ਭਗਤਾ ਭਾਈ (ਢਿੱਲੋਂ) - ਸ਼ਹਿਰ 'ਚੋਂ ਲੰਘਦੀ ਮੇਨ ਵੱਡੀ ਸੜਕ ਬਾਜਾਖਾਨਾ-ਬਰਨਾਲਾ, ਜਿਸ 'ਤੇ ਕਰੀਬ 100 ਤੋਂ ਵਧੇਰੇ ਬੱਸਾਂ ਦੇ ਫਰੀਦਕੋਟ-ਚੰਡੀਗੜ੍ਹ, ਜੈਤੋ-ਬਰਨਾਲਾ, ਲੁਧਿਆਣਾ ਆਦਿ ਰੂਟ ਚੱਲਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਵ੍ਹੀਕਲ ਟਰੱਕ, ਕਾਰਾਂ, ਟਰੈਕਟਰ ਆਦਿ ਇਥੋਂ ਦੀ ਹਮੇਸ਼ਾ ਲੰਘਦੇ ਹਨ। ਦੋ-ਪਹੀਆ ਵਾਹਨਾਂ ਦੀ ਤਾਂ ਗਿਣਤੀ ਕਰਨਾ ਹੀ ਮੁਸ਼ਕਲ ਹੈ, ਜੋ ਬੇ-ਹਿਸਾਬੇ ਹੀ ਲੰਘ ਰਹੇ ਹਨ। ਇਸ ਸੜਕ ਨੂੰ ਚੌੜੀ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ ਕਰੀਬ 7-8 ਮਹੀਨੇ ਪੁੱਟਦੇ ਹੋ ਗਏ ਹਨ, ਕੁਝ ਥਾਵਾਂ 'ਤੇ ਠੇਕੇਦਾਰਾਂ ਵੱਲੋਂ ਸੜਕ ਨੂੰ ਉੱਚੀ ਕਰਨ ਲਈ ਮਿੱਟੀ ਪਾ ਕੇ ਉੱਪਰ ਮਿੱਟੀ ਅਤੇ ਪੱਥਰ ਦੇ ਟੁਕੜੇ ਮਿਕਸ ਕਰ ਕੇ ਪਾ ਦਿੱਤੇ ਗਏ ਹਨ ਜੋ ਸੁੱਕ ਕੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ ਪਰ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ ਕਿਸੇ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ। ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਇਸ ਸੜਕ ਨੂੰ ਜਲਦੀ ਨੇਪਰੇ ਚਾੜ੍ਹਨ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸੜਕ ਜਲਦੀ ਨਹੀਂ ਬਣਦੀ ਤਾਂ ਸੜਕ 'ਤੇ ਪਏ ਵੱਡੇ-ਵੱਡੇ ਖੱਡਿਆਂ ਨੂੰ ਮਿੱਟੀ, ਪੱਥਰ ਦੀ ਥਾਂ ਲੁੱਕ-ਬੱਜਰੀ ਨਾਲ ਪੂਰਿਆ ਜਾਵੇ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਕੀ ਕਹਿਣਾ ਹੈ ਹਲਕਾ ਵਿਧਾਇਕ ਦਾ?
ਇਸ ਸਬੰਧੀ ਜਦੋਂ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਸੜਕ 'ਤੇ ਇਕ ਵੀ ਵਾਰ ਲੁੱਕ ਜਾਂ ਪ੍ਰੀਮਿਕਸ ਨਹੀਂ ਪਾਇਆ, ਜਿਸ ਕਾਰਨ ਸੜਕ ਦਾ ਬਹੁਤ ਬੁਰਾ ਹਾਲ ਹੈ ਜੋ ਹੁਣ ਇਸ ਦੇ ਕੰਮ ਜਲਦੀ ਚਾਲੂ ਕਰਵਾ ਕੇ ਇਸ ਨੂੰ ਬਹੁਤ ਜਲਦੀ ਬਣਾਇਆ ਜਾਵੇਗਾ।
ਕੀ ਕਹਿਣਾ ਹੈ ਐੱਸ. ਡੀ. ਐੱਮ. ਸਾਹਿਬ ਦਾ?
ਇਸ ਸਬੰਧੀ ਰਾਮਪੁਰਾ ਫੂਲ ਦੇ ਐੱਸ. ਡੀ. ਐੱਮ. ਸੁਭਾਸ਼ ਚੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਤਾ ਕਰਦੇ ਹਾਂ, ਜਿਸ ਕਾਰਨ ਵੀ ਕੰਮ ਰੁਕਿਆ ਹੋਇਆ ਹੈ, ਨੂੰ ਚਾਲੂ ਕਰਵਾ ਕੇ ਲੋਕਾਂ ਦੀ ਸਮੱਸਿਆ ਜਾ ਜਲਦੀ ਹੱਲ ਕੀਤਾ ਜਾਵੇਗਾ।
ਪੰਜਾਬ ਦਾ ਇਹ ਗੱਭਰੂ ਆਪਣੇ ਹੈਰਾਨੀਜਨਕ ਕਾਰਨਾਮਿਆਂ ਨਾਲ ਅੰਤਰਰਾਸ਼ਟਰੀ ਮੀਡੀਆ 'ਤੇ ਵੀ ਬਟੌਰ ਰਿਹੈ ਸੁਰਖੀਆਂ
NEXT STORY