁੱਖ ਸੇਵਾਦਾਰ ਹੁਕਮ ਦਾਸ ਬਬਲੀ ਮਹੰਤ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋਣ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਜਾਣਕਾਰੀ ਮੁਤਾਬਕ ਤਪਾ ਦੇ ਬਠਿੰਡਾ ਮਾਰਗ 'ਤੇ ਬਣੇ ਨਿਊ ਸ਼ੇਰੇ ਪੰਜਾਬ ਢਾਬੇ 'ਤੇ ਰਾਤ ਕਰੀਬ 10 ਵਜੇ ਖਾਣਾ ਖਾਣ ਮਗਰੋਂ ਬਬਲੀ ਮਹੰਤ ਗੇਟ 'ਤੇ ਹੀ ਡਿੱਗ ਪਏ ਜਦੋਂਕਿ ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਜੱਸੀ ਸ਼ੇਰਗਿੱਲ ਜੋ ਕਿ ਉਸ ਸਮੇਂ ਉਨ੍ਹਾਂ ਦੇ ਨਾਲ ਹੀ ਮੌਜੂਦ ਸੀ। ਬਬਲੀ ਮਹੰਤ ਨੂੰ ਜਦੋਂ ਤਪਾ ਦੇ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।

ਪਰਿਵਾਰ ਨੇ ਲਗਾਏ ਦੋਸ਼
ਮ੍ਰਿਤਕ ਬਬਲੀ ਮਹੰਤ ਦੇ ਪਰਿਵਾਰਕ ਮੈਂਬਰਾਂ ਨੇ ਉਕਤ ਬੀਬੀ ਸ਼ੇਰਗਿੱਲ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਬੀਬੀ ਸ਼ੇਰਗਿੱਲ ਜੋ ਹਮੇਸ਼ਾਂ ਹੀ ਬਬਲੀ ਮਹੰਤ ਨੂੰ ਬਲੈਕਮੈਲ ਕਰਦਿਆਂ ਗੁਲਾਮ ਬਣਾਕੇ ਰੱਖਦੀ ਸੀ। ਉਸ ਨੇ ਹੀ ਉਸ ਨੂੰ ਯੋਜਨਾ ਬਣਾਕੇ ਮਾਰਿਆ ਹੈ। ਕਿਉਂਕਿ ਡੇਰਾ ਜਾਗੀਰ ਦਾਸ ਦੀ ਅਪਣੀ ਲਗਭਗ 500 ਏਕੜ ਜ਼ਮੀਨ ਹੈ। ਜਿਸ ਕਰਕੇ ਬੀਬੀ ਸਮੇਤ ਕੁਝ ਅਣਪਛਾਤਿਆਂ ਨੇ ਸ਼ਾਜਿਸ ਤਹਿਤ ਉਸ ਨੂੰ ਮਾਰ ਕੇ ਦਿਲ ਦਾ ਦੌਰਾ ਪੈਣ ਦਾ ਬਹਾਨਾ ਬਣਾਇਆ ਹੈ। ਹੁਣ ਪਰਿਵਾਰ ਨੇ ਮੰਗ ਕੀਤੀ ਕਿ ਇਸ ਅਕਾਲੀ ਦਲ ਦੀ ਮੀਤ ਪ੍ਰਧਾਨ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਪੁਲਿਸ ਪ੍ਰਸ਼ਾਸਨ 'ਚ ਐਸ.ਪੀ.ਐਚ. ਰੁਪਿੰਦਰ ਭਾਰਦਵਾਜ , ਡੀ.ਐਸ.ਪੀ ਰਵਿੰਦਰ ਸਿੰਘ ਰੰਧਾਵਾ , ਐਸ.ਐਚ. ਓ. ਨਰਾਇਣ ਸਿੰਘ ਤਪਾ ਅਤੇ ਹੋਰ ਅਧਿਕਾਰੀਆਂ ਵੱਲੋਂ ਢੁਕਵੀਂ ਜਾਂਚ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਮਹੰਤ ਦੇ ਪਰਿਵਾਰਕ ਮੈਂਬਰਾਂ ਬੇਟਾ ਸੋਮ ਦਾਸ ਬਾਵਾ, ਪਤਨੀ ਰਾਜਵਿੰਦਰ ਕੌਰ ਅਤੇ ਬੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਸੂਬਾ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਅਤੇ ਉਸਦੇ ਪਰਿਵਾਰ 'ਤੇ ਦੋਸ਼ ਲਾਉਂਦਿਆਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਬੀਤੇ ਸੱਤ ਸਾਲਾਂ ਤੋਂ ਡੇਰਾ ਸੰਚਾਲਕ ਨੂੰ ਇਸਤਰੀ ਆਗੂ ਤੰਗ ਪ੍ਰੇਸ਼ਾਨ ਕਰਦੀ ਆ ਰਹੀ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਦੇ ਪਰਿਵਾਰ ਨੂੰ ਆਰਥਕ ਅਤੇ ਸਮਾਜਕ ਤੌਰ 'ਤੇ ਬਹੁਤ ਹੀ ਨੁਕਸਾਨ ਹੋਇਆ ਹੈ। ਡੇਰਾ ਮੁਖੀ ਦੇ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਸਰ ਹੀ ਉਸ ਦਾ ਪਿਤਾ ਇਸ ਮਹਿਲਾ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਹਰ ਰੋਜ਼ ਉਹ ਧਮਕੀਆਂ ਦੇ ਕੇ ਉਸ ਨੂੰ ਆਪਣੇ ਨਾਲ ਜਾਣ ਲਈ ਆਖਦੀ ਸੀ। ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਕਤ ਅਕਾਲੀ ਆਗੂ ਲੋਕਾਂ ਨਾਲ ਠੱਗੀਆਂ ਮਾਰ ਕੇ ਉਸ ਦੇ ਪਤੀ ਦੇ ਚੈੱਕ ਆਦਿ ਦਬਾ ਦਿੰਦੀ ਸੀ। ਜਿਸ ਕਾਰਨ ਅਕਸਰ ਹੀ ਲੋਕ ਉਨ੍ਹਾਂ ਦੇ ਘਰ ਆ ਕੇ ਉਸ ਦੇ ਪਤੀ ਨੂੰ ਪੈਸੇ ਦੀ ਵਾਪਸੀ ਲਈ ਤੰਗ- ਪ੍ਰੇਸ਼ਾਨ ਕਰਦੇ ਸਨ। ਇਸ ਆੜ 'ਚ ਵਿਚ ਇਸਤਰੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਉਨ੍ਹਾਂ ਦੇ ਪਤੀ ਨੂੰ ਬਲੈਕਮੇਲ ਕਰਦੀ ਰਹੀ ਹੈ ਜਿਸ ਕਾਰਨ ਉਹ ਅਕਸਰ ਹੀ ਡਿਪਰੈਸ਼ਨ ਵਿਚ ਰਹਿੰਦਾ ਸੀ।

ਪਰਿਵਾਰ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਆਪਣੇ ਮ੍ਰਿਤਕ ਪਤੀ ਦਾ ਸੰਸਕਾਰ ਨਹੀਂ ਕਰਨ ਦੇਣਗੇ। ਜ਼ਿਕਰਯੋਗ ਹੈ ਕਿ ਬੀਤੇ ਲਗਭਗ ਦੋ ਸਾਲ ਪਹਿਲਾਂ ਇਸ ਮਸਲੇ ਨੂੰ ਲੈ ਕੇ ਇਸਤਰੀ ਆਗੂ ਦੀ ਮਹੰਤ ਦੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹੰਤ ਦੇ ਪਰਿਵਾਰ ਨੂੰ ਜੇਲ੍ਹ ਤੱਕ ਜਾਣਾ ਪਿਆ ਸੀÍ ਜਿਸ ਨੇ ਜਿਸ ਦੇ ਚੱਲਦਿਆਂ ਇਹ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ ਹੈÍ ਖ਼ਬਰ ਲਿਖੇ ਜਾਣ ਤੱਕ ਪੁਲਸ ਪ੍ਰਸ਼ਾਸਨ ਵੱਲੋਂ ਐਸ.ਪੀ ਰੁਪਿੰਦਰ ਭਾਰਦਵਾਜ ਨੇ ਡੀ.ਐਸ.ਪੀ ਤਪਾ ਰਵਿੰਦਰ ਰੰਧਾਵਾ,ਡੀ.ਐਸ.ਪੀ ਬਲਜੀਤ ਸਿੰਘ ਬਰਾੜ ਦੀ ਹਾਜ਼ਰੀ 'ਚ ਦੱਸਿਆ ਕਿ ਪੁਲਿਸ ਥਾਣਾ ਤਪਾ ਵਿਖੇ ਬੀਬੀ ਸੁਰਿੰਦਰ ਕੌਰ ਸ਼ੇਰਗਿੱਲ ਅਤੇ ਉਸ ਦੇ ਦੋ ਭਰਾਵਾਂ 'ਤੇ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਸੁਰੂ ਕਰ ਦਿੱਤੀ ਹੈ। ਅਮਨ ਕਾਨੂਨ ਬਣਾਏ ਰੱਖਣ ਲਈ ਵੱਡੀ ਤਾਦਾਦ 'ਚ ਡੇਰੇ ਦੇ ਬਾਹਰ ਪੁਲਸ ਤਇਨਾਤ ਸੀ। ਜਦੋਂ ਬੀਬੀ ਸ਼ੇਰਗਿਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਨੰਬਰ ਵਿਅਸਥ ਆ ਰਿਹਾ ਸੀ ਇਸ ਕਾਰਨ ਗੱਲ ਨਹੀਂ ਹੋ ਸਕੀ ਅਤੇ ਬਾਅਦ 'ਚ ਪਤਾ ਲੱਗਾ ਕਿ ਬੀਬੀ ਬੀ.ਪੀ. ਕਾਰਨ ਬਰਨਾਲਾ ਹਸਪਤਾਲ 'ਚ ਜੇਰੇ ਇਲਾਜ ਹੈ।
ਮੁਕਤਸਰ 'ਚ ਸਨਸਨੀਖੇਜ਼ ਵਾਰਦਾਤ, ਪੁੱਤ ਵਲੋਂ ਪਿਉ ਦਾ ਕਤਲ
NEXT STORY